Latest News & Updates

ਮੋਗਾ ਯੋਗਾ ਐਸੌਸੀਏਸ਼ਨ ਵੱਲੋਂ ਕਰਵਾਈ ਗਈ ਤੀਸਰੀ ਯੋਗਾਆਸਨ ਸਪੋਰਟਜ਼ ਚੈਂਪੀਅਨਸ਼ਿਪ–2024

ਵੈਦਿਕ ਕਾਲ ਤੋਂ ਚੱਲੀ ਆ ਰਹੀ ਯੋਗ ਸਾਧਨਾ ਜ਼ਰੀਏ ਇੱਕ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ : ਸੈਣੀ

ਜ਼ਿਲਾ ਮੋਗਾ ਯੋਗਾ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਯੋਗਾਆਸਨ ਸਪੋਰਟਜ਼ ਚੈਂਪੀਅਨਸ਼ਿਪ–2024 ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋਈ। ਇਹ ਚੈਂਪੀਅਨਸ਼ਿਪ ਬਲੂਮਿੰਗ ਬਡਜ਼ ਸਕੂਲ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਕਰਵਾਈ ਗਈ।ਚੈਂਪੀਅਨਸ਼ਿਪ ਦੀ ਸ਼ੁਰੂਆਤ ਮੁੱਖ ਮਹਿਮਾਨ ਸ੍ਰ. ਦਵਿੰਦਰਪਾਲ ਸਿੰਘ ਰਿੰਪੀ (ਚੇਅਰਮੈਨ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ, ਮੋਗਾ) ਵੱਲੋਂ ਰਿਬਨ ਕੱਟ ਕੇ ਕੀਤੀ ਗਈ ਅਤੇ ਬੀ.ਬੀ.ਐੱਸ ਗਰੁੱਪ ਦੇ ਚੇਅਰਮੈਨ ਅਤੇ ਜ਼ਿਲਾ ਮੋਗਾ ਯੋਗਾ ਐਸੋਸੀਏਸ਼ਸ਼ਨ ਦੇ ਪ੍ਰਧਾਨ ਡਾ. ਸੰਜੀਵ ਕੁਮਾਰ ਸੈਣੀ, ਮੀਤ ਪ੍ਰਧਾਨ ਸ਼੍ਰੀ ਗਗਨਦੀਪ ਸਿੰਘ ਬਜਾਜ, ਬੀ.ਬੀ.ਐਸ. ਗਰੁੱਪ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ, ਸੀਨੀਅਰ ਮੀਤ ਪ੍ਰਧਾਨ ਮੈਡਮ ਰਾਜਸ਼੍ਰੀ, ਜਨਰਲ ਸਕੱਤਰ ਸ਼੍ਰੀਮਤੀ ਪਵਨਦੀਪ ਕੌਰ, ਸ਼੍ਰੀ ਯਸ਼ਪਾਲ ਸੈਣੀ, ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਨਿਧੀ ਬਰਾੜ ਵੱਲੋਂ ਜੋਤੀ ਪ੍ਰਜਵਲਿਤ ਕਰਕੇ ਕੀਤੀ ਗਈ। ਪ੍ਰਧਾਨ ਡਾ. ਸੰਜੀਵ ਕੁਮਾਰ ਸੈਣੀ ਜੀ ਵੱਲੋਂ ਸਾਰੇ ਪ੍ਰਤੀਯੋਗੀਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਉਹਨਾਂ ਦੱਸਿਆ ਕਿ ਵੈਦਿਕ ਕਾਲ ਤੋਂ ਚੱਲੀ ਆ ਰਹੀ ਯੋਗ ਸਾਧਨਾ ਜ਼ਰੀਏ ਅਸੀਂ ਇੱਕ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ। ਇਸ ਤੋਂ ਬਾਅਦ ਸੰਸਥਾ ਪ੍ਰਧਾਨ ਡਾ. ਸੰਜੀਵ ਕੁਮਾਰ ਸੈਣੀ ਜੀ ਦੇ ਸੱਦੇ ਉੱਪਰ ਮੁੱਖ ਮਹਿਮਾਨ ਸ੍ਰ. ਦਵਿੰਦਰਪਾਲ ਸਿੰਘ ਜੀ ਵੱਲੋਂ ਮੋਗਾ ਯੋਗਾ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਬੀ.ਬੀ.ਐਸ. ਗਰੁੱਪ ਦੇ ਸੀ.ਈ.ਓ. ਸ਼੍ਰੀ ਰਾਹੁਲ ਛਾਬੜਾ ਵੱਲੋਂ ਪ੍ਰਤੀਯੋਗੀਆਂ ਨੂੰ ਚੈਂਪੀਅਨਸ਼ਿਪ ਦੇ ਨਿਯਮਾਂ ਅਤੇ ਯੋਗ ਦੀ ਮਹੱਤਤਾ ਬਾਰੇ ਦੱਸਿਆ ਗਿਆ। ਇਸ ਚੈਂਪੀਅਨਸ਼ਿਪ ਵਿੱਚ ਜ਼ਿਲੇ ਭਰ ਚੋਂ 8 ਸਾਲ ਤੋਂ ਲੈ ਕੇ 21 ਸਾਲ ਦੇ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲੈ ਕੇ ਯੋਗਾ ਆਸਨ ਕੀਤੇ। ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਵੱਖ-ਵੱਖ ਸ਼੍ਰੇਣੀਆਂ ਅਧੀਨ ਹੋਏ। ਹਰ ਗਰੁੱਪ ਤੋਂ ਉਹਨਾਂ ਦੀ ਉਮਰ ਦੀ ਕੈਟਾਗਰੀ ਮੁਤਬਿਕ ਯੋਗ ਆਸਨ ਕਰਵਾਏ ਗਏ। ਜੱਜਾਂ ਦੁਆਰਾ ਬੱਚਿਆਂ ਦੇ ਸੰਤੁਲਨ, ਸਬਰ ਅਤੇ ਸਹਿਣਸ਼ੀਲਤਾ ਦੇ ਅਧਾਰ ਤੇ ਨਤੀਜੇ ਤਿਆਰ ਕੀਤੇ ਗਏ। ਹਰ ਉਮਰ ਵਰਗ ਦੇ ਲਈ ਵੱਖ-ਵੱਖ ਯੋਗਾਸਨ ਰੱਖੇ ਗਏ ਸਨ। ਆਸਨ ਦੀ ਜਟਿਲਤਾ ਅਤੇ ਉਮਰ ਵਰਗ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਆਸਨਾਂ ਦੀ ਚੋਣ ਕੀਤੀ ਗਈ ਸੀ। ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਨਾਲ-ਨਾਲ ਸਰਟੀਫੀਕੇਟ ਵੀ ਵੰਡੇ ਗਏ। ਇਹ ਵੀ ਦੱਸਿਆ ਗਿਆ ਕਿ ਇਹ ਜੇਤੂ ਵਿਦਿਆਰਥੀ ਅੱਗੇ ਲੁਧਿਆਣਾ ਵਿਖੇ ਹੋਣ ਵਾਲੇ ਸਟੇਟ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ ਅਤੇ ਰਾਸ਼ਟਰੀ ਪੱਧਰ ਲਈ ਕਵਾਲੀਫਾਈ ਹੋ ਸਕਣਗੇ। ਇਸ ਮੌਕੇ ਮੋਗਾ ਯੋਗਾ ਐਸੋਸੀਏਸ਼ਨ ਵੱਲੋਂ ਮੁੱਖ ਮਹਿਮਾਨ ਸ੍ਰ. ਦਵਿੰਦਰਪਾਲ ਸਿੰਘ ਰਿੰਪੀ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਚੈਂਪਿਅਨਸ਼ਿਪ ਦੇ ਅੰਤ ਵਿੱਚ ਜ਼ਿਲਾ ਮੋਗਾ ਯੋਗਾ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਵੱਲੋਂ ਜੇਤੂ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ, ਆਉਣ ਵਾਲੇ ਸਟੇਟ ਪੱਧਰੀ ਮੁਕਾਬਲਿਆਂ ਲਈ ਸ਼ੁੱਭ-ਕਾਮਨਾਵਾਂ ਦਿੱਤਿਆਂ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ। ਮੋਜੂਦ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।