Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ ਚੌਥੀ ਪਾਤਸ਼ਾਹੀ ਸ਼੍ਰੀ ਗੁਰੁ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ

ਜ਼ਿਲ੍ਹਾ ਮੋਗਾ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ,ਪਿੰਡ-ਚੰਦਨਵਾਂ,ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਚੌਥੀ ਪਾਤਸ਼ਾਹੀ ਸ਼੍ਰੀ ਗੁਰੁ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ । ਇਸ ਮੌਕੇ ਸਕੂਲ ਕੈਂਪਸ ਵਿਖੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ।ਸਕੂਲ ਕੈਂਪਸ ਵਿੱਚ ਮਿਡਲ ਅਤੇ ਹਾਈ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਕੀਤਾ ਗਿਆ ।ਗੁਰੁ ਰਾਮਦਾਸ ਜੀ ਸਿੱਖ ਧਰਮ ਦੇ ਦੱਸ ਗੁਰੂਆਂ ਵਿੱਚੋਂ ਚੌਥੇ ਗੁਰੁ ਸਨ ।ਪ੍ਰਕਾਸ ਪੂਰਬ ਦੇ ਮੌਕੇ ਤੇ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ, ਮੈਡਮ ਰਮਨ ਸ਼ਰਮਾ,ਮੈਡਮ ਸੁਖਜੀਤ ਕੌਰ ਅਤੇ ਮੈਡਮ ਸਰਬਜੀਤ ਕੌਰ ਦੁਆਰਾ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ, ਗੁਰੁ ਰਾਮਦਾਸ ਜੀ ਦਾ ਜਨਮ 1534 ਵਿੱਚ ਲਾਹੌਰ ਸ਼ਹਿਰ ਵਿੱਚ ਹੋਇਆ ਸੀ ਅਤੇ ਉਹਨਾਂ ਦੇ ਪਿਤਾ ਭਾਈ ਹਰੀ ਦਾਸ ਜੀ ਅਤੇ ਮਾਤਾ ਅਨੂਪ ਦੇਵੀ ਜੀ ਨੇ ਉਹਨਾਂ ਦਾ ਜਨਮ ਨਾਮ ਜੇਠਾ ਰੱਖਿਆ ਸੀ । ਉਹ ਹਰੀਦਾਸ ਜੀ ਅਤੇ ਅਨੂਪ ਦੇਵੀ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ ।ਜਦੋਂ ਉਹ ਸੱਤ ਸਾਲ ਦੇ ਸੀ, ਤਾਂ ਉਹਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਪਾਲਣ ਪੋਸ਼ਣ ਉੱਥੇ ਇੱਕ ਪਿੰਡ ਵਿੱਚ ਆਪਣੀ ਨਾਨੀ ਕੋਲ ਹੋਇਆ । 12 ਸਾਲ ਦੀ ਉਮਰ ਵਿੱਚ , ਭਾਈ ਜੇਠਾ ਅਤੇ ਉਹਨਾਂ ਦੀ ਨਾਨੀ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਗੋਇੰਦਵਾਲ ਚਲੇ ਗਏ, ਜਿੱਥੇ ਉਹ ਸਿੱਖਾਂ ਦੇ ਤੀਜੇ ਗੁਰੂ , ਸ਼੍ਰੀ ਗੁਰੁ ਅਮਰਦਾਸ ਜੀ ਨੂੰ ਮਿਲੇ । ਉਦੋਂ ਤੋਂ ਭਾਈ ਜੇਠਾ ਜੀ ਨੇ ਗੁਰੁ ਅਮਰਦਾਸ ਜੀ ਨੂੰ ਆਪਣਾ ਗੁਰੂ ਮੰਨ ਲਿਆ ਅਤੇ ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ । ਭਾਈ ਜੇਠਾ ਜੀ ਨੂੰ ਆਪਣੇ ਗੁਰੁ ਅਤੇ ਸੰਗਤ ਦੀ ਨਿਰਸਵਾਰਥ ਅਤੇ ਨਿਮਰਤਾ ਨਾਲ ਸੇਵਾ ਕਰਕੇ ਬਹੁਤ ਖੁਸ਼ੀ ਅਤੇ ਸੰਤੁਸ਼ਟੀ ਮਿਲਦੀ ਸੀ ।ਸਾਲਾਂ ਦੀ ਨਿਰਸਵਾਰਥ ਸੇਵਾ ਦੇਖ ਕੇ, ਗੁਰੁ ਅਮਰਦਾਸ ਜੀ, ਭਾਈ ਜੇਠਾ ਤੋਂ ਬਹੁਤ ਪ੍ਰਭਾਵਤ ਹੋਏ ਅਤੇ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ । ਉਨ੍ਹਾਂ ਦੇ ਤਿੰਨ ਪੁੱਤਰ ਹੋਏ: ਪ੍ਰਿਥੀ ਚੰਦ,ਮਹਾਦੇਵ ਅਤੇ ਅਰਜਨ ਦੇਵ । ਭਾਈ ਜੇਠਾ ਜੀ ਦੀ ਸੇਵਾ ਅਤੇ ਕੁਰਬਾਨੀ ਦੇ ਜ਼ਜ਼ਬੇ ਨੂੰ ਦੇਖਦੇ ਹੋਏ ਅਤੇ ਸਾਲਾਂ ਦੌਰਾਨ ਉਹਨਾਂ ਦੀ ਜਾਂਚ ਅਤੇ ਪਰਖ ਕਰਦੇ ਹੋਏ , ਗੁਰੁ ਅਮਰਦਾਸ ਜੀ ਨੇ 1574 ਵਿੱਚ ਭਾਈ ਜੇਠਾ ਜੀ ਦਾ ਨਾਂ ਬਦਲ ਕੇ ਰਾਮ ਦਾਸ ਰੱਖ ਦਿੱਤਾ ਅਤੇ ਉਹਨਾਂ ਨੂੰ ਸਿੱਖਾਂ ਦੇ ਚੌਥੇ ਗੁਰੂ , ਸ੍ਰੀ ਗੁਰੁ ਰਾਮਦਾਸ ਜੀ ਵੱਜੋਂ ਨਿਯੁਕਤ ਕੀਤਾ ।ਗੁਰੁ ਰਾਮਦਾਸ ਜੀ ਨੇ ਨਿਰਸਵਾਰਥ ਸੇਵਾ ਲਈ ਆਪਣੀ ਵਚਨ ਬੱਧਤਾ ਨੂੰ ਜਾਰੀ ਰੱਖਿਆ ।ਗੁਰੁ ਰਾਮਦਾਸ ਜੀ ਦੀ ਬਾਣੀ ਵਿੱਚ ਗੁਰੂ ਜੀ ਦੁਆਰਾ ਸ਼ਾਸਤਰੀ ਸੰਗੀਤ ਦੇ 30 ਵੱਖ-ਵੱਖ ਰਾਗਾਂ ਵਿੱਚ ਰਚੇ ਗਏ 638 ਪਵਿੱਤਰ ਭਜਨ ਸ਼ਾਮਲ ਹਨ ।ਇਹ ਬਾਣੀ ਪਵਿੱਤਰ ਗ੍ਰੰਥ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਹੈ । ਗੁਰੂ ਰਾਮਦਾਸ ਜੀ ਦੀ ਅਗਵਾਈ ਹੇਂਠ, ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਨੀਂਹ ਪੱਥਰ 1577 ਨੂੰ ਹਜ਼ਰਤ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ ।ਉਸਾਰੀ ਦਾ ਕੰਮ 1604 ਤੱਕ ਜਾਰੀ ਰਿਹਾ ਜਦੋਂ ਅੰਤ ਵਿੱਚ ਇਸਨੂੰ ਗੁਰੂ ਅਰਜਨ ਦੇਵ ਜੀ ਦੁਆਰਾ ਪੂਰਾ ਕੀਤਾ ਗਿਆ ।ਮੈਡਮ ਜਸਪ੍ਰੀਤ ਕੌਰ ਸੰਘਾ ਅਤੇ ਜਯੋਤੀ ਬਾਂਸਲ ਦੁਆਰਾ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਸ਼੍ਰੀ ਗੁਰੁ ਰਾਮਦਾਸ ਜੀ ਨੂੰ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਦਾ ਸਿਹਰਾ ਜਾਂਦਾ ਹੈ , ਜੋ ਕਿ ਹੁਣ ਸਿੱਖਾਂ ਲਈ ਸਭ ਤੋਂ ਪਵਿੱਤਰ ਸ਼ਹਿਰ ਹੈ । ਗੁਰੁ ਰਾਮਦਾਸ ਸਾਹਿਬ ਨੇ ਸਿੱਖ ਧਾਰਮਿਕ ਸਮਾਗਮਾਂ ਵਿੱਚ ਗਾਏ ਬਹੁਤ ਸਾਰੇ ਪ੍ਰਸਿੱਧ ਭਜਨ ਵੀ ਲਿਖੇ । ਗੁਰੁ ਰਾਮਦਾਸ ਜੀ ਨੇ ਸਿੱਖ ਅਨੰਦ ਕਾਰਜ ਵਿੱਚ ਵਰਤੀ ਜਾਨ ਵਾਲੀਆਂ ਲਾਵਾਂ ਦੀ ਰਚਨਾ ਕੀਤੀ, ਜੋ ਹਰ ਸਿੱਖ ਵਿਆਹ ਨੂੰ ਸੰਪੂਰਨ ਕਰਨ ਲਈ ਸਿੱਖ ਧਰਮ ਗ੍ਰੰਥ ਦੀ ਪਰਿਕਰਮਾ ਕਰਨ ਦੀ ਰਸਮ ਦਾ ਇੱਕ ਹਿੱਸਾ ਹੈ ।