Latest News & Updates

ਫੈਪ ਸਟੇਟ ਐਵਾਰਡ 2021 ਦਾ ਸੂਬਾ ਪੱਧਰੀ ਸਮਾਗਮ ਯਾਦਗਾਰੀ ਹੋ ਨਿੱਬੜਿਆ

ਪੰਜਾਬ ਦੇ ਪੰਜ ਲੱਖ ਪਰਿਵਾਰਾਂ ਨੂੰ ਰੁਜਗਾਰ ਦੇ ਰਹੀਆਂ ਹਨ ਪ੍ਰਾਈਵੇਟ ਸਿੱਖਿਅਕ ਸੰਸਥਾਵਾਂ : ਡਾ. ਜਗਜੀਤ ਸਿੰਘ ਧੂਰੀ ਨਿੱਜੀ ਸਕੂਲਾਂ ਦੇ ਅਧਿਆਪਕਾਂ ਦੀ ਹੌਸਲਾ ਅਫ਼ਜਾਈ ਕਰਨਾ ਸ਼ਲਾਘਾਯੋਗ ਕਦਮ : ਸਤਨਾਮ ਸੰਧੂ

ਪੰਜਾਬ ਦੇ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿੱਚ ਕੰਮ ਕਰਦੇ ਅਧਿਆਪਕਾਂ, ਪ੍ਰਿੰਸੀਪਲਾਂ ਦਾ ਮਨੋਬਲ ਵਧਾਉਣ ਲਈ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸ਼ੋਸ਼ੀਏਸ਼ਨ ਪੰਜਾਬ ਵੱਲੋਂ ਸ਼ੁਰੂ ਕੀਤੇ ਐਵਾਰਡਾਂ ਤਕਸੀਮ ਕਰਨ ਲਈ ਕਰਵਾਇਆ ਗਿਆ ਪਲੇਠਾ ਸਮਾਗਮ ਚੰਡੀਗੜ ਯੂਨੀਵਰਸਿਟੀ ਘੜੂਆ ਦੇ ਕੈਂਪਸ ਵਿੱਚ ਯਾਦਗਾਰੀ ਹੋ ਨਿੱਬੜਿਆ।
ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਵਿਸ਼ਵ ਭਰ ਵਿੱਚ ਪਹਿਲੀ ਵਾਰ ਸ਼ੁਰੂ ਕੀਤੇ ਗਏ ਇਸ ਐਵਾਰਡ ਸਮਾਗਮ ਦੌਰਾਨ ਪੰਜਾਬ ਦੇ ਬੇਹਤਰੀਨ ਨਿੱਜੀ ਸਕੂਲਾਂ ਬੈਸਟ ਸਕੂਲ ਦੀਆਂ ਵੱਖ-ਵੱਖ ਕੈਟਾਗਿਰੀਆਂ ਅਧੀਨ ਅਪਲਾਈ ਕੀਤਾ ਸੀ ਅਤੇ ਪੰਜਾਬ ਦੇ ਤਜਰਬੇਕਾਰ ਮੁੱਖ ਅਧਿਆਪਕਾਂ, ਡਾਇਨਾਮਿਕ ਪ੍ਰਿੰਸੀਪਲ ਐਵਾਰਡ ਲਈ ਅਪਲਾਈ ਕੀਤਾ ਸੀ। ਇਸ ਸਮਾਗਮ ਦੇ ਪਹਿਲੇ ਪੜਾਅ ਵਿੱਚ ਹਰਿਆਣਾ ਦੇ ਰਾਜਪਾਲ ਸ੍ਰੀ ਬੰਦਾਰੂ ਦੱਤਤਾਤਰੇ ਨੇ ਬਤੌਰ ਮੁੱਖ ਮਹਿਮਾਨ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਨਾਮਵਰ ਲੇਖਕ ਪਦਮ ਸ੍ਰੀ ਐਵਾਰਡੀ ਡਾ. ਸੁਰਜੀਤ ਪਾਤਰ ਨੇ ਬਤੌਰ ਵਿਸ਼ੇਸ਼ ਮਹਿਮਾਨਾਂ ਵੱਜੋਂ ਸ਼ਮੂਲੀਅਤ ਕੀਤੀ।
ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਪਹਿਲੀ ਕਿਸਮ ਦੇ ਐਵਾਰਡ ਹਨ, ਜਿੰਨਾਂ ਵਿੱਚ ਸਕੂਲਾਂ ਅਤੇ ਪ੍ਰਿੰਸੀਪਲਾਂ ਦੀ ਕਾਰਜੁਗਜਾਰੀ ਦੀ ਇੱਕ ਨਿਰਪੱਖ ਏਜੰਸੀ ਵੱਲੋਂ ਸੰਪੂਰਨ ਘੋਖ ਪੜਤਾਲ ਉਪਰੰਤ ਐਵਾਰਡ ਤਕਸੀਮ ਕੀਤੇ ਜਾ ਰਹੇ ਹਨ। ਇਸ ਐਵਾਰਡ ਸਮਾਰੋਹ ਦੌਰਾਨ 571 ਸਕੂਲਾਂ ਅਤੇ 130 ਪ੍ਰਿੰਸੀਪਲਾਂ ਨੂੰ ਸਨਮਾਨਿਤ ਕੀਤਾ ਗਿਆ। ਹਰ ਸਕੂਲ ਦਾ ਮੁਕਾਬਲਾ ਆਪਣੇ ਆਪ ਨਾਲ ਸੀ, ਜਿਸ ਤਹਿਤ ਉਨਾਂ ਨੂੰ ਚਾਰ ਗਰੇਡਾਂ ਵਿੱਚ ਵੰਡਿਆ ਗਿਆ। ਇਸ ਮੌਕੇ ਫੈਡਰੇਸ਼ਨ ਵੱਲੋਂ 41 ਸਾਲਾਂ ਬਾਅਦ ਉਲੰਪਿਕ ਦੀ ਜਿੱਤੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਸਮੂਹ ਟੀਮ ਦਾ ਸਨਮਾਨ ਵੀ ਕੀਤਾ ਗਿਆ
ਐਵਾਰਡ ਦੇ ਦੂਸਰੇ ਪੜਾਅ ਵਿੱਚ ਜਸਟਿਸ ਮਹੇਸ਼ ਗਰੋਵਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ, ਜਦਕਿ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਸਵਤੰਤਰ ਕੁਮਾਰ ਨੇ ਵਰਚੁਅਲ ਹਾਜਰੀ ਦਰਜ਼ ਕਰਵਾਈ। ਡਾ. ਜਗਜੀਤ ਸਿੰਘ ਨੇ ਪੰਜਾਬ ਦੇ ਸਿੱਖਿਆ ਜਗਤ ਵਿਚ ਪ੍ਰਾਈਵੇਟ ਸਕੂਲਾਂ ਦੇ ਵੱਡਮੁੱਲੇ ਯੋਗਦਾਨ ਬਾਰੇ ਬੋਲਦਿਆਂ ਕਿਹਾ ਕਿ ”ਅਸੀਂ ਹਾਂ ਪੰਜਾਬ ਦੇ ਨੰਬਰ 1 ਸਕੂਲ- ਅਸੀਂ ਦਿੱਤਾ ਹੈ ਘਰ-ਘਰ ਰੋਜਗਾਰ” ਉਨਾ ਕਿਹਾ ਕਿ ਕਰੀਬ 5 ਲੱਖ ਪਰਿਵਾਰਾਂ ਨੂੰ ਪੰਜਾਬ ਦੀਆਂ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਵਿੱਚ ਰੁਜਗਾਰ ਮੁਹੱਈਆਂ ਹੋਇਆ ਹੈ।
ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੇ ਫੈਡਰੇਸ਼ਨ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫੈਡਰੇਸ਼ਨ ਦਾ ਇਹ ਉਪਰਾਲਾ ਜਿੱਥੇ ਪ੍ਰਾਈਵੇਟ ਅਧਿਆਪਕਾਂ ਦਾ ਮਨੋਬਲ ਉੱਚਾ ਕਰੇਗਾ, ਉਥੇ ਉਨਾਂ ਅੰਦਰ ਕੰਮ ਕਰਨ ਦੀ ਹੋਰ ਵਧੇਰੇ ਸ਼ਕਤੀ ਪ੍ਰਫੱਲਤ ਕਰੇਗਾ, ਜਿਸ ਲਈ ਫੈਡਰੇਸ਼ਨ ਵਧਾਈ ਦੀ ਪਾਤਰ ਹੈ।
ਸਤਨਾਮ ਸਿੰਘ ਸੰਧੂ ਚਾਂਸਲਰ ਚੰਡੀਗੜ ਯੂਨੀਵਰਸਿਟੀ ਨੇ ਆਪਣੇ ਸੰਬੋਧਨ ਵਿੱਚ ਫੈਡਰੇਸ਼ਨ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਅਧਿਆਪਕਾਂ ਦਾ ਮਨੋਬਲ ਵਧਾਉਣ ਲਈ ਫੈਡਰੇਸ਼ਨ ਦੇ ਅਜਿਹੇ ਕਾਰਜਾਂ ਲਈ ਭਵਿੱਖ ਵਿੱਚ ਹਮੇਸ਼ਾ ਲਈ ਆਪਣਾ ਕੈਂਪਸ ਦੇਣ ਦਾ ਐਲਾਨ ਵੀ ਕੀਤਾ।
ਫੈਡਰੇਸ਼ਨ ਦੇ ਸੀਨੀਅਰ ਆਗੂ ਸੰਜੀਵ ਸੈਣੀ, ਸੰਜੇ ਗੁਪਤਾ, ਸੁਖਜਿੰਦਰ ਸਿੰਘ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਫੈਡਰੇਸ਼ਨ ਦੇ ਜਿਲਾ ਪੱਧਰੀ ਕੋਰ ਕਮੇਟੀਆਂ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਜਿਲਾ ਮੋਗਾ ਦੇ ਪ੍ਰਤੀਨਿਧੀ ਦਵਿੰਦਰਪਾਲ ਸਿੰਘ ਰਿੰਪੀ, ਸੰਜੀਵ ਕੁਮਾਰ ਸੈਣੀ, ਕੁਲਵੰਤ ਸਿੰਘ ਦਾਨੀ, ਸਤਵੰਤ ਸਿੰਘ ਦਾਨੀ, ਨਰ ਸਿੰਘ ਬਰਾੜ ਤੇ ਕੁਲਦੀਪ ਸਹਿਗਲ ਨੇ ਦੱਸਿਆ ਕਿ ਸਾਰੇ ਸਕੂਲ ਫੈਡਰੇਸ਼ਨ ਦੇ ਇਸ ਐਵਾਰਡ ਫੰਕਸ਼ਨ ਤੋਂ ਬਹੁਤ ਖੁਸ਼ ਹਨ ਅਤੇ ਸੰਤੁਸਟ ਹਨ। ਫੈਡਰੇਸ਼ਨ ਵੱਲੋਂ ਪ੍ਰਾਈਵੇਟ ਅਧਿਅਪਾਕਾਂ ਨੂੰ ਐਵਾਰਡ ਦੇਣ ਦੀ ਇਸ ਪਾਈ ਪਿਰਤ ਦੀ ਚੁਫੇਰਿਓ ਸ਼ਲਾਘਾ ਕੀਤੀ ਜਾ ਰਹੀ ਹੈ। ਸਮਾਗਮ ਦੀ ਸਫ਼ਲਤਾ ਤੋਂ ਬਾਅਦ ਸੂਫੀ ਗਾਇਕ ਕੰਵਰ ਗਰੇਵਾਲ ਨੇ ਸਰੋਤਿਆਂ ਦਾ ਮੰਨੋਰੰਜਨ ਕੀਤਾ। 2 ਅਕਤੂਬਰ ਨੂੰ ਅਧਿਆਪਕ ਅੇਵਾਰਡ ਤਕਸੀਮ ਕਰਨ ਦਾ ਵਾਅਦਾ ਕਰਦਿਆਂ ਇਹ ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ।