ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਅੱਜ ਸਕੂਲ ਵਿੱਚ ‘ਇੰਟਰਨੈਸ਼ਨਲ ਡੇ ਫਾਰ ਈਰੈਡੀਕੇਸ਼ਨ ਆਫ ਪਾਵਰਟੀ’ ਭਾਵ ‘ਗਰੀਬੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ’ ਮਨਾਇਆ ਗਿਆ। ਚਾਰਟ ਅਤੇ ਆਰਟੀਕਲਜ਼ ਰਾਹੀਂ ਵਿਦਿਆਰਥੀਆਂ ਨੂੰ ਇਸ ਦਿਨ ਦੇ ਇਤਿਹਾਸ ਅਤੇ ਇਸ ਦਿਨ ਦੀ ਮਹਤੱਤਾ ਬਾਰੇ ਦੱਸਿਆ ਗਿਆ। ਹਰ ਸਾਲ 17 ਅਕਤੂਬਰ ਨੂੰ ਇਹ ਦਿਨ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਫਰਾਂਸ ਦੇ ਪੈਰਿਸ ਸ਼ਹਿਰ ਵਿੱਚ 1987 ਵਿੱਚ ਹੋਈ ਸੀ ਜਦੋਂ ਜੋਸਫ ਰੇਸਿੰਸਕੀ ਦੁਆਰਾ ਇੱਕ ਯਾਦਗਾਰੀ ਸਮਾਰਕ ਦੇ ਉਦਘਾਟਨ ਮੌਕੇ ਇੱਕ ਲੱਖ ਦੇ ਕਰੀਬ ਲੋਕ, ਗਰੀਬੀ, ਭੁੱਖਮਰੀ, ਹਿੰਸਾ, ਡਰ ਅਤੇ ਅਣਦੇਖੀ ਦੇ ਪੀੜਤਾਂ ਦੇ ਸਨਮਾਨ ਵਿੱਚ ਇਕੱਠੇ ਹੋਏ ਸਨ। ਇਸ ਤੋਂ ਬਾਅਦ 1992 ਵਿੱਚ ਸੰਯੁਕਤ ਰਾਸ਼ਟਰ ਵੱਲੋਂ ਅਧਿਕਾਰਿਤ ਤੌਰ ਤੇ ਇਸ ਦਿਨ ਨੂੰ ‘ਇੰਟਰਨੈਸ਼ਨਲ ਡੇ ਫਾਰ ਈਰੈਡੀਕੇਸ਼ਨ ਆਫ ਪਾਵਰਟੀ’ ਘੋਸ਼ਿਤ ਕਰ ਦਿੱਤਾ ਗਿਆ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ “ਸਾਰਿਆਂ ਲਈ ਸਨਮਾਨ” 2022-2023 ਲਈ ਗਰੀਬੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਦਾ ਥੀਮ ਹੈ। ਮਨੁੱਖ ਦਾ ਮਾਣ-ਸਨਮਾਨ ਨਾ ਸਿਰਫ਼ ਆਪਣੇ ਆਪ ਵਿੱਚ ਇੱਕ ਮੌਲਿਕ ਅਧਿਕਾਰ ਹੈ ਸਗੋਂ ਬਾਕੀ ਸਾਰੇ ਮੌਲਿਕ ਅਧਿਕਾਰਾਂ ਦਾ ਆਧਾਰ ਹੈ। ਅੱਜ, ਲਗਾਤਾਰ ਗਰੀਬੀ ਵਿਚ ਰਹਿ ਰਹੇ ਬਹੁਤ ਸਾਰੇ ਲੋਕ ਅਨੁਭਵ ਕਰਦੇ ਹਨ ਕਿ ਉਨ੍ਹਾਂ ਦੀ ਇੱਜ਼ਤ ਨੂੰ ਨਕਾਰਿਆ ਜਾ ਰਿਹਾ ਹੈ। ਗਰੀਬੀ ਅਤੇ ਅਸਮਾਨਤਾ ਅਟੱਲ ਨਹੀਂ ਹੈ। ਇਹ ਜਾਣਬੁੱਝ ਕੇ ਲਏ ਗਏ ਫੈਸਲਿਆਂ ਜਾਂ ਅਯੋਗਤਾ ਦਾ ਨਤੀਜਾ ਹਨ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਬੱਚਿਆਂ ਨੂੰ ਦੱਸਿਆ ਕਿ ਇਸ ਸਾਲ ਗਰੀਬੀ ‘ਤੇ ਕਾਬੂ ਪਾਉਣ ਲਈ ਵਿਸ਼ਵ ਦਿਵਸ ਦੀ 35ਵੀਂ ਵਰ੍ਹੇਗੰਢ ਅਤੇ ਗਰੀਬੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਦੀ 30ਵੀਂ ਵਰ੍ਹੇਗੰਢ ਹੈ। ਇਹ ਦਿਨ ਗਰੀਬੀ ਨਾਲ ਜੂਝ ਰਹੇ ਲੱਖਾਂ ਲੋਕਾਂ ਅਤੇ ਉਨ੍ਹਾਂ ਦੇ ਰੋਜ਼ਾਨਾ ਹੌਂਸਲੇ ਦਾ ਸਨਮਾਨ ਕਰਦਾ ਹੈ ਅਤੇ ਗਰੀਬੀ ਦੇ ਖਾਤਮੇ ਅਤੇ ਹਰ ਤਰ੍ਹਾਂ ਦੇ ਵਿਤਕਰੇ ਦਾ ਮੁਕਾਬਲਾ ਕਰਨ ਲਈ ਜ਼ਰੂਰੀ ਗਲੋਬਲ ਏਕਤਾ ਅਤੇ ਸਾਂਝੀ ਜ਼ਿੰਮੇਵਾਰੀ ਨੂੰ ਮਾਨਤਾ ਦਿੰਦਾ ਹੈ। ਉਹਨਾਂ ਅੱਗੇ ਦੱਸਿਆ ਕਿ ਮੌਜੂਦਾ ਹਕੀਕਤ ਦਰਸਾਉਂਦੀ ਹੈ ਕਿ 1.3 ਬਿਲੀਅਨ ਲੋਕ ਅਜੇ ਵੀ ਬਹੁ-ਆਯਾਮੀ ਗਰੀਬੀ ਵਿੱਚ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਲਗਭਗ ਅੱਧੇ ਬੱਚੇ ਅਤੇ ਨੌਜਵਾਨ ਹਨ। ਮੌਕਿਆਂ ਅਤੇ ਆਮਦਨ ਦੀ ਅਸਮਾਨਤਾ ਤੇਜ਼ੀ ਨਾਲ ਵੱਧ ਰਹੀ ਹੈ ਅਤੇ, ਹਰ ਸਾਲ, ਅਮੀਰ ਅਤੇ ਗਰੀਬ ਵਿਚਕਾਰ ਪਾੜਾ ਹੋਰ ਵੀ ਵਿਸ਼ਾਲ ਹੁੰਦਾ ਜਾ ਰਿਹਾ ਹੈ। ਪਰ ਕਈ ਤਰੀਕੇ ਹਨ ਜਿੰਨ੍ਹਾਂ ਨਾਲ ਗਰੀਬੀ ਤੇ ਕਾਬੂ ਪਾਇਆ ਜਾ ਸਕਦਾ ਹੈ ਜਿਵੇਂ ਤੇਜ਼ ਅਤੇ ਸਥਾਈ ਆਰਥਿਕ ਵਿਕਾਸ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵਿਕਾਸ ਅਤੇ ਲਾਗੂ ਕਰਨਾ, ਪਾਣੀ ਅਤੇ ਹੋਰ ਕੁਦਰਤੀ ਸਰੋਤਾਂ ਦੇ ਪ੍ਰਬੰਧਨ ਵਿੱਚ ਸੁਧਾਰ, ਖੇਤੀ ਪ੍ਰੋਗਰਾਮਾਂ ਵਿੱਚ ਨਿਵੇਸ਼ ਕਰਨਾ ਅਤੇ ਲਾਗੂ ਕਰਨਾ, ਦੇਸ਼ਾਂ ਨੂੰ ਗਰੀਬੀ ਤੋਂ ਬਾਹਰ ਨਿਕਲਣ ਦੇ ਰਸਤੇ ਵਜੋਂ ਵਪਾਰ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨਾ, ਨੌਕਰੀਆਂ ਤੱਕ ਪਹੁੰਚ ਬਣਾਓਣਾ ਅਤੇ ਸੁਧਾਰ ਕਰਨਾ ਆਦਿ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।