Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ

ਆਪਣੇ ਅੰਦਰ ਦੀ ਬੁਰਾਈ ਦਾ ਖਾਤਮਾ ਕਰਨਾ ਹੀ ਇਸ ਤਿਉਹਾਰ ਦੇ ਸੰਦੇਸ਼: ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਵਿਸ਼ੇਸ਼ ਪ੍ਰੋਗਰਾਮ ਰਾਹੀਂ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਦੁਸਹਿਰੇ ਸਬੰਧਤ ਜਾਣਕਾਰੀ ਨਾਲ ਭਰਪੂਰ ਆਰਟੀਕਲ ਪੇਸ਼ ਕੀਤੇ ਗਏ ਅਤੇ ਇਸ ਸਬੰਧਤ ਕਈ ਪ੍ਰਕਾਰ ਦੇ ਚਾਰਟ ਆਦਿ ਪੇਸ਼ ਕੀਤੇ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਵੱਲੋਂ ਦੁਸਹਿਰੇ ਦੇ ਇਤਿਹਾਸ ਤੇ ਰੌਸ਼ਨੀ ਪਾਉਂਦੇ ਹੋਏ ਦੱਸਿਆ ਗਿਆ ਕਿ ਦੁਸਹਿਰਾ ਹਰ ਸਾਲ ਹਿੰਦੀ ਕਲੰਡਰ ਅਨੁਸਾਰ ਸੱਤਵੇਂ ਮਹੀਨੇ ਅਸ਼ਵਿਨ (ਅੱਸੂ) ਦੀ ਦਸਵੀਂ ਤਿੱਥ ਨੂੰ ਮਨਾਇਆ ਜਾਂਦਾ ਹੈ। ਭਾਰਤ ਅਤੇ ਲਾਗਲੇ ਮੁਲਕ ਨੇਪਾਲ ਵਿੱਚ ਇਹ ਤਿਉਹਾਰ ਮੁੱਖ ਰੂਪ ਵਿੱਚ ਮਨਾਇਆ ਜਾਂਦਾ ਹੈ। ਭਾਰਤ ਦੇ ਦੱਖਣੀ, ਪੂਰਬੀ ਅਤੇ ਉੱਤਰ ਪੂਰਬੀ ਇਲਾਕਿਆਂ ਵਿੱਚ ਇਹ ਦਿਨ ਮਾਂ ਦੁਰਗਾ ਨੂੰ ਸਮਰਪਿਤ ਹੁੰਦਾ ਹੈ ਅਤੇ ਇਸ ਦਿਨ ਹੀ ਦੁਰਗਾ ਪੂਜਾ ਦਾ ਸਮਾਪਣ ਕੀਤਾ ਜਾਂਦਾ ਹੈ। ਇਸ ਨਾਲ ਸਬੰਧਤ ਇਤਿਹਾਸ ਇਹ ਹੈ ਕਿ ਇਸ ਦਿਨ ਮਾਂ ਦੁਰਗਾ ਨੇ ਧਰਮ ਦੀ ਰੱਖਿਆ ਲਈ ‘ਮਹਿਸ਼ਾਸੁਰ’ ਨਾਂ ਦੇ ਦਾਨਵ ਦਾ ਅੰਤ ਕੀਤਾ ਸੀ, ਇਸ ਲਈ ਇਸ ਦਿਨ ਨੂੰ ਵਿਜੈਦਸ਼ਮੀ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਉੱਤਰੀ ਭਾਰਤ, ਮੱਧ ਭਾਰਤ ਅਤੇ ਪੱਛਮੀ ਭਾਰਤ ਦੇ ਹਿੱਸਿਆਂ ਵਿੱਚ ਇਹ ਦਿਨ ਵਿਸ਼ਨੂ ਦੇ ਅਵਤਾਰ ਸ਼੍ਰੀ ਰਾਮ ਚੰਦਰ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਅਤੇ ਇਹ ਕਥਾ ਪ੍ਰਚਲਿਤ ਹੈ ਕਿ ਇਸ ਦਿਨ ਸ਼੍ਰੀ ਰਾਮ ਚੰਦਰ ਜੀ ਨੇ ਲੰਕਾ ਦੇ ਦਸ ਸਿਰਾਂ ਵਾਲੇ ਰਾਜੇ ਰਾਵਨ ਦਾ ਅੰਤ ਕੀਤਾ ਸੀ ਜਿਸ ਕਰਕੇ ਇਸ ਨੂੰ ‘ਦੁਸਹਿਰੇ’ ਦੇ ਨਾਂ ਨਾਲ ਵੀ ਮਨਾਇਆ ਜਾਂਦਾ ਹੈ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵਿਦਿਆਰਥੀਆਂ ਨੂੰ ਸੁਣੇਹਾ ਦਿੰਦੇ ਹੋਏ ਕਿਹਾ ਕਿ ਸਾਡੇ ਦੇਸ਼ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ।ਇਹ ਤਿਉਹਾਰ ਸਾਡੀ ਸੰਸਕ੍ਰਿਤੀ, ਸੱਭਿਆਚਾਰ ਦਾ ਅੰਗ ਅਖਵਾਉਂਦੇ ਹਨ।ਇਹਨਾਂ ਨਾਲ ਸਾਡੀ ਸੰਸਕ੍ਰਿਤੀ, ਸਾਡੀ ਧਾਰਮਿਕਤਾ ਅਤੇ ਸਾਡੇ ਸੱਭਿਆਵਾਰ ਦੀ ਪਛਾਣ ਹੈ। ਇਸ ਸਾਰੇ ਤਿਉਹਾਰ ਸਾਨੂੰ ਕੋਈ ਨਾ ਕੋਈ ਸੰਦੇਸ਼ ਦਿੰਦੇ ਹਨ ਜਿਵੇਂ ਕਿ ਦੁਸਹਿਰੇ ਦਾ ਤਿਉਹਰਾ ਇਹ ਸੁਣੇਹਾ ਦਿੰਦਾ ਹੈ ਕਿ ਬੁਰਾਈ ਚਾਹੇ ਕਿੰਨੀ ਵੀ ਤਾਕਤਵਰ ਕਿਉਂ ਨਾਂ ਹੋਵੇ ਇੱਕ ਦਿਨ ਚੰਗਿਆਈ ਉਸ ਦਾ ਅੰਤ ਕਰ ਦਿੰਦੀ ਹੈ। ਚੇਅਰਮੈਨ ਸੰਜੀਵ ਕੁਮਾਰ ਸੈਣੀ ਜੀ ਨੇ ਬੱਚਿਆਂ ਨੂੰ ਦੱਸਿਆ ਕਿ ਦੁਸਹਿਰੇ ਦਾ ਤਿਉਹਾਨ ਸਾਨੂੰ ਆਪਣੇ ਅੰਦਰ ਦੀ ਬੁਰਾਈ ਨੂੰ ਖਤਮ ਕਰਨ ਦਾ ਸੰਦੇਸ਼ ਦਿੰਦਾ ਹੈ। ਦੁਸਹਿਰੇ ਦਾ ਮਤਲਬ ਕਿਸੇ ਬੁਰੇ ਵਿਅਕਤੀ ਦਾ ਅੰਤ ਨਹੀਂ ਸਗੋਂ ਇਹ ਬੁਰਾਈ ਦੇ ਅੰਤ ਦਾ ਪ੍ਰਤੀਕ ਹੈ। ਦੁਸਹਿਰੇ ਨੂੰ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੋਵੇਗਾ ਕਿ ਆਪਣੇ ਅੰਦਰ ਦੀ ਬੁਰਾਈ ਦਾ ਦਹਨ ਕਰੀਏ। ਇਸ ਮੌਕੇ ਰਾਵਨ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਦਾ ਦਹਿਣ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।