Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਸ਼ਹੀਦੀ ਦਿਹਾੜਿਆਂ ਦੇ ਚਲਦਿਆਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦਿੱਤੀ ਸ਼ਰਧਾਂਜਲੀ

ਨਿੱਕੀ ਉਮਰ ਵਿੱਚ ਵੱਡੀ ਕੁਰਬਾਨੀ ਦੇਣ ਵਾਲੇ ਸਾਹਿਬਜ਼ਾਦੇ ਸ਼ਹਾਦਤ ਦੀ ਮਿਸਾਲ ਹਨ : ਕਮਲ ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦੇ ਚੱਲ ਰਹੇ ਸ਼ਹੀਦੀ ਦਿਹਾੜਿਆਂ ਤੇ ਵੀਰ ਬਾਲ ਦਿਵਸ ਮੌਕੇ ਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇੱਕ ਵਿਸ਼ੇਸ਼ ਅਸੈਂਬਲੀ ਦੌਰਾਨ ਸਾਹਿਬਜਾਦਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਗਾਏ ਗਏ ਸ਼ਬਦ ‘ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ’ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀਆਂ ਅੱਖਾਂ ਨਮ ਕਰ ਛੱਡੀਆਂ। ਸੀ.ਬੀ.ਐੱਸ.ਈ. ਬੋਰਡ ਅਤੇ ਪੰਜਾਬ ਸਿੱਖਿਆ ਵਿਭਾਗ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਹੇਠ ਚਾਰ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਬਾਰੇ ਅਤੇ ਉਹਨਾਂ ਦੀ ਬਹਾਦਰੀ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਵੱਖ-ਵੱਖ ਐਕਟੀਵਿਟੀਆਂ ਦਾ ਆਯੋਜਨ ਕੀਤਾ ਗਿਆ। ਇਸ ਦੇ ਤਹਿਤ ਹੀ ਬਲੂਮਿੰਗ ਬਡਜ਼ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਚਾਰ ਸਾਹਿਬਜਾਦਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਤੇ ਸ਼ਬਦ ਗਾਇਨ ਕਰਦਿਆਂ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਗੀਤ ਪੇਸ਼ ਕੀਤੇ ਗਏ। ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਪੁੱਤਰ ਕੌਮ ਦੇ ਲੇਖੇ ਲਗਾ ਦਿੱਤੇ। ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫੋਜਾਂ ਨਾਲ ਲੋਹਾ ਲੈਂਦਿਆਂ ਦੋਨੋ ਵੱਡੇ ਸਾਹਿਬਜਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਚਮਕੌਰ ਸਾਹਿਬ ਦੀ ਲੜ੍ਹਾਈ ਵਿੱਚ ਸ਼ਹੀਦੀ ਪਾ ਗਏ ਅਤੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰਨ ਤੇ ਦੋਨੋਂ ਛੋਟੇ ਸਾਹਿਬਜਾਦਿਆਂ ਨੂੰ ਸਰਹੰਦ ਦੇ ਨਵਾਬ ਨੇ ਅਨੇਕਾਂ ਤਸੀਹੇ ਦਿੱਤੇ, ਉਹਨਾਂ ਨੂੰ ਦਿਵਾਰਾਂ ਵਿੱਚ ਚਿਣਵਾਇਆ ਅਤੇ ਅੰਤ ਵਿੱਚ ਕਤਲ ਕਰਵਾ ਦਿੱਤਾ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁਗਲ ਫੌਜਾਂ ਨੇ ਗੁਰੁ ਸਾਹਿਬ ਨਾਲ ਵਾਅਦਾ ਖਿਲਾਫੀ ਕਰਦਿਆਂ ਗੁਰੂ ਸਾਹਿਬ ਦੇ ਕਾਫਲੇ ਤੇ ਅਚਾਨਕ ਹਮਲਾ ਕਰ ਦਿੱਤਾ। ਕਈ ਸਿੱਖ ਇਸ ਲੜ੍ਹਾਈ ਵਿੱਚ ਸ਼ਹੀਦ ਹੋ ਗਏ। ਗੁਰੁ ਸਹਿਬ ਦੇ ਛੋਟੇ ਸਾਹਿਬਜਾਦੇ ਅਤੇ ਗੁਰੁ ਸਹਿਬ ਦੇ ਮਾਤਾ ਜੀ ਉਹਨਾਂ ਤੋਂ ਵਿਛੜ ਗਏ। ਇਸ ਕਾਰਨ ਹੀ ਇਹਨਾਂ ਦਿਨਾਂ ਨੂੰ ਪਰਿਵਰ ਵਿਛੋੜਾ ਦਿਨਾਂ ਦਾ ਨਾਮ ਦਿੱਤਾ ਗਿਆ ਹੈ। ਚਾਰੋ ਸਹਿਬਜਾਦਿਆਂ ਦੀ ਸ਼ਹੀਦੀ ਦੀ ਮਹਾਨਤਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਮੈਡਮ ਕਮਲ ਸੈਣੀ ਨੇ ਅੱਗੇ ਕਿਹਾ ਕਿ ਚਾਰੇ ਸਾਹਿਬਜਾਦਿਆਂ ਦੀ ਸ਼ਹਾਦਤ ਸਾਨੂੰ ਬਹੁਤ ਕੁੱਝ ਸਿਖਾਉਂਦੀ ਹੈ। ਜੇਕਰ ਦੋਨੋ ਵੱਡੇ ਸਹਿਬਜਾਦਿਆਂ ਅਜੀਤ ਸਿੰਘ ਅਤੇ ਜੂਝਾਰ ਸਿੰਘ ਦੀ ਸ਼ਹਾਦਤ ਦਾ ਧਿਆਨ ਕਰੀਏ ਤਾਂ ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਵਿੱਚ ਕਿੰਨੀ ਵੀ ਵੱਡੀ ਮੁਸੀਬਤ ਸਾਹਮਣੇ ਕਿਉਂ ਨਾ ਖੜ੍ਹੀ ਹੋਵੇ ਹਮੇਸ਼ਾਂ ਪੂਰੇ ਹੌਂਸਲੇ ਅਤੇ ਸ਼ਕਤੀ ਨਾਲ ਉਸਦਾ ਸਾਹਮਣਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਹੀ ਜੇ ਛੋਟੇ ਸਹਿਬਜਾਦਿਆਂ ਦੀ ਸ਼ਹੀਦੀ ਦਾ ਧਿਆਨ ਕਰੀਏ ਤਾਂ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਵਿੱਚ ਕਦੇ ਵੀ ਬੁਰਾਈ ਜਾਂ ਜ਼ੁਲਮ ਅੱਗੇ ਝੁਕਣਾ ਨਹੀਂ ਚਾਹੀਦਾ। ਉਹਨਾਂ ਬੱਚਿਆਂ ਨੂੰ ਇਹ ਵੀ ਕਿਹਾ ਕਿ ਸਾਨੂੰ ਗੁਰੁ ਸਾਹਿਬਾਨਾਂ ਦੁਆਰਾ ਦਿੱਤੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ ਜਿਸ ਨਾਲ ਅਸੀਂ ਇੱਕ ਸੱਚਾ-ਸੁੱਚਾ ਜੀਵਨ ਜੀਅ ਸਕੀਏ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।