ਬੀ.ਬੀ.ਐਸ ਗਰੁੱਪ ਆਫ ਸਕੂਲਜ਼,ਮੋਗਾ ਦਾ ਹਿੱਸਾ ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮੂਹ ਵੈਨ ਡਰਾਇਵਰਾਂ ਅਤੇ ਵੈਨ ਹੈਲਪਰਾਂ ਵੱਲੋਂ ਪੰਜਾਬ ਸਰਕਾਰ ਦੇ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ।ਇਸ ਮੌਕੇ ਸਕੂਲ ਵੈਨ ਡਰਾਇਵਰ ਇਕਬਾਲ ਸਿੰਘ, ਅਮਰਜੀਤ ਸਿੰਘ,ਜਗਰੂਪ ਸਿੰਘ, ਜਸਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਬਾਕੀ ਸਭ ਕੁੱਝ ਆਮ ਵਾਂਗ ਚੱਲ ਰਿਹਾ ਹੈ , ਸਾਰੇ ਅਦਾਰੇ ਰੋਜ਼ਾਨਾ ਖੁੱਲ਼ਦੇ ਹਨ ਅਤੇ ਸੜਕਾਂ ਤੇ ਰੋਡਵੇਜ਼ ਅਤੇ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਆਮ ਵਾਂਗ ਸਵਾਰੀਆਂ ਲੈ ਕੇ ਜਾਂਦੀਆਂ ਹਨ । ਕੋਰੋਨਾ ਮਹਾਂਮਾਰੀ ਪੰਜਾਬ ਸਰਕਾਰ ਵਾਸਤੇ ਬਹੁਤ ਵੱਡੀ ਚੁਣੌਤੀ ਹੈ ।ਸਰਕਾਰ ਜੇਕਰ ਕੋਈ ਸੋਚ ਸਮਝ ਕੇ ਵਿਚਕਾਰਲਾ ਰਾਸਤਾ ਲੱਭਦੀ ਅਤੇ ਸਕੂਲ ਨਾ ਬੰਦ ਕਰਦੀ ਤਾਂ ਕਿਸੇ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪੈਂਦਾ । ਸਮੂਹ ਡਰਾਇਵਰਾਂ ਅਤੇ ਵੈਨ ਹੈਲਪਰਾਂ ਵੱਲੋਂ ਕਿਹਾ ਗਿਆ ਕਿ ਸਕੂਲ ਬੰਦ ਹੋਣ ਕਾਰਨ ਵਿਦਿਆਰਥੀਆਂ ਦੀ ਪੜਾਈ ਦਾ ਤਾਂ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਇਸ ਦੇ ਨਾਲ-ਨਾਲ ਉਹਨਾਂ ਦੇ ਰੁਜ਼ਗਾਰ ਤੇ ਸੰਕਟ ਦੇ ਬੱਦਲ ਛਾ ਗਏ ਹਨ , ਕਿਉਂਕਿ ਪਹਿਲਾਂ ਵੀ ਸਕੂਲ ਬਹੁਤ ਲੰਮਾ ਸਮਾਂ ਬੰਦ ਰਹੇ ਹਨ ਅਤੇ ਹੁਣ ਪੰਜਾਬ ਸਰਕਾਰ ਨੇ ਸਕੂਲ ਦੁਬਾਰਾ ਬੰਦ ਕਰਨ ਦਾ ਫਰਮਾਨ ਜ਼ਾਰੀ ਕਰ ਦਿੱਤਾ ਹੈ ।ਵੈਨ ਹੈਲਪਰਾਂ ਵੱਲ਼ੋਂ ਕਿਹਾ ਗਿਆ ਕਿ ਜੇਕਰ ਪੰਜਾਬ ਸਰਕਾਰ ਨੇ ਦੁਬਾਰਾ ਸਕੂਲ ਨਾ ਖੋਲੇ ਤਾਂ ਉਹਨਾਂ ਦਾ ਰੁਜ਼ਗਾਰ ਚਲਾ ਜਾਵੇਗਾ ਅਤੇ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਨਿਰਵਾਹ ਕਰਨਾ ਮੁਸ਼ਕਲ ਹੋ ਜਾਵੇਗਾ । ਸਮੂਹ ਡਰਾਇਵਰਾਂ ਅਤੇ ਵੈਨ ਹੈਲਪਰਾਂ ਵੱਲੋਂ ਕਿਹਾ ਗਿਆ ਕਿ ਉਹ ਸਕੂਲ ਦੁਬਾਰਾ ਖੋਲਣ ਲਈ ਐਸ.ਡੀ.ਐਮ ਬਾਘਾਪੁਰਾਣਾ ਨੂੰ ਮੰਗ ਪੱਤਰ ਦੇਣਗੇ।