Latest News & Updates

ਫੈਪ ਨੈਸ਼ਨਲ ਐਵਾਰਡ ਦਾ ਪਹਿਲਾ ਦਿਨ ਯਾਦਗਾਰੀ ਹੋ ਨਿਬੜਿਆ

ਮੁੱਖ ਮਹਿਮਾਨ ਵਜੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ, ਕੁਲਵੰਤ ਸਿੰਘ ਧਾਲੀਵਾਲ ਵਰਲਡ ਕੇਅਰ ਕੈਂਸਰ ਸੁਸਾਇਟੀ ਦੇ ਚੇਅਰਮੈਨ, ਫਿਲਮ ਅਦਾਕਾਰਾ ਸੁਨੀਤਾ ਧੀਰ ਅਤੇ ਉਘੇ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਕੀਤੀ ਵਿਸ਼ੇਸ਼ ਸ਼ਿਰਕਤ

ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਪੰਜਾਬ ਸਕੂਲ ਦੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਪਿਛਲੇ ਸਮਾਗਮ ਵਿਚ ਫੈਡਰੇਸ਼ਨ ਨੇ ਸਕੂਲਾਂ ਤੇ ਪ੍ਰਿੰਸੀਪਲਾਂ ਨੂੰ ਉਤਸ਼ਾਹਿਤ ਕਰਨ ਲਈ ਉਪਰਾਲਾ ਕੀਤਾ ਸੀ, ਜੋ ਕਿ ਯਾਦਗਾਰੀ ਹੋ ਨਿਬੜਿਆ ਸੀ। ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੈਅੰਤੀ ਨੂੰ ਸਮਰਪਿਤ ਫੈਡਰੇਸ਼ਨ ਵੱਲੋਂ ਪ੍ਰਾਈਵੇਟ ਸਕੂਲਾਂ ਦੇ ਟੀਚਰਾਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਲਈ ਇਕ ਵਿੱਲਖਣ ਐਵਾਰਡ ਦੀ ਘੋਸ਼ਣਾ ਕੀਤੀ। ਜਿਸ ਵਿਚ ਭਾਰਤ ਦੇ 16 ਸੂਬਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਟੀਚਰਾਂ ਨੇ ਆਪਣੀ-ਆਪਣੀ ਪ੍ਰਤਿਭਾ ਅਤੇ ਟੀਚਿੰਗ ਸਕਿੱਲ ਦੇ ਅਨੁਸਾਰ ਆਪਣੀ-ਆਪਣੀ ਵੀਡਿਓ ਫੈਡਰੇਸ਼ਨ ਨੂੰ ਭੇਜੀ ਅਤੇ ਅਧਿਆਪਕਾਂ ਨੇ ਆਪਣੀਆਂ ਪੜ੍ਹਾਉਣ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਫੈਡਰੇਸ਼ਨ ਨੂੰ ਮੁੱਹਈਆ ਕਰਵਾਈ। ਇਸਦੀ ਗੁਣਵੱਤਾ ਨੂੰ ਵੇਖਦੇ ਹੋਏ ਫੈਡਰੇਸ਼ਨ ਵੱਲੋਂ ਬਣਾਈ ਗਈ ਉੱਚ ਪੱਧਰੀ ਟੀਮ ਜਿਸ ਵਿਚ ਉਚੇਚੇ ਤੌਰ ਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਮੁੱਖ ਯੋਗਦਾਨ ਪਾਉਂਦੇ ਹੋਏ ਬੈਸਟ ਟੀਚਰ ਦੇ ਨਾਮਾਂ ਨੂੰ ਫਾਈਨਲ ਕੀਤਾ। ਕਿਉਂਕਿ ਅਧਿਆਪਕਾਂ ਦੀ ਗਿਣਤੀ ਜਿਆਦਾ ਹੋਣ ਕਰਕੇ ਉਹਨਾਂ ਨੂੰ ਇਕ ਦਿਨ ਵਿਚ ਸਨਮਾਨਿਤ ਕਰਨਾ ਮੁਨਾਸਿਬ ਨਹੀਂ ਸੀ, ਇਸ ਲਈ ਇਸ ਪ੍ਰੋਗਰਾਮ ਨੂੰ ਦੋ ਦਿਨਾਂ ਵਿਚ ਵੰਡਿਆ ਗਿਆ। ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਰਾਜਾ ਅਮਰਿੰਦਰ ਸਿੰਘ ਵੜਿੰਗ ਟਰਾਂਸਪੋਰਟਰ ਮੰਤਰੀ ਨੇ ਸ਼ਿਰਕਤ ਕੀਤੀ ਅਤੇ ਵਰਲਡ ਕੇਂਸਰ ਕੇਅਰ ਸੁਸਾਇਟੀ ਦੇ ਬ੍ਰਾਂਡ ਅਬੈਂਸਡਰ ਕੁਲਵੰਤ ਸਿੰਘ ਧਾਲੀਵਾਲ ਉਚੇਚੇ ਤੌਰ ਤੇ ਲੰਦਨ ਤੋਂ ਸਿੱਧਾ ਐਵਾਰਡ ਸਮਾਗਮ ਵਿਚ ਪੁੱਜੇ। ਇਸ ਮੌਕੇ ਉਘੇ ਸੂਫੀ ਗਾਇਕ ਸਤਿੰਦਰ ਸਰਤਾਜ ਤੇ ਐਕਟਰ ਸੁਨੀਤਾ ਧੀਰ ਵੀ ਐਵਾਰਡ ਸਮਾਗਮ ਵਿਖੇ ਟੀਚਰਾਂ ਨੂੰ ਉਤਸ਼ਾਹਿਤ ਕਰਨ ਲਈ ਪੁੱਜੇ। ਇਸ ਮੌਕੇ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਵਿਚਾਰ ਟੀਚਰਾਂ ਦੇ ਨਾਲ ਸਾਂਝੇ ਕਰਦਿਆ ਕਿਹਾ ਕਿ ਉਹਨਾਂ ਨੂੰ ਅੱਜ ਵੀ ਯਾਦ ਹੈ ਕਿ ਉਹਨਾਂ ਨੂੰ ਕਿਹੜੇ-ਕਿਹੜੇ ਟੀਚਰ ਨੇ ਪੜ੍ਹਾ ਕੇ ਇਸ ਕਾਬਲ ਬਣਾਇਆ ਹੈ, ਉਹਨਾਂ ਦਾ ਅਹਿਸਾਨ ਉਹ ਕਦੇ ਵੀ ਉਤਾਰ ਨਹੀਂ ਸਕਦੇ। ਉਹਨਾਂ ਟੀਚਰ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਠੀਕ ਹੈ ਕਿ ਤੁਸੀਂ ਅੰਗ੍ਰੇਜੀ ਭਾਸਾ ਨੂੰ ਮਹੱਤਵ ਦਿਉ, ਪਰ ਤੁੰਹਾਨੂੰ ਪੰਜਾਬ ਦੀ ਮਾਂ ਬੋਲੀ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਜਿਹਨਾਂ ਕੌਮਾਂ ਦੀ ਮਾਂ ਬੋਲੀ ਮਰ ਜਾਂਦੀ ਹੈ ਉਹ ਕੌਮਾਂ ਖਤਮ ਹੋ ਜਾਂਦੀਆਂ ਹਨ। ਟੀਚਰਾਂ ਦੀ ਇਕ ਪੁਰਜ਼ੋਰ ਮੰਗ ਤੇ ਗਾਇਕ ਸਤਿੰਦਰ ਸਰਤਾਜ ਨੇ ਕੁੱਝ ਮੁਖੜੇ ਗਾ ਕੇ ਵੀ ਸੁਣਾਏ। ਇਸ ਮੌਕੇ ਤੇ ਆਪਣੇ ਸੰਬੋਧਨ ਵਿਚ ਮੁੱਖ ਮਹਿਮਾਨ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੈਂ ਆਪਣੇ ਜੀਵਨ ਕਾਲ ਵਿਚ ਪਹਿਲੀ ਵਾਰ ਵੇਖ ਰਿਹਾ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਉਹਨਾਂ ਦੀ ਗੁਣਵੱਤਾ ਨੂੰ ਉੱਚਾ ਚੁੱਕਣ ਲਈ ਇਕ ਸਾਰਥਕ ਯਤਨ ਫੈਡਰੇਸ਼ਨ ਕਰ ਰਹੀ ਹੈ ਅਤੇ ਇਸਦੇ ਲਈ ਇਹਨਾਂ ਵੱਡਾ ਪ੍ਰੋਗ੍ਰਾਮ ਕਰ ਰਹੀ ਹੈ, ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ। ਉਹਨਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਰਦਾਰ ਸਤਨਾਮ ਸਿੰਘ ਸੰਧੂ ਨੂੰ ਵੀ ਇਸ ਪ੍ਰੋਗਰਾਮ ਵਿਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ ਅਤੇ ਉਹਨਾਂ ਬਾਰੇ ਕਿਹਾ ਕਿ ਤੁਸੀਂ ਵੀ ਪੰਜਾਬ ਵਿਚ ਯੂਨੀਵਰਸਿਟੀ ਬਣਾ ਕੇ ਪੰਜਾਬ ਦੇ ਨਾਂਅ ਨੂੰ ਚਾਰ ਚੰਨ੍ਹ ਲਾਏ ਹਨ। ਉਹਨਾਂ ਅੱਗੇ ਕਿਹਾ ਕਿ ਪੁਰਾਣੇ ਸਮੇਂ ਵਿਚ ਟਰਾਂਸਪੋਰਟ ਦੀ ਵਿਦਿਆਰਥੀਆਂ ਲਈ ਮੁਫਤ ਸਹੂਲਤ ਹੋਇਆ ਕਰਦੀ ਸੀ, ਜੋ ਕਿ ਹੁਣ ਨਹੀਂ ਹੈ। ਉਹਨਾਂ ਕਿਹਾ ਕਿ ਉਹ ਪੂਰਾ ਉਪਰਾਲਾ ਕਰਨਗੇ ਕਿ ਪ੍ਰਾਈਵੇਟ ਅਦਾਰਿਆਂ ਵਿਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਫਰੀ ਬੱਸ ਸੇਵਾ ਮੁੱਹਈਆ ਕਰਵਾਉਣਗੇ ਅਤੇ ਪ੍ਰਾਈਵੇਟ ਸਕੂਲਾਂ ਦੀ ਟਰਾਂਸਪੋਰਟ ਉੱਤੇ ਲੱਗਣ ਵਾਲੇ ਰੋਡ ਟੈਕਸ ਵਿਚ ਜਲਦੀ ਹੀ ਕੁੱਝ ਰਾਹਤ ਵੀ ਦੇਣਗੇ। ਫੈਡਰੇਸ਼ਨ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਫੈਡਰੇਸ਼ਨ ਦੀਆਂ ਪ੍ਰਾਪਤੀਆਂ ਉੱਪਰ ਚਾਨਣਾ ਪਾਇਆ ਅਤੇ ਕਿਹਾ ਕਿ ਉਹ ਵੱਚਨਵੱਧ ਹਨ ਪ੍ਰਾਈਵੇਟ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ, ਪਰ ਬਦਕਿਸਮਤੀ ਨਾਲ ਪਿਛਲੀਆਂ ਸੂਬਾ ਸਰਕਾਰਾਂ ਵੱਲੋਂ ਪ੍ਰਾਈਵੇਟ ਸਕੂਲਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਫੈਡਰੇਸ਼ਨ ਨੇ ਪੰਜਾਬ ਭਰ ਦੇ ਸਾਰੇ ਪ੍ਰਾਈਵੇਟ ਸਕੂਲ ਫੈਡਰੇਸ਼ਨ ਦੇ ਇਕ ਝੰਡੇ ਥੱਲੇ ਇੱਕਠੇ ਕਰ ਲਏ ਹਨ ਤੇ ਉਹ ਦਿਨ ਦੂਰ ਨਹੀਂ ਜਦੋਂ ਉਹ ਆਪਣੀ ਪ੍ਰਾਈਵੇਟ ਸਕੂਲਾਂ ਦੀਆਂ ਮੰਗਾਂ ਨੂੰ ਪੂਰੇ ਜ਼ੋਰ ਨਾਲ ਅਤੇ ਪੂਰੀ ਤਾਕਤ ਨਾਲ ਸਰਕਾਰ ਮੂਹਰੇ ਰੱਖਣਗੇ। ਉਚੇਤੇ ਤੌਰ ਤੇ ਪੁੱਜੇ ਕੁਲਵੰਤ ਸਿੰਘ ਧਾਲੀਵਾਲ ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ ਅਧਿਆਪਕ ਨੂੰ ਸਨਮਾਨਤ ਕਰਨਾ ਸਮਾਜ ਨੂੰ ਸਨਮਾਨਤ ਕਰਨ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਮੈ ਜੇਕਰ ਕੈਂਸਰ ਦੀ ਗੱਲ ਕਰਾਂ ਤਾਂ ਇਸਦਾ ਮੈਂ ਗਲੋਬਲ ਅਬੈਂਸਡਰ ਹਾਂ ਤਾਂ ਉਸਨੂੰ ਰੋਕਣ ਲਈ ਜੇਕਰ ਕੋਈ ਵੱਡਾ ਯੋਗਦਾਨ ਪਾ ਸਕਦਾ ਹੈ ਤਾਂ ਉਹ ਟੀਚਰ ਹਨ। ਕਿਉਂਕਿ ਜੇਕਰ ਇਕ ਟੀਚਰ ਆਪਣੇ 30 ਤੋਂ 40 ਬੱਚਿਆ ਨੂੰ ਇਸ ਪ੍ਰਤੀ ਜਾਗਰੂਕ ਕਰ ਦੇਣਗੇ ਤਾਂ ਉਹ 40 ਬੱਚੇ 40 ਪਰਿਵਾਰਾਂ ਨਾਲ ਜੁੜੇ ਹੋਣ ਕਰਕੇ ਕੈਂਸਰ ਪ੍ਰਤੀ ਸੁਚੇਤ ਹੋ ਜਾਣਗੇ। ਉਹਨਾਂ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਸਮੇਂ ਦੇ ਮੁਤਾਬਕ ਆਪਣੇ ਆਪ ਵਿਚ ਤਬਦੀਲੀ ਲੈ ਕੇ ਆਉਣ ਅਤੇ ਸਮੇਂ ਦੀ ਲੋੜ ਮੁਤਾਬਕ ਕੰਮ ਕਰਨ। ਉਹਨਾਂ ਕਿਹਾ ਕਿ ਅੱਜ ਦੇ ਸਮਾਜ ਵਿਚ ਲੋਕਾਂ ਨੂੰ ਆਪਣੀ ਦਾਨ ਦੀ ਦਿਸ਼ਾ ਬਦਲਣ ਦੀ ਲੋੜ ਹੈ। ਉਹਨਾਂ ਉਦਾਹਰਨ ਦਿੰਦੇ ਹੋਏ ਕਿਹਾ ਕਿ ਇਸ ਪੰਡਾਲ ਵਿਚ ਜੇਕਰ ਕੋਈ ਬੀਮਾਰ ਹੋ ਜਾਵੇ ਤਾਂ ਪਹਿਲਾਂ ਉਸਨੂੰ ਮੰਦਰ, ਗੁਰਦੁਆਰਾ ਸਾਹਿਬ ਲੈ ਕੇ ਜਾਵਾਂਗੇ ਜਾ ਹਸਪਤਾਲ ਲੈ ਕੇ ਜਾਇਆ ਜਾਵੇਗਾ, ਅੱਗੇ ਤੁਸੀਂ ਖੁਦ ਸਮਝਦਾਰ ਹੋ। ਇਸ ਤਰ੍ਹਾਂ ਫੈਡਰੇਸ਼ਨ ਦੇ ਬਾਕੀ ਦੇ ਅਹੁਦੇਦਾਰਾਂ ਨੇ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੇ ਹੋਏ ਫੈਪ ਨੈਸ਼ਨਲ ਟੀਚਰ ਐਵਾਰਡ ਵਿਚ ਚਾਰ ਚੰਨ੍ਹ ਲਾਏ। ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਸੰਜੇ ਗੁਪਤਾ, ਮੀਤ ਪ੍ਰਧਾਨ ਸੁਖਜਿੰਦਰ ਸਿੰਘ, ਪੰਜਾਬ ਦੇ ਲੀਗਲ ਕਨਵੀਨਰ ਸੰਜੀਵ ਕੁਮਾਰ ਸੈਣੀ, ਜੁਆਇੰਟ ਸਕਤਰ ਮਨਮੋਹਣ ਸਿੰਘ, ਸਕਤਰ ਭੂਪਿੰਦਰ ਸਿੰਘ ਪਟਿਆਲਾ, ਸੀਨੀਅਰ ਐਗਜੇਕਟਿਵ ਮੈਂਬਰ ਅਨਿਲ ਮਿੱਤਲ ਦੇ ਨਾਮ ਜਿਕਰਯੋਗ ਹਨ। ਆਖਿਰ ਵਿਚ ਇਸ ਸਮਾਗਮ ਦੇ ਪਹਿਲੇ ਦਿਨ ਦੀ ਸਮਾਪਤੀ ਨੂਰਾਂ ਸਿਸਟਰ ਵੱਲੋਂ ਆਪਣੇ ਗੀਤ-ਸੰਗੀਤ ਦੀ ਪੇਸ਼ਕਾਰੀ ਨਾਲ ਹੋਈ ਅਤੇ ਉਹਨਾਂ ਨੇ ਆਪਣੇ ਗਾਇਕੀ ਦੀ ਕਲਾਂ ਨਾਲ ਸਮੁੱਚੇ ਅਧਿਆਪਕ ਵਰਗ ਨੂੰ ਕੀਲ ਕੇ ਰੱਖ ਦਿੱਤਾ। ਜਿਕਰਯੋਗ ਹੈ ਕਿ ਇਸ ਸਮਾਗਮ ਦਾ ਲਾਈਵ ਪ੍ਰਸਾਰਨ ਚੰਡੀਗੜ੍ਹ ਯੂਨੀਵਰਸਿਟੀ ਦੇ ਪੋਰਟਲ ਤੋਂ ਹੋ ਰਿਹਾ ਸੀ, ਜਿਸਨੂੰ ਆਪਣੇ ਘਰਾਂ ਵਿਚ ਬੈਠਿਆ ਹੋਇਆ ਅਧਿਆਪਕ ਵਰਗ ਸਮੁੱਚੇ ਦੇਸ਼ ਵਿਚ ਵੇਖ ਰਹੇ ਸਨ। ਇਸ ਦੌਰਾਨ ਇਹ ਸਮਾਗਮ ਦਾ ਪਹਿਲਾਂ ਦਿਨ ਆਪਣੀ ਅਮਿਟ ਛਾਪ ਛੱਡਦਾ ਹੋਇਆ ਸਮਾਪਤ ਹੋਇਆ।