ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ ‘ਨਿਊ ਪੰਜਾਬ ਡੇ’
ਬੱਚਿਆਂ ਨੂੰ ਵਿਰਸੇ ਨਾਲ ਜੋੜ ਕੇ ਰੱਖਣ ਲਈ ਇਸ ਤਰ੍ਹਾਂ ਦੇ ਸਮਾਗਮ ਜ਼ਰੂਰੀ : ਕਮਲ ਸੈਣੀ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ‘ਨਿਊ ਪੰਜਾਬ ਡੇ’ ਬੜ੍ਹੇ ਹੀ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਵਿਦਿਆਰਥੀਆਂ ਵੱਲੋਂ ਇਸ ਦਿਨ ਅਤੇ ਪੰਜਾਬ ਪ੍ਰਦੇਸ਼ ਨਾਲ ਸੰਬੰਧਤ ਬਹੁਤ ਹੀ ਖੂਬਸੂਰਤ ਚਾਰਟ ਅਤੇ ਜਾਣਕਾਰੀ ਨਾਲ ਭਰਪੂਰ ਆਰਟੀਕਲ ਪੇਸ਼ ਕੀਤੇ ਗਏ। ਜੂਨੀਅਰ ਕਲਾਸ ਦੇ ਵਿਦਿਆਰਥੀਆਂ ਵੱਲੋਂ ਡਾਂਸ ਪੇਸ਼ ਕੀਤਾ ਗਿਆ। ਛੋਟੀਆਂ ਕਲਾਸਾਂ ਦੇ ਬੱਚੇ ਪੰਜਾਬੀ ਪਹਿਰਾਵੇ ਵਿੱਚ ਸਕੂਲ ਪਹੁੰਚੇ ਜੋ ਕੀ ਬਹੁਤ ਹੀ ਮਨਮੋਹਨੇ ਲੱਗ ਰਹੇ ਸਨ। ਸੀਨੀਅਰ ਕਲਾਸਾਂ ਦੇ ਬੱਚਿਆਂ ਵੱਲੋਂ ਪੰਜਾਬ ਨਾਲ ਜੁੜੀਆਂ ਅਨੇਕਾਂ ਮਹਾਨ ਹਸਤੀਆਂ ਦੇ ਰੋਲ-ਪਲੇਅ ਕੀਤੇ ਗਏ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਅਨੇਕਾ ਵਸਤਾਂ ਜਿਵੇਂ ਚਰਖੇ, ਪੱਖੀਆਂ ਆਦਿ ਵੀ ਤਿਆਰ ਕੀਤੇ ਗਏ ਸਨ। ਲੜਕਿਆਂ ਵੱਲੋਂ ਪੇਸ਼ ਕੀਤੇ ਗਏ ਪੰਜਾਬ ਦੇ ਲੋਕ ਨਾਚ ਭੰਗੜੇ ਅਤੇ ਲੜਕੀਆਂ ਦੁਆਰਾ ਪੇਸ਼ ਕੀਤੇ ਗਏ ਗਿੱਧੇ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਦਿਨ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ ‘ਨਿਊ ਪੰਜਾਬ ਡੇ’ ਹਰ ਸਾਲ ਇੱਕ ਨਵੰਬਰ ਨੂੰ ਮਨਾਇਆ ਜਾਂਦਾ ਹੈ। ਸਾਲ 1966 ਵਿੱਚ ਇਸ ਦਿਨ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਜਿਸ ਨਾਲ ਹਰਿਆਨਾ, ਹਿਮਾਚਲ ਅਤੇ ਨਵਾਂ ਪੰਜਾਬ ਹੋਂਦ ਵਿੱਚ ਆਇਆ ਸੀ। ਇਸ ਉਪਰੰਤ ਸਕੂਲ ਪ੍ਰਿੰਸੀਪਲ ਡਾ: ਹਮੀਲੀਆ ਰਾਣੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਭਾਸ਼ਾ ਅਤੇ ਪੰਜਾਬ ਦਾ ਵਿਰਸਾ ਬਹੁਤ ਹੀ ਡੂੰਘਾ ਹੈ, ਪੰਜਾਬ ਵਿੱਚ ਲਿਖਣ ਵਾਲੀ ਭਾਸ਼ਾ ਬਾਰੇ ਉਹਨਾਂ ਦੱਸਿਆ ਕਿ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਜੋ ਕਿਤਾਬਾਂ ਅਸੀਂ ਪੜਦੇ ਆ ਰਹੇ ਹਾਂ ਉਹ ਟਕਸਾਲੀ ਭਾਸ਼ਾ ਵਿੱਚ ਹੈ। ਕਿਸੇ ਸਮੇਂ ਪੰਜਾਬ ਦੀ ਧਰਤੀ ਤੇ ਪੰਜ ਦਰਿਆ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜਿਹਲਮ ਵੱਗਦੇ ਸਨ ਜਿਸ ਕਰਕੇ ਇਸ ਦਾ ਨਾਂ ਪੰਜ+ਆਬ (ਪੰਜ ਪਾਣੀ) ਪੰਜਾਬ ਪਿਆ। ਨਵੇਂ ਪੰਜਾਬ ਵਿੱਚ ਸਤਲੁਜ, ਬਿਆਸ, ਅਤੇ ਰਾਵੀ ਦਰਿਆ ਵਗਦੇ ਹਨ। ਜ਼ਿਕਰਯੋਗ ਹੈ ਕਿ ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਉਚੇਚੇ ਤੌਰ ਤੇ ਦੱਸਿਆ ਕਿ ਸੰਸਥਾ ਵਿੱਚ ਇਹੋ ਜਿਹੇ ਸਮਾਗਮ ਜੋ ਸਾਨੂੰ ਸਾਡੇ ਵਿਰਸੇ ਨਾਲ ਜੋੜ ਕੇ ਰੱਖਦੇ ਹਨ ਕਰਵਾਏ ਜਾਂਦੇ ਹਨ ਤਾਂ ਜੋ ਬੱਚੇ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿਣ ਅਤੇ ਉਹਨਾਂ ਨੂੰ ਆਪਣੇ ਵਿਰਸੇ ਸਬੰਧੀ ਪੂਰੀ ਜਾਣਕਾਰੀ ਮਿਲਦੀ ਰਹੇ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।