ਪ੍ਰਾਈਵੇਟ ਅਨਏਡਿਡ ਸਕੂਲਜ਼ ਐਸੋਸਿਏਸ਼ਨ ਮੋਗਾ ਦੀ ਗਿਆਨ ਖੜਗ ਕਨਵੈਂਸ਼ਨ-2023 ਸੰਬੰਧੀ ਹੋਈ ਅਹਿਮ ਮੀਟਿੰਗ
ਸਕੂਲਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਉਹਨਾਂ ਦੇ ਹੱਲ ਲਈ ਕੀਤੀ ਚਰਚਾ
ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸਿਏਸ਼ਨਜ਼ ਆਫ ਪੰਜਾਬ ਅਤੇ ਆਪਣਾ ਪੰਜਾਬ ਫਾਉਂਡੇਸ਼ਨ ਵੱਲੋਂ ਪੰਜਾਬ ਦੀ ਸਿੱਖਿਆ ਨੂੰ ਲੈ ਕੇ ਤਿਆਰ ਕੀਤੇ ਗਏ ਨਵੇਂ ਰੋਡਮੈਪ ਨੂੰ ਹਰ ਜ਼ਿਲੇ ਵਿੱਚ ਲੈ ਕੇ ਜਾਣ ਲਈ ਗਿਆਨ ਖੜਗ ਕਨਵੈਂਸ਼ਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜਿਸ ਵਿੱਚ ਗਿਆਨ ਖੜਗ ਨੂੰ ਹਰ ਜਿਲੇ ਵਿੱਚ ਲੈ ਕੇ ਜਾਣ ਦਾ ਟੀਚਾ ਮਿਥਿਆ ਹੈ। ਇਸ ਦੇ ਸੰਬੰਧ ਵਿੱਚ ਹੀ ਬਲੂਮਿੰਗ ਬਡਜ਼ ਸਕੂਲ ਵਿੱਚ ਮੋਗਾ ਜ਼ਿਲੇ ਦੇ ਸਮੂਹ ਸਕੂਲਾਂ ਨੂੰ ਇਸ ਕਨਵੈਂਸ਼ਨ ਵਿੱਚ ਸੱਦਾ ਦੇਣ ਲਈ ਅਹਿਮ ਬੈਠਕ ਦਾ ਆਯੋਜਨ ਕੀਤਾ ਗਿਆ। ਜਿਸ ਦੀ ਅਗੁਵਾਈ ਕਰਦੇ ਹੋਏ ਫੈਪ ਦੇ ਸਟੇਟ ਕਨਵੀਨਰ ਡਾ. ਸੰਜੀਵ ਕੁਮਾਰ ਸੈਣੀ ਜੀ ਨੇ ਪਹਿਲਾਂ ਬੈਠਕ ਵਿੱਚ ਪਹੁੰਚੇ ਸਾਲੇ ਸਕੂਲਾਂ ਦੇ ਚੇਅਰਮੈਨ, ਪ੍ਰਿੰਸੀਪਲਾਂ ਅਤੇ ਨੁਮਾਇੰਦਿਆਂ ਨੂੰ ਜੀ ਆਇਆ ਕਿਹਾ। ਉਹਨਾਂ ਨੇ ਫੈਡਰੇਸ਼ਨ ਵੱਲੋਂ ਪੰਜਾਬ ਰਾਜ ਵਿੱਚ ਸਿੱਖਿਆ ਦੇ ਖੇਤਰ ਵਿੱਚ ਦਿੱਤੇ ਵੱਡਮੁੱਲੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਕਿ ਜਦੋਂ ਤੋਂ ਫੈਡਰੇਸ਼ਨ ਹੋਂਦ ਵਿੱਚ ਆਈ ਹੈ ਉਦੋਂ ਤੋਂ ਸਕੂਲਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਮਿਲਣ ਲੱਗਾ ਹੈ। ਜਿਸ ਵਿੱਚ ਉਹਨਾਂ ਨੇ ਖਾਸ ਤੌਰ ਤੇ ਕਰੋਨਾ ਕਾਲ ਦੋਰਾਨ ਜੋ ਸਕੂਲਾਂ ਨੂੰ ਫੀਸਾਂ ਦੀਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਸਰਕਾਰ ਵੱਲੋਂ ਰਿਜ਼ਰਵ ਫੰਡ, ਸਪੋਰਟਸ ਫੰਡ ਆਦਿ ਦੇ ਮਸਲਿਆਂ ਲਈ ਫੈਡਰੇਸ਼ਨ ਵੱਲੋਂ ਤਕਰੀਬਨ 15 ਤੋਂ 16 ਕੋਰਟ ਕੇਸ ਕਰਨੇ ਪਏ ਜਿਸ ਵਿੱਚੋਂ ਸਾਰੇ ਹੀ ਕੇਸਾਂ ਵਿੱਚ ਉਹਨਾਂ ਦੇ ਪੱਖ ਨੂੰ ਦੇਖਦੇ ਹੋਏ ਕੋਰਟ ਵੱਲੋਂ ਸਟੇਅ ਮਿਲਿਆ ਹੈ। ਇਸ ਤੋਂ ਬਾਅਦ ਉਹਨਾਂ ਨੇ ਪ੍ਰਾਈਵੇਟ ਅਨਏਡਿਡ ਸਕੂਲਜ਼ ਐਸੋਸਿਏਸ਼ਨ ਮੋਗਾ ਦੀ ਫਇਨੈਂਸ਼ਿਅਲ ਰਿਪੋਰਟ ਵੀ ਸਾਂਝੀ ਕੀਤੀ। ਬੈਠਕ ਦੋਰਾਨ ਪ੍ਰਾਈਵੇਟ ਅਨਏਡਿਡ ਸਕੂਲਜ਼ ਐਸੋਸਿਏਸ਼ਨ ਮੋਗਾ ਦੇ ਮੀਤ ਪ੍ਰਧਾਨ ਦਵਿੰਦਰਪਾਲ ਸਿੰਘ ਰਿੰਪੀ ਜੀ ਨੇ ਫੈਡਰੇਸ਼ਨ ਵੱਲੋਂ ਕੀਤੀਆਂ ਗਈਆਂ ਵਿਦਿਅਕ ਪਹਿਲਕਦਮੀਆਂ ਬਾਰੇ ਵੀ ਚਾਨਣਾ ਪਾਇਆ। ਉਹਨਾਂ ਨੇ ਫੈਡਰੇਸ਼ਨ ਵੱਲੋਂ ਭਵਿੱਖ ਵਿਚ ਲਏ ਜਾਣ ਵਾਲੇ ਅਹਿਮ ਫੈਸਲਿਆਂ ਬਾਰੇ ਵੀ ਦੱਸਿਆ। ਖਾਸ ਕਰਕੇ ਉਹਨਾਂ ਨੇ ਨਵੀਂ ਸਿੱਖਿਆ ਪਾਲੀਸੀ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ ਤੇ ਬੈਠਕ ਲਈ ਪਹੁੰਚੇ ਵੱਖ – ਵੱਖ ਸਕੂਲਾਂ ਦੇ ਨੁਮਾਇੰਦਿਆਂ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ ਤੇ ਅਗਰ ਉਹਨਾਂ ਨੂੰ ਕਿਸੇ ਤਰਾਂ ਦੀ ਮੁਸ਼ਕਿਲ ਆ ਰਹੀ ਹੈ ਤਾਂ ਉਹ ਵੀ ਸਾਂਝੀ ਕਰਨ ਦੀ ਅਪੀਲ ਕੀਤੀ ਤਾਂ ਜੋ ਮਿਲ ਕੇ ਉਸ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ। ਅੰਤ ਵਿਚ ਦਵਿੰਦਰਪਾਲ ਸਿੰਘ ਰਿੰਪੀ ਅਤੇ ਡਾ. ਸੰਜੀਵ ਕੁਮਾਰ ਸੈਣੀ ਜੀ ਵੱਲੋਂ ਮੋਗਾ ਵਿਖੇ ਹੋਣ ਜਾ ਰਹੀ ਗਿਆਨ ਖੜਗ ਕਨਵੈਂਸ਼ਨ ਬਾਰੇ ਦੱੱਸਿਆ ਅਤੇ ਕਿਹਾ ਕਿ ਮੋਗਾ ਜ਼ਿਲੇ ਵਿਚ ਇਹ ਕਨਵੈਂਸ਼ਨ 9 ਅਕਤੂਬਰ ਨੂੰ ਆਈ.ਐੱਸ.ਐੱਫ ਕਾਲਜ਼ ਵਿਖੇ ਹੋ ਰਹੀ ਹੈ ਜਿਸ ਵਿੱਚ ਸਾਰੇ ਹੀ ਸਕੂਲਾਂ ਨੂੰ ਪਹੁੰਚਣ ਲਈ ਸੱਦਾ ਦਿੱਤਾ ਤੇ ਕਿਹਾ ਕਿ ਇਹ ਕਨਵੈਂਸ਼ਨ ਸਿਰਫ ਫੈਡਰੇਸ਼ਨ ਨਾਲ ਜੁੜੇ ਹੋਏ ਸਕੂਲਾਂ ਲਈ ਹੀ ਨਹੀਂ ਹੈ, ਸਗੋਂ ਹਰ ਸਕੂਲ ਲਈ ਹੈ। ਇਸ ਗਿਆਨ ਖੜਗ ਕਨਵੈਂਸ਼ਨ ਦਾ ਮੁੱਖ ਮੰਤਵ ਪੰਜਾਬ ਦੀ ਸਿੱਖਿਆ ਲਈ ਨਵਾਂ ਐਜੁਕੇਸ਼ਨ ਰੋਡਮੈਪ ਤਿਆਰ ਕਰਨਾ ਤਾਂ ਜੋ ਸਾਰੇ ਸਕੂਲਾਂ ਵਿੱਚ ਸਿੱਖਿਆ ਲਈ ਇਕਸਾਰਤਾ ਲਿਆਈ ਜਾ ਸਕੇ। ਕਿਉਂਕਿ ਹਰ ਸਕੂਲ ਕਿਸੇ ਨਾ ਕਿਸੇ ਉਦੇਸ਼ ਨਾਲ ਚਲਾਇਆ ਜਾ ਰਿਹਾ ਹੈ ਅਗਰ ਉਹ ਉਦੇਸ਼ ਸਭ ਦੇ ਇੱਕ ਹੋ ਜਾਣ ਤਾਂ ਉਹ ਪੰਜਾਬ ਦੀ ਸਿੱਖਿਆ ਨੂੰ ਨਵੇਂ ਸਿਖਰ ਤੇ ਪਹੁੰਚਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾਂ ਸਕੂਲਾਂ ਨੂੰ ਆ ਰਹੀਆਂ ਮੁਸ਼ਕਲਾਂ ਜਿਵੇਂ ਕਿ ਬਿਲਡਿੰਗ ਸੇਫਟੀ, ਫਾਇਰ ਸੇਫਟੀ ਸਰਟੀਫੀਕੇਟ ਦੀਆਂ ਫੀਸਾਂ ਬਾਰੇ, ਪੰਜਾਬ ਬੋਰਡ ਤੇ ਸੀ.ਬੀ.ਐੱਸ.ਈ. ਵੱਲੋਂ ਵੀ ਸਕੂਲਾਂ ਨੂੰ ਵੱਖ-ਵੱਖ ਸਰਕੁਲਰਾਂ ਰਾਹੀਂ ਕਿਸੇ ਨਾ ਕਿਸੇ ਪੋਰਟਲ ਸੰਬੰਧੀ ਫੀਸਾਂ ਭਰਨ ਲਈ ਕਿਹਾ ਜਾ ਰਿਹਾ ਹੈ ਵਰਗੀਆ ਸਮਸਿਆਵਾਂ ਬਾਰੇ ਚਰਚਾ ਕਰਨ ਤੇ ਉਹਨਾਂ ਦਾ ਹੱਲ ਕਢਣ ਲਈ ਸਮੂਹ ਸਕੂਲਾਂ ਨੂੰ ਇਕਸਾਰਤਾ ਨਾਲ ਚਲਾਉਣ ਦੇ ਮੰਤਵ ਨਾਲ ਇਸ ਕਨਵੈਂਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿੱਚ ਮੁੱਖ ਤੌਰ ਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸਿਏਸ਼ਨਜ਼ ਆਫ ਪੰਜਾਬ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਜੀ ਸ਼ਿਰਕਤ ਕਰਨਗੇ ਤੇ ਸਕੂਲਾਂ ਨੂੰ ਐਜੁਕੇਸ਼ਨ ਦੇ ਨਵੇਂ ਰੋਡਮੈਪ ਬਾਰੇ ਚਰਚਾ ਕਰਨਗੇ। ਇਸ ਮੌਕੇ ਬੈਠਕ ਦੋਰਾਨ ਚੇਅਰਮੈਨ ਨਰ ਸਿੰਘ ਬਰਾੜ, ਕੁਲਵੰਤ ਸਿੰਘ ਸੰਧੂ, ਜਤਿੰਦਰ ਗਰਗ, ਇੰਦਰਪਾਲ ਸਿੰਘ, ਜਸਵੰਤ ਸਿੰਘ ਦਾਨੀ, ਪਰਵੀਨ ਗਰਗ ਅਤੇ ਸਕੂਲਾਂ ਦੇ ਨੁਮਾਇੰਦੇ ਹਾਜ਼ਰ ਸਨ।