ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਵਿਖੇ ਅੱਜ, ਇਨਕਿਊਬੇਸ਼ਨ ਸੈਂਟਰ, ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ, ਚੰਡੀਗੜ੍ਹ ਦੇ ਮੁਖੀ ਸ਼੍ਰੀ ਚੇਤਨ ਸਹੋੜ, ਤੇ ਉਹਨਾਂ ਦੀ ਟੀਮ ਵੱਲੋਂ ਵਿਸ਼ੇਸ਼ ਦੌਰਾ ਕੀਤਾ ਗਿਆ। ਜਿਸ ਦੋਰਾਨ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ, ਚੰਡੀਗੜ੍ਹ, ਆਈ. ਆਈ. ਟੀ. ਰੂਪਨਗਰ, ਪੰਜਾਬ ਇੰਜਨੀਅਰਿੰਗ ਕਾਲਜ, ਚੰਡੀਗੜ੍ਹ ਅਤੇ ਪੰਜਾਬ ਯੁਨੀਵਰਸਟੀ, ਚੰਡੀਗੜ੍ਹ ਦੇ ਇੱਕ ਸਾਂਝੇ ਉਪਰਾਲੇ ਅਧੀਨ ਉੱਦਮਤਾ ਲਈ ਵਿਦਿਆਰਥੀਆਂ ਨੂੰ ਜਾਗਰੁਕ ਕੀਤਾ। ਜਿਸ ਵਿੱਚ ਸਕੂਲ ਦੇ ਸਟਾਫ ਸਮੇਤ 8ਵੀਂ ਤੋਂ 12ਵੀਂ ਦੇ ਲਗਭਗ 700 ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਦੌਰਾਨ ਉਹਨਾਂ ਨੇ ਭਾਰਤ ਦੇਸ਼ ਵਿੱਚ ਬੇਰੁਜ਼ਗਾਰੀ ਦੀ ਵੱਧ ਰਹੀ ਸਮੱਸਿਆ ਨੂੰ ਦਰਸਾਇਆ ਅਤੇ ਵਿਦਿਆਰਥੀਆਂ ਨੂੰ ‘ਉੱਦਮਤਾ’ ਦੇ ਜ਼ਰੀਏ ਇਸ ਸਮੱਸਿਆ ਨਾਲ ਨਜਿੱਠਣ ਦੇ ਬਿਹਤਰ ਤਰੀਕੇ ਨੂੰ ਸਮਝਣ ਅਤੇ ਚੁਣਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ ਸੁਵਿਧਾਜਨਕ ਬਣਾਉਣ ਲਈ ਚਰਚਾ ਕੀਤੀ ਅਤੇ ਸਟਾਰਟਅੱਪ ਦੇ ਨਾਲ ਪੰਜਾਬ ਅਤੇ ਭਾਰਤ ਨੂੰ ਆਰਥਿਕ ਤੌਰ ‘ਤੇ ਖੁਸ਼ਹਾਲ ਬਣਾਉਣ ਲਈ ਇਸਦੇ ਰੋਡਮੈਪ ਨੂੰ ਸਮਝਣ ਵਿੱਚ ਮਦਦ ਕੀਤੀ। ਉਹਨਾਂ ਦੱਸਿਆ ਕਿ “ਨੈਸ਼ਨਲ ਇਨੋਵੇਸ਼ਨ ਐਂਡ ਐਂਟਰਪ੍ਰਿਨਿਊਰਸ਼ਿਪ ਪ੍ਰੋਮੋਸ਼ਨ ਪ੍ਰੌਗਰਾਮ” (ਐਨ.ਆਈ.ਈ.ਪੀ.ਪੀ.) ਅਧੀਨ ਪੰਜਾਬ, ਹਰਿਆਣਾ, ਹਿਮਾਚਲ, ਉੱਤਰਪ੍ਰਦੇਸ਼ ਤੇ ਚੰਡੀਗੜ ਵਿੱਚੋਂ ਕੁੱਲ 30 ਸਕੂਲਾਂ ਦੀ ਚੋਣ ਕਰਕੇ ਉਹਨਾਂ ਵਿੱਚ ਪਰਸਨੈਲਟੀ ਡਿਵੈਲਪਮੈਂਟ ਸੈਂਟਰ ਦੀ ਸਥਾਪਨਾ ਕੀਤੀ ਜਾਣੀ ਹੈ ਤੇ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਇਸ ਸੈਂਟਰ ਲਈ ਬਲੂਮਿੰਗ ਬਡਜ਼ ਸਕੂਲ ਦੀ ਚੋਣ ਹੋਈ ਹੈ। ਇਸ ਪਹਿਲਕਦਮੀ ਤੋਂ ਬਾਅਦ ਦੇ ਪੜਾਅ ਵਿੱਚ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀ ਅਤੇ ਪੰਜਾਬ ਦੇ ਵਿਦਿਆਰਥੀ ਬਹੁਤ ਜਲਦੀ ਸਿੱਖਣਗੇ ਅਤੇ ਸਮਰੱਥ ਬਣਨ ਲਈ ਵਾਤਾਵਰਣ ਪ੍ਰਾਪਤ ਕਰਨਗੇ ਜਿਸ ਨਾਲ ਉਹ ਸਟਾਰਟਅੱਪ ਸਥਾਪਤ ਕਰਨਗੇ। ਇਹ ਪ੍ਰੋਗਰਾਮ ਖਾਸ ਤੌਰ ‘ਤੇ ਸਟਾਰਟਅੱਪਸ ਨੂੰ ਵਧਣ-ਫੁੱਲਣ ਵਿੱਚ ਮਦਦ ਕਰੇਗਾ। ਇਸ ਦੇ ਤਹਿਤ ਹੀ ਸ਼੍ਰੀ ਚੇਤਨ ਸਹੋੜ ਜੀ ਨੇ ਵਿਦਿਆਰਥੀਆਂ ਨੂੰ ਸਵੈ-ਨਿਰਭਰ ਹੋਣ ਲਈ ਹੁਣ ਤੋਂ ਹੀ ਆਪਣੀ ਮਾਨਸਿਕਤਾ ਨੂੰ ਬਦਲਣ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਉਹਨਾਂ ਨੂੰ ਨੌਕਰੀ ਕਰਨ ਦੀ ਜਗਾ ਨੋਕਰੀਆਂ ਪੈਦਾ ਕਰਨ ਵਾਲੇ ਬਣਨ ਲਈ ਜਾਗਰੁਕ ਕੀਤਾ। ਕਿਉਂਕਿ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਸਕੂਲੀ ਸਿਖਿਆ ਤੋਂ ਬਾਅਦ ਜਿਆਦਾ ਤਰ ਵਿਦਿਆਰਥੀਆਂ ਦੀ ਇੱਛਾ ਵਿਦੇਸ਼ਾਂ ਵਿੱਚ ਜਾ ਕੇ ਪੜਾਈ ਕਰਨ ਤੇ ਕੰਮ ਕਰਨ ਦੀ ਹੁੰਦੀ ਹੈ। ਇਹ ਪ੍ਰੋਗਰਾਮ ਇਸ ਮਾਨਸਿਕਤਾ ਨੂੰ ਵੀ ਤੋੜਨ ਲਈ ਸਹਾਇਕ ਸਿੱਧ ਹੋਵੇਗਾ। ਇਸ ਪ੍ਰੋਗਰਾਮ ਦੇ ਅੰਦਰ ਆ ਕੇ ਵਿਦਿਆਰਥੀ ਆਪਣੇ ਆਪ ਵਿੱਚ ਆਤਮ ਨਿਰਭਰ ਹੋਣਗੇ ਅਤੇ ਇੱਕ ਚੰਗੀ ਉੱਦਮੀ ਬਣਕੇ ਮੁਲਕ ਦੇ ਅਰਥਵਿਵਸਥਾ ਨੂੰ ਵੀ ਸੁਧਾਰ ਲਿਆਉਣ ਵਿੱਚ ਸਹਾਈ ਹੋਣਗੇ। ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਵੀ ਇਸ ਉਪਰਾਲੇ ਦੀ ਵਿਸ਼ੇਸ਼ ਸਰਾਹਨਾ ਕੀਤੀ ਗਈ। ਉਹਨਾਂ ਇਸ ਉਪਰਾਲੇ ਨੂੰ ਸਾਡੀ ਸਮਾਜਿਕ, ਮਾਨਸਿਕ ਅਤੇ ਆਰਥਿਕ ਤਰੱਕੀ ਵਿੱਚ ਇੱਕ ਵੱਡਾ ਮੀਲ ਪੱਥਰ ਸਾਬਿਤ ਹੋਣ ਵੱਲ ਇਸ਼ਾਰਾ ਕੀਤਾ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਕਿਹਾ ਕਿ ਇਹ ਉਪਰਾਲਾ ਇੱਕ ਬਹੁਤ ਹੀ ਉੱਚੀ ਸੋਚ ਦੀ ਕਾਢ ਹੈ। ਆਉਣ ਵਾਲੇ ਸਮੇਂ ਵਿੱਚ ਇਸ ਉਪਰਾਲੇ ਦੇ ਨਤੀਜੇ ਬਹੁਤ ਹੀ ਪ੍ਰਗਤੀਸ਼ੀਲ ਹੋ ਸਕਦੇ ਹਨ। ਬਲੂਮਿੰਗ ਬਡਜ਼ ਸਕੂਲ ਇਸ ਪ੍ਰੋਗਰਾਮ ਲਈ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ ਤਾਂ ਜੋ ਇੱਥੋਂ ਦੇ ਵਿਦਿਆਰਥੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਪੰਜਾਬ ਅਤੇ ਭਾਰਤ ਦੀ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਣਗੇ। ਉਹਨਾਂ ਨੇ ਆਈ ਹੋਈ ਸਾਰੀ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਪ੍ਰੋਗਰਾਮ ਕਰਵਾਉਣ ਲਈ ਬਲੂਮਿੰਗ ਬਡਜ਼ ਸਕੂਲ ਹਮੇਸ਼ਾ ਤਿਆਰ ਰਹੇਗਾ।