ਪੰਜਾਬ ਇੱਕ ‘ਸਿੱਖਿਆ ਟੈਕਸ ਮੁਕਤ’ ਰਾਜ ਹੋਵੇ —ਡਾ. ਜਗਜੀਤ ਸਿੰਘ ਧੂਰੀ
ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ ਕੰਮ ਕਰਦੇ ਕਰਮਚਾਰੀਆਂ ਦੀਆਂ ਮੰਗਾਂ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਹੋਣਗੀਆਂ
ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਜੋ ਕਿ ਪੰਜਾਬ ਦੇ ਲਗਭਗ 6500 ਸਕੂਲਾਂ ਦੀ ਨੁਮਾਇੰਦਗੀ ਕਰਦੀ ਹੈ। ਇਹਨਾਂ ਸਕੂਲਾਂ ਵਿੱਚ ਲਗਭਗ 45 ਲੱਖ ਵਿਦਿਆਰਥੀ ਪੜ੍ਹਦੇ ਹਨ ਅਤੇ 5 ਲੱਖ ਪਰਿਵਾਰ ਸਿੱਧੇ ਜਾਂ ਅਸਿੱਧੇ ਤੌਰ ਤੇ ਇਹਨਾਂ ਸੰਸਥਾਵਾਂ ਵਿੱਚ ਰੁਜ਼ਗਾਰ ਤੇ ਲੱਗੇ ਹੋਏ ਹਨ। 2022 ਦੀਆਂ ਚੋਣਾਂ ਲਈ ਵੱਖ ਵੱਖ ਰਾਜਨੀਤਕ ਦਲਾਂ ਵੱਲੋਂ ਵੱਖ ਵੱਖ ਵਰਗਾਂ ਲਈ ਐਲਾਨ ਕੀਤੇ ਜਾਂਦੇ ਹਨ। ਉਹਨਾਂ ਵਿੱਚੋਂ ਜ਼ਿਆਦਾਤਰ ਐਲਾਨ ਕਿਸੇ ਇੱਕ ਵਰਗ ਦੇ ਹੱਕ ਵਿੱਚ ਹੁੰਦੇ ਹਨ। ਫੈਡਰੇਸ਼ਨ, ਵੱਖ ਵੱਖ ਐਸੋਸੀਏਸ਼ਨਾਂ, ਮਾਪੇ ਅਤੇ ਅਨ—ਏਡਿਡ ਸੰਸਥਾਵਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਸਾਂਝੇ ਤੌਰ ਤੇ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਇਹ ਸਾਰੇ ਵਰਗ ਸਾਰੇ ਰਾਜਨੀਤਿਕ ਪਾਰਟੀਆਂ ਦੇ ਮੁਖੀਆਂ ਕੋਲ ਟੈਕਸ ਮੁਕਤ ਐਜੂਕੇਸ਼ਨ ਦੇ ਏਜੰਡੇ ਨੂੰ ਚੋਣ ਮੈਨੀਫੈਸਟੋ ਵਿੱਚ ਪਵਾਉਣ ਲਈ ਮਿਲਣਗੇ। ਮਾਪਿਆਂ ਅਤੇ ਕਰਮਚਾਰੀਆਂ ਦੀਆਂ ਮੰਗਾਂ ਮੰਨੇ ਜਾਣ ਦਾ ਮਤਲਬ ਹੈ, ਹਰ ਵਰਗ ਦੀਆਂ ਮੰਗਾਂ ਮੰਨੇ ਜਾਣਾ ਕਿਉਂਕਿ ਸੰਸਥਾਵਾਂ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ ਹਰ ਵਰਗ ਦੇ ਲੋਕਾਂ ਦੇ ਬੱਚੇ ਪੜ੍ਹਦੇ ਹਨ। ਜੇਕਰ ਇਹਨਾਂ ਨੂੰ ਫਾਇਦਾ ਪਹੁੰਚਦਾ ਹੈ ਤਾਂ ਆਪਣੇ ਆਪ ਹੀ ਸਮਾਜ ਦੇ ਸਾਰੇ ਵਰਗਾਂ ਨੂੰ ਫਾਇਦਾ ਪਹੁੰਚੇਗਾ। ਇਹਨਾਂ ਮੰਗਾਂ ਵਿੱਚ ਸੰਸਥਾਵਾਂ ਨੇ ਲਿਖਤੀ ਤੌਰ ਤੇ ਦਿੱਤਾ ਹੈ ਕਿ ਜੇਕਰ ਜਿਹੜੀ ਵੀ ਸਰਕਾਰ ਆਵੇਗੀ, ਉਹ ਸੰਸਥਾਵਾਂ ਉਪਰ ਲੱਗਣ ਵਾਲੇ ਹਰ ਕਿਸਮ ਦੇ ਟੈਕਸ ਮੁਆਫ ਕਰ ਦਿੰਦੀ ਹੈ ਤਾਂ ਸੰਸਥਾਵਾਂ ਉਸੇ ਦਰ ਨਾਲ ਆਪਣੀ ਫੀਸ ਘਟਾ ਲੈਣਗੀਆਂ ਅਤੇ ਇਹ ਫਾਇਦਾ ਮਾਪਿਆਂ ਨੂੰ ਦਿੱਤਾ ਜਾਵੇਗਾ। ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ 23 ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਤੀਨਿਧ, ਵੱਖ ਵੱਖ ਐਸੋਸੀਏਸ਼ਨਾਂ, ਮਾਪੇ ਅਤੇ ਟਰਾਂਸਪੋਰਟਰ ਸ. ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੂੰ ਮਿਲੇ। ਸ. ਬਾਦਲ ਨੇ ਦੋ ਘੰਟੇ ਦਾ ਸਮਾਂ ਲਗਾ ਕੇ ਫੈਡਰੇਸ਼ਨ ਦੀ ਇਸ ਮੰਗ ਦਾ ਸਵਾਗਤ ਕੀਤਾ ਜਿਸ ਵਿੱਚ ਫਾਇਦਾ ਮਾਪਿਆਂ ਨੂੰ ਪਹੁੰਚਾਇਆ ਜਾਣਾ ਹੈ। ਉਹਨਾਂ ਟੈਕਸ ਫਰੀ ਐਜੂਕੇਸ਼ਨ ਦੇ ਮਸਲੇ ਤੇ ਸਹਿਮਤੀ ਦਿੱਤੀ ਅਤੇ ਨਾਲ ਹੀ ਡਾ. ਦਲਜੀਤ ਸਿੰਘ ਚੀਮਾ ਜੀ ਨੂੰ ਇਹ ਮੰਗਾਂ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਪੰਜਾਬ ਦੇ ਹਰ ਜ਼ਿਲੇ ਦੇ ਪ੍ਰਤੀਨਿਧ ਮੌਜੂਦ ਸਨ। ਮਾਪਿਆਂ ਦੀਆਂ ਮੰਗਾਂ ਤੋਂ ਇਲਾਵਾ ਸੰਸਥਾਵਾਂ ਵਿੱਚ ਕੰਮ ਕਰਦੇ ਸਾਰੇ ਮੁਲਾਜ਼ਮਾਂ ਲਈ 5 ਲੱਖ ਰੁਪਏ ਤੱਕ ਦਾ ਐਕਸੀਡੈਂਟਲ ਇਨਸੋਰੈਂਸ਼ ਵੀ ਇਸ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਕਰਵਾਉਣ ਲਈ ਬੇਨਤੀ ਕੀਤੀ ਹੈ। ਅਕਾਲੀ ਦਲ ਤੋਂ ਬਿਨਾਂ ਫੈਡਰੇਸ਼ਨ ਦੇ ਨੁਮਾਇੰਦੇ ਸ਼੍ਰੀ ਅਸ਼ਵਨੀ ਸ਼ਰਮਾ ਪ੍ਰਧਾਨ ਬੀ.ਜੇ.ਪੀ. ਨੂੰ ਵੀ ਮਿਲੇ ਅਤੇ ਆਪਣਾ ਮੰਗ ਪੱਤਰ ਸੌਂਪਿਆ। ਦੋ ਦਿਨਾਂ ਦੇ ਅੰਦਰ ਅੰਦਰ ਸਾਰੇ ਪ੍ਰਮੁੱਖ ਰਾਜਨੀਤਿਕ ਦਲ ਦੇ ਪ੍ਰਧਾਨਾਂ ਨੂੰ ਮਿਲਿਆ ਜਾਵੇਗਾ ਜਿਹਨਾਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸੰਯੁਕਤ ਕਿਸਾਨ ਮੋਰਚਾ ਸ਼ਾਮਿਲ ਹੈ।