ਪੂਰੇ ਪੰਜਾਬ ਭਰ ਵਿੱਚ ਜਿੱਥੇ ਸਕੂਲ ਬੰਦ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਸਕੂਲੀ ਅਧਿਆਪਕਾਂ ਵੱਲੋਂ ਵੀ ਹੱਥਾਂ ਵਿੱਚ ਕਾਲੇ ਝੰਡੇ ਫੜ ਕੇ ਰੋਸ ਪ੍ਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਜ ਬਲੂਮਿੰਗ ਬਡਜ਼ ਸਕੂਲ ਦੇ ਸਕੂਲ ਵੈਨ ਚਾਲਕ ਅਤੇ ਦਰਜਾ ਚਾਰ ਦੇ ਕਰਮਚਾਰੀਆਂ ਨੇ ਸਕੂਲ ਬੰਦ ਦਾ ਵਿਰੋਧ ਕੀਤਾ ਤੇ ਡੀ.ਸੀ. ਦਫਤਰ ਵਿਖੇ ਤਹਿਸੀਲਦਾਰ ਨੂੰ ਮੰਗ ਪੱਤਰ ਸੋਂਪਿਆ ਕਿ 31 ਮਾਰਚ 2021 ਤੋਂ ਬਾਂਅਦ ਸਕੂਲ ਬੰਦ ਨਾ ਕੀਤੇ ਜਾਣ। ਗੋਰਤਲਬ ਹੈ ਕਿ ਪਿਛਲੇ ਸਾਲ ਵੀ ਕਰੋਨਾ ਕਰਕੇ ਸਕੂਲ ਸਭ ਤੋਂ ਪਹਿਲਾਂ ਬੰਦ ਕਰ ਦਿੱਤੇ ਸਨ ਤੇ ਸਭ ਤੋਂ ਆਖਿਰ ਵਿੱਚ ਖੋਲੇ ਗਏ ਸਨ। ਜਿਸ ਕਰਕੇ ਸਕੂਲ ਟਰਾਂਸਪੋਰਟ ਦਾ ਵੀ ਬਹੁਤ ਨੁਕਸਾਨ ਹੋਇਆ ਸੀ। ਵਿਦਿਆਰਥੀਆਂ ਦੇ ਸਕੂਲ ਨਾਂ ਆਉਣ ਕਰਕੇ ਕੋਈ ਟਰਾਂਸਪੋਰਟ ਫੀਸ ਨਹੀਂ ਲਈ ਗਈ ਪਰ ਖੜੀਆਂ ਬੱਸਾ ਦੇ ਖਰਚੇ ਉਸੇ ਤਰ੍ਹਾਂ ਹੀ ਪੈ ਰਹੇ ਸਨ। ਲੋਨ ਤੇ ਖਰੀਦੀਆਂ ਬੱਸਾਂ ਤੇ ਸਰਕਾਰ ਵੱਲੋਂ ਕੋਈ ਬਿਆਜ ਮਾਫ ਨਹੀਂ ਕੀਤਾ ਗਿਆ। ਬੱਸ ਇੰਸ਼ੋਰੈਂਸ ਚ ਵੀ ਕੋਈ ਛੁਟ ਨਹੀਂ ਦਿੱਤੀ ਗਈ। ਸਰਕਾਰ ਵੱਲੋਂ ਰੋਡ ਟੈਕਸ ਵਿੱਚ ਵੀ ਬਹੁਤ ਥੋੜੇ ਸਮੇਂ ਦੀ ਛੁਟ ਦਿੱਤੀ ਗਈ ਸੀ। ਅਜਿਹੀ ਮਾਰ ਦੋਬਾਰਾ ਨਾ ਝੱਲਣੀ ਪਏ ਤਾਂ ਸਕੂਲ ਵੈਨ ਚਾਲਕਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੰਗ ਪੱਤਰ ਸੋਂਪਿਆ ਗਿਆ। ਉਹਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਬੱਚੇ ਵੀ ਸਕੂਲਾਂ ਵਿੱਚ ਪੜਦੇ ਹਨ ਤੇ ਸਕੂਲ ਬੰਦ ਹੋਣ ਕਰਕੇ ਉਹਨਾਂ ਦੀ ਪੜਾਈ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਹੈ। ਘਰਾਂ ਵਿੱਚ ਹੀ ਰਹਿਣ ਕਰਕੇ ਵਿਦਿਆਰਥੀਆਂ ਦੀ ਸੇਹਤ ਤੇ ਵੀ ਬੁਰਾ ਅਸਰ ਹੋ ਰਿਹਾ ਹੈ। ਬੱਚੇ ਆਪਣੇ ਮਾਪਿਆਂ ਨਾਲ ਵਿਆਹ–ਸ਼ਾਦੀਆਂ, ਬਾਜ਼ਾਰਾਂ ਅਤੇ ਹੋਰ ਸਮਾਗਮਾਂ ਵਿੱਚ ਵੀ ਆਮ ਤੌਰ ਤੇ ਜਾ ਰਹੇ ਹਨ ਤਾਂ ਸਿਰਫ ਸਕੂਲ ਹੀ ਕਿਉਂ ਬੰਦ ਕੀਤੇ ਜਾ ਰਹੇ ਹਨ। ਜਦਕਿ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਕੂਲਾਂ ਵਿਚ ਪੁੱਖਤਾ ਪ੍ਰਬੰਧ ਕੀਤੇ ਹੋਏ ਹਨ। ਉਹਨਾਂ ਇਹ ਵੀ ਕਿਹਾ ਕਿ ਅਸੀਂ ਯਕੀਨ ਦਵਾਉਂਦੇ ਹਾਂ ਕਿ ਵਿਦਿਆਰਥੀਆਂ ਦਾ ਕੋਵਿਡ-19 ਦੀਆਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਧਿਆਨ ਰੱਖਾਂਗੇ।