ਬਲੂਮਿੰਗ ਬਡਜ਼ ਸਕੂਲ ਦੇ ਸੱਤ ਵਿਦਿਆਰਥੀਆਂ ਦੀਆਂ ਰਚਨਾਵਾਂ ‘ਨਵੀਆਂ ਕਲਮਾਂ, ਨਵੀਂ ੳਡਾਣ’ ਕਿਤਾਬ ਵਿੱਚ ਸ਼ਾਮਿਲ
ਵਿਦਿਆਰਥੀਆਂ ਨੂੰ ਮੈਡਲ ਅਤੇ ਪ੍ਰਸ਼ੰਸਾ ਪੱਤਰ ਦੇਕੇ ਕੀਤਾ ਸਨਮਾਨਿਤ - ਪ੍ਰਿੰਸੀਪਲ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼, ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਯੋਗ ਅਗਵਾਈ ਹੇਠ ਸਿੱਖਿਆ, ਖੇਡਾਂ ਅਤੇ ਸਾਹਿਤ ਦੇ ਖੇਤਰ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਂਦੀ ਹੋਈ ਅੱਗੇ ਵੱਧ ਰਹੀ ਹੈ। ਇਸੇ ਲੜੀ ਦੇ ਤਹਿਤ ਸਕੂਲ ਦੇ ਸੱਤ ਵਿਦਿਆਰਥੀਆਂ ਦੀ ਰਚਨਾਵਾਂ ਨੂੰ ‘ਨਵੀਆਂ ਕਲਮਾਂ, ਨਵੀਂ ਉਡਾਣ’ ਕਿਤਾਬ ਵਿੱਚ ਸ਼ਾਮਿਲ ਹੋਣ ਦਾ ਮਾਨ ਪ੍ਰਾਪਤ ਹੋਇਆ ਹੈ। ਇਹਨਾਂ ਵਿੱਚ ਗਿਆਰਵੀਂ ਕਲਾਸ ਤੋਂ ਜਸਮੀਤ ਸੰਧੂ, ਦੱਸਵੀਂ ਕਲਾਸ ਵਿੱਚੋਂ ਪਰਨੀਤ ਕੌਰ ਪਾਸੀ, ਨੌਵੀਂ ਕਲਾਸ ਵਿੱਚੋਂ ਸ਼ਹਰੀਨ ਸੀਬੀਆ, ਈਸ਼ਾ ਅਰੋੜਾ, ਅੱਠਵੀਂ ਕਲਾਸ ਵਿੱਚੋਂ ਗੁਰਮੁੱਖ ਸਿੰਘ ਸਮਰਾ, ਰਾਜਵੀਰ ਸਿੰਘ ਅਤੇ ਸੱਤਵੀਂ ਕਲਾਸ ਵਿੱਚੋਂ ਅਗਮ ਸਿੱਧੂ ਸ਼ਾਮਿਲ ਹਨ। ਇਸ ਵਿਸ਼ੇ ਵਿੱਚ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਸਕੂਲ਼ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੇ ਦੱਸਿਆ ਕਿ ਮੁੱਖ ਸੰਪਾਦਕ ਪਰਮਜੀਤ ਕੌਰ ਪੰਮੀ ਅਤੇ ਸੰਪਾਦਕ ਡਾ. ਸੰਜੀਵ ਕੁਮਾਰ ਸੈਣੀ ਦੀ ਅਗਵਾਈ ਹੇਠ, ਪੰਜਾਬ ਭਵਨ ਸਰੀ ਦੇ ਸਹਿਯੋਗ ਨਾਲ ਛਪੀ ਕਿਤਾਬ ‘ਨਵੀਆਂ ਕਲਮਾਂ ਨਵੀਂ ਉਡਾਣ’ ਵਿੱਚ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੇ ਇਸ ਵਿੱਚ ਆਪਣੀਆਂ ਰਚਨਾਵਾਂ ਛਪਵਾ ਕੇ ਨਾਮਣਾ ਖੱਟਿਆ ਹੈ। ਸਤੰਬਰ 2023 ਵਿੱਚ ਇਸ ਕਿਤਾਬ ਦਾ ਪਹਿਲਾ ਸੰਗ੍ਰਹਿ ਪਟਿਆਲਾ ਵਿੱਚ ਉਂਕਾਰ ਸਿੰਘ ਤੇਜੇ ਦੀ ਅਗਵਾਈ ਹੇਠ ਛਾਪਿਆ ਗਿਆ। ਪੰਜਾਬ ਭਵਨ ਸਰੀ ਸੀ ਸੰਸਥਾ ਵੱਲੋਂ ਲਗਾਤਾਰ ਪਿੰਡ ‘ਤੇ ਸ਼ਹਿਰ ਦੇ ਹਰ ਸਕੂਲ ਦੇ ਬੱਚਿਆਂ ਨੂੰ ਮਾਤ-ਭਾਸ਼ਾ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸੰਸਥਾ ਵੱਲੋਂ ਬੱਚਿਆਂ ਦੀਆਂ ਲਿਖੀਆਂ ਰਚਨਾਵਾਂ ਨੂੰ ਲੜੀਵਾਰ ਆ ਰਹੀਆਂ ਕਿਤਾਬਾਂ ਵਿੱਚ ਛਾਪਿਆ ਜਾ ਰਿਹਾ ਹੈ। ਮਿਤੀ 12 ਨਵੰਬਰ 2024 ਨੂੰ ਲੋਕ ਅਰਪਣ ਹੋਈ ਕਿਤਾਬ ‘ਨਵੀਆਂ ਕਲਮਾਂ ਨਵੀਂ ਉਡਾਣ ਭਾਗ-2’ ਵਿੱਚ ਸਕੂਲ ਦੇ ਬੱਚਿਆਂ ਨੇ ਆਪਣੇ ਵਿਚਾਰਾਂ ਨੂੰ ਸ਼ਬਦੀ ਜਾਮਾ ਪਹਿਨਾ ਕੇ ਕਵਿਤਾਵਾਂ ਰਾਹੀਂ ਪੇਸ਼ ਕੀਤਾ। ਬੱਚਿਆਂ ਦੁਆਰਾ ਰਚੀਆਂ ਰਚਨਾਵਾਂ ਉਹਨਾਂ ਦੀ ਅਗਾਂਹਵਧੂ ਸੋਚ ਅਤੇ ਸਾਹਿਤ ਪ੍ਰਤੀ ਪਿਆਰ ਨੂੰ ੳਜਾਗਰ ਕਰਦੀਆਂ ਹਨ। ਸਕੂਲ ਪ੍ਰਿੰਸੀਪਲ ਵੱਲੋਂ ਬੱਚਿਆਂ ਨੂੰ ਸਟੇਜ ਉਪਰ ਬੁਲਾ ਕੇ ਉਹਨਾਂ ਨੂੰ ਮੈਡਲ ਅਤੇ ਪ੍ਰਸ਼ੰਸਾ ਪੱਤਰ ਵੰਡ ਕੇ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਾਹਿਤ, ਸੱਭਿਆਚਾਰ ਅਤੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਸਮੇਂ-ਸਮੇਂ ਤੇ ਕਈ ਸਾਹਿਤਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਉਹਨਾਂ ਅਨੁਸਾਰ ਸਾਹਿਤ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਲਈ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ। ਸਕੂਲ਼ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਇਹ ਕਾਮਨਾ ਕੀਤੀ ਗਈ ਕਿ ਆਉਣ ਵਾਲੇ ਸਮੇਂ ਵਿੱਚ ਸਕੂਲ ਦੇ ਵੱਧ ਤੋਂ ਵੱਧ ਵਿਦਿਆਰਥੀ ਆਪਣੀਆਂ ਰਚਨਾਵਾਂ ਪੇਸ਼ ਕਰਕੇ ਆਉਣ ਵਾਲੇ ਸਮਾਜ ਲਈ ਇੱਕ ਮਿਸਾਲ ਬਣਨਗੇ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਅਰਥੀ ਮੌਜੂਦ ਸਨ।