
ਪੰਜਾਬ ਨੂੰ ਹਰਿਆ-ਭਰਿਆ ਕਰਨ ਦਾ ਚੁੱਕਿਆ ਬੀੜਾ
24 ਘੰਟਿਆਂ ਵਿੱਚ ਅਣਗਿਣਤ ਪੌਦੇ ਲਗਾ ਕੇ ਬਣਾਇਆ ਜਾਵੇਗਾ ਵਿਸ਼ਵ ਰਿਕਾਰਡ - ਸੈਣੀ
ਆਪਣਾ ਪੰਜਾਬ ਫਾਊਂਡੇਸ਼ਨ ਜੋ ਕਿ ਸਿਹਤ, ਸਿੱਖਿਆ ਅਤੇ ਵਾਤਾਵਰਨ ਦੀ ਸੰਭਾਲ ਦੇ ਵਿਸ਼ਿਆਂ ਨੂੰ ਲੈ ਕੇ ਬਣੀ ਹੈ, ਵੱਲੋਂ ਵੱਖ ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਜਿਸ ਤਹਿਤ ਫਾਊਂਡੇਸ਼ਨ ਵੱਲੋਂ 12 ਸਤੰਬਰ 2022 ਨੂੰ ਲੱਖਾਂ ਪੌਦੇ ਲਗਾਏ ਜਾਣਗੇ। ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਸ਼ੁਰੂ ਕੀਤੇ ਮਿਸ਼ਨ ਹਰਿਆਲੀ—2022 ਨਾਂ ਦੀ ਇਸ ਮੁਹਿੰਮ ਦਾ ਸਾਥ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਅਤੇ ਹੋਰ ਸੰਸਥਾਵਾਂ ਦੇ ਰਹੀਆਂ ਹਨ। ਜਾਣਕਾਰੀ ਦਿੰਦੇ ਹੋਏ ਸਟੇਟ ਕਨਵੀਨਰ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਪੰਜਾਬ ਭਰ ਦੇ ਸਕੂਲਾਂ ਦੇ ਵਿਦਿਆਰਥੀ, ਅਧਿਆਪਕ, ਪ੍ਰਿੰਸੀਪਲ ਅਤੇ ਮੈਨੇਜਮੈਂਟ ਹਿੱਸਾ ਲੈਣਗੇ। ਹਰ ਇੱਕ ਵਿਦਿਆਰਥੀ ਇੱਕ—ਇੱਕ ਪੌਦਾ ਲਗਾਵੇਗਾ ਅਤੇ ਉਸ ਦੀ ਸੰਭਾਲ ਕਰੇਗਾ। ਇਸ ਮੁਹਿੰਮ ਵਿੱਚ ਵਿਦਿਆਰਥੀਆਂ ਦੇ ਮਾਪੇ ਵੀ ਭਾਗ ਲੈਣਗੇ। ਇਸ ਮੁਹਿੰਮ ਦਾ ਮੁੱਖ ਕਾਰਨ ਵਿਦਿਆਰਥੀਆਂ ਅੰਦਰ ਵਾਤਾਵਰਨ ਪ੍ਰੇਮ ਅਤੇ ਸੰਭਾਲ ਲਈ ਜਾਗਰੁਕਤਾ ਪੈਦਾ ਕਰਨਾ ਹੈ। ਕਿਉਂਕਿ ਸਮੇਂ ਦੀ ਲੋੜ ਅਨੁਸਾਰ ਬਹੁ ਗਿਣਤੀ ਵਿੱਚ ਪੇੜ ਪੌਦੇ ਲਗਾਉਣ ਤੇ ਉਹਨਾਂ ਦੀ ਸੰਭਾਲ ਕਰਨ ਦੀ ਜਰੂਰਤ ਹੈ। ਅਗਰ ਵਿਦਿਆਰਥੀਆਂ ਵਿੱਚ ਵਾਤਾਵਰਨ ਦੀ ਸੰਭਾਲ ਕਰਨ ਦੀ ਆਦਤ ਛੋਟੀ ਉਮਰ ਚ ਹੀ ਪੈ ਜਾਏਗੀ ਤਾਂ ਉਹ ਅੱਗੇ ਚੱਲ ਕੇ ਪੰਜਾਬ ਨੂੰ ਹਰਿਆ ਭਰਿਆ ਰੱਖਣਗੇ ਤੇ ਆਉਣ ਵਾਲੀ ਪੀੜੀ ਲਈ ਮਿਸਾਲ ਕਾਇਮ ਕਰਨਗੇ। ਸਕੂਲਾਂ ਤੋਂ ਇਹ ਮੁਹਿੰਮ ਸ਼ੁਰੂ ਕਰਨ ਦਾ ਮੁੱਖ ਮੰਤਵ ਇਹ ਵੀ ਹੈ ਕਿ ਸਕੂਲ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਪੜਦੇ ਹਨ ਤੇ ਉਹਨਾਂ ਸੇ ਮਾਪੇ ਵੀ ਇਸ ਮੁਹਿੰਮ ਦਾ ਹਿੱਸਾ ਬਣ ਜਾਣਗੇ ਤੇ ਸਕੂਲਾਂ ਵਿੱਚ ਕੰਮ ਕਰਦੇ ਕਰਮਚਾਰੀ ਵੀ ਇਸ ਮੁਹਿੰੰਮ ਦਾ ਹਿੱਸਾ ਬਣਕੇ ਆਪਣਾ ਯੋਗਦਾਨ ਦੇ ਸਕਦੇ ਹਨ। 11 ਸਤੰਬਰ ਦਿਨ ਐਤਵਾਰ ਨੂੰ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀ ਆਪਣੇ ਮਾਤਾ ਪਿਤਾ ਦੇ ਨਾਲ ਆਪਣੀ ਮਨਪਸੰਦ ਜਗ੍ਹਾਂ ਉਪਰ ਇੱਕ ਪੌਦਾ ਲਗਾਉਣਗੇ ਜਿਸ ਦੀ ਫੋਟੋ ਅਤੇ ਲੋਕੇਸ਼ਨ ਉਹ ਫਾਊਂਡੇਸ਼ਨ ਵੱਲੋਂ ਬਣਾਈ ਐਪ ਉੱਪਰ ਸਾਂਝੀ ਕਰਨਗੇ। 12 ਸਤੰਬਰ ਨੂੰ ਛੇਵੀਂ ਤੋਂ ਬਾਰਵੀਂ ਕਲਾਸ ਤੱਕ ਦੇ ਵਿਦਿਆਰਥੀ ਸਕੂਲ ਸਟਾਫ ਨਾਲ ਮਿਲ ਕੇ ਵੱਖ ਵੱਖ ਥਾਵਾਂ ਉੱਪਰ ਪੌਦੇ ਲਗਾਉਣਗੇ। ਇਸ ਵਿਸ਼ਵ ਰਿਕਾਰਡ ਬਣਾਏ ਜਾਣ ਦੀ ਮੁਹਿੰਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਟੀਫਿਕੇਟ ਵੰਡੇ ਜਾਣਗੇ ਜਿਹਨਾਂ ਦਾ ਜ਼ਿਕਰ ਉਹਨਾਂ ਦੇ ਰਿਪੋਰਟ ਕਾਰਡ ਵਿੱਚ ਹੋਵੇਗਾ। ਇਹ ਪੌਦੇ ਪੰਚਾਇਤੀ ਜਮੀਨਾਂ, ਸੜਕਾਂ ਦੇ ਆਸੇ ਪਾਸੇ, ਪਾਰਕਾਂ ਅਤੇ ਸੰਸਥਾਵਾਂ ਵਿੱਚ ਉਹਨਾਂ ਦੀ ਆਗਿਆ ਲੈ ਕੇ ਲਗਾਏ ਜਾਣਗੇ। 11 ਅਤੇ 12 ਸਤੰਬਰ ਨੂੰ ਲਗਾਏ ਜਾਣ ਵਾਲੇ ਪੌਦਿਆਂ ਦੀ ਗਿਣਤੀ ਲੱਖਾਂ ਵਿੱਚ ਹੋਵੇਗੀ ਜਿਸ ਨਾਲ ਵਿਸ਼ਵ ਰਿਕਾਰਡ ਬਣੇਗਾ। ਇਹਨਾਂ ਦਰੱਖਤਾਂ ਵਿੱਚ ਜਿਆਦਾ ਤਰ ਫਲਾਂ ਵਾਲੇ ਦਰਖਤ ਲਗਾਏ ਜਾਣਗੇ ਜਿਵੇਂ ਦੇਸੀ ਅੰਬ, ਜਾਮਣ, ਅਮਰੂਦ, ਬੇਰੀ। ਇਸ ਤੋਂ ਇਲਾਵਾ ਕਈ ਦਵਾਈਆਂ ਵਾਲੇ ਬੂਟੇ ਵੀ ਲਗਾਏ ਜਾਣਗੇ ਜਿਵੇਂ ਕਿ ਸੋਹਜਨਾ, ਹਰੜ, ਬਹੇੜਾ, ਨਿੰਮ, ਅਰਜੁਨ ਆਦਿ। ਬਾਕੀ ਵਿਦਿਆਰਥੀ, ਮਾਪੇ ਅਤੇ ਸਕੂਲ ਮੈਨੇਜਮੈਂਟ ਜਿਹੜੇ ਵੀ ਉਪਲਬਧ ਬੂਟੇ ਹੋਣੇ ਉਹ ਲਗਾਏ ਜਾਣਗੇ ਜਿਵਂ ਕਿ ਪਿੱਪਲ, ਬੋਹੜ, ਟਾਹਲੀ, ਡੇਕ, ਢੱਕ, ਚੰਦਨ, ਲਸੂੜਾ, ਸਾਗਵਾਨ, ਕਿੱਕਰ ਆਦਿ। ਇਹ ਇੱਕ ਨਿਵੇਕਲੀ ਮੁਹਿੰਮ ਹੋਵੇਗੀ ਜਿਸ ਵਿੱਚ ਅਣਗਿਣਤ ਬੂਟੇ 24 ਘੰਟਿਆਂ ਦੇ ਵਿੱਚ ਲਗਾਏ ਜਾਣਗੇ।