Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਮਹਾਤਮਾ ਗਾਂਧੀ ਜੀ ਨੂੰ ਦਿੱਤੀ ਗਈ ਸ਼ਰਧਾਂਜਲੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਆਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਸਵੇਰ ਦੀ ਸਭਾ ਦੋਰਾਨ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਵਿਦਿਆਰਥੀਆਂ ਵਲੋਂ ਮਹਾਤਮਾ ਗਾਂਧੀ ਜੀ ਦੀ ਮੌਤ ਦੀ ਵਰ੍ਹੇਗੰਢ ਤੇ ਉਹਨਾਂ ਨੂੰ ਭਾਵਪੂਰਨ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਮਹਾਤਮਾ ਗਾਂਧੀ ਜੀ ਦੇ ਜੀਵਨ ਸੰਬੰਧੀ ਚਾਰਟ ਤੇ ਆਰਟੀਕਲ ਪੇਸ਼ ਕੀਤੇ ਗਏ। ਆਰਟੀਕਲ ਪੇਸ਼ ਕਰਦੇ ਹੋਏ ਉਹਨਾਂ ਦੱਸਿਆ ਕਿ ਮਹਾਤਮਾ ਗਾਂਧੀ ਜੀ ਬਾਪੂ ਵਜੋਂ ਜਾਣੇ ਜਾਂਦੇ ਸਨ। ਉਹਨਾਂ ਨੂੰ ਰਾਸ਼ਟਰ ਪਿਤਾ ਵੀ ਕਿਹਾ ਜਾਂਦਾ ਸੀ। ਉਹ ਭਾਰਤ ਦੀ ਅਜ਼ਾਦੀ ਅਤੇ ਸੁਤੰਤਰਤਾ ਦੇ ਕਾਜ਼ ਦੇ ਮਜ਼ਬੂਤ ਸਮਰਥਕ ਰਹੇ। ਮਹਾਤਮਾ ਗਾਂਧੀ ਜੀ ਦਾ ਪੂਰਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ। ਉਹਨਾਂ ਦਾ ਜਨਮ 2 ਅਕਤੂਬਰ, 1869 ਨੂੰ ਗੁਜਰਾਤ ਦੇ ਪੋਰਬੰਦਰ ਸ਼ਹਿਰ ਵਿੱਚ ਹੋਇਆ ਸੀ। ਉਹਨਾਂ ਨੇ ਹਿੰਸਾ ਦੇ ਵਿਰੋਧ ਦਾ ਪ੍ਰਚਾਰ ਕੀਤਾ ਅਤੇ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਆਜ਼ਾਦੀ ਦੇ ਸੰਘਰਸ਼ ਵਿੱਚ ਮੋਹਰੀ ਰਹੇ। ਨੱਥੂਰਾਮ ਗੌਡਸੇ ਨੇ 30 ਜਨਵਰੀ, 1948 ਨੂੰ ਆਪਣੀ ਸ਼ਾਮ ਦੀ ਪ੍ਰਾਰਥਨਾ ਦੌਰਾਨ ਬਿਰਲਾ ਹਾਊਸ ਵਿਖੇ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਸੀ। ਉਹਨਾਂ ਦੀ ਸ਼ਹੀਦੀ ਦੀ ਯਾਦ ਵਿੱਚ 30 ਜਨਵਰੀ ਨੂੰ ਸ਼ਹੀਦ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਜੀ ਨੇ ਪੂਰੇ ਭਾਰਤ ਨੂੰ ਇੱਕ ਸੰਘਰਸ਼ ਵਿੱਚ ਜੋੜਿਆ। ਮਹਾਤਮਾ ਗਾਂਧੀ ਦੀ ਬਰਸੀ ‘ਤੇ ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਬ੍ਰਿਟਿਸ਼ ਰਾਜ ਵਿਰੁੱਧ ਸੰਘਰਸ਼ ਨੂੰ ਯਾਦ ਕਰਨਾ ਚਾਹੀਦਾ ਹੈ। ਉਹ ਸਭ ਤੋਂ ਮਹੱਤਵਪੂਰਨ ਮੈਂਬਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦੀ ਪ੍ਰਾਪਤ ਕਰਨ ਵਿੱਚ ਮਦਦ ਕੀਤੀ। ਇਸ ਦਿਨ ਭਾਰਤ ਦੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਅਤੇ ਮਹਾਤਮਾ ਗਾਂਧੀ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਚਾਹੀਦਾ ਹੈ। ਇਸ ਮੌਕੇ ਸਮੂਹ ਵਿਦਿਆਰਥੀ ਤੇ ਸਟਾਫ ਮੋਜੂਦ ਸੀ।