ਬਲੂਮਿੰਗ ਬਡਜ਼ ਸਕੂਲ ਵਿੱਚ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਕੀਤਾ ਪ੍ਰੇਰਿਤ
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਆਪਣੀ ਵੱਖਰੀ ਪਹਿਚਾਣ ਬਣਾ ਰਿਹਾ ਹੈ ਤੇ ਸਕੂਲ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਵੀ ਵਿਦਿਆਰਥੀਆਂ ਨੂੰ ਲਗਾਤਾਰ ਪ੍ਰੇਰਿਤ ਕਰ ਰਿਹਾ ਹੈ। ਇਸ ਦੇ ਤਹਿਤ ਹੀ ਅੱਜ ‘ਅਰਥ-ਡੇ’ ਮੁਹਿੰਮ ਅਧੀਨ ਸਕੂਲ ਵਿੱਚ ਪਲਾਸਟਿਕ ਦੀ ਵਰਤੋਂ ਨਾ ਕਰਨ ਤੇ ਕਾਗਜ ਦੇ ਬੈਗ ਵਰਤੋਂ ਵਿੱਚ ਲੈ ਕੇ ਆਉਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ। ਜਿਸ ਵਿੱਚ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਚਾਰਟ, ਆਰਟਿਕਲ ਪੇਸ਼ ਕੀਤੇ ਗਏ। ਕਿੰਡਰਗਾਰਟਨ ਵਿੰਗ ਦੇ ਵਿਦਿਆਰਥੀਆਂ ਨੇ ਵੀ ਪੇਪਰ ਬੈਗ ਬਣਾ ਕੇ ਵਰਤੋਂ ਕਰਨ ਲਈ ਸੁਨੇਹਾ ਦਿੱਤਾ। ਆਰਟੀਕਲ ਪੇਸ਼ ਕਰਦਿਆਂ ਉਹਨਾਂ ਦੱਸਿਆ ਕਿ ਪਲਾਸਟਿਕ ਦੀ ਵੱਰਤੋਂ ਕਰਨ ਨਾਲ ਕਿਸ ਤਰਾਂ ਪ੍ਰਦੂਸ਼ਨ ਫੈਲਦਾ ਹੈ। ਕਿਉਂਕਿ ਜਿਆਦਾਤਰ ਪਲਾਸਟਿਕ ਮੁੜ ਤੋਂ ਵਰਤੋਂ ਵਿੱਚ ਲੈ ਕੇ ਆਉਣ ਵਾਲੇ ਨਹੀਂ ਹੁੰਦੇ ਤੇ ਉਹ ਧਰਤੀ ਹੇਠਾਂ ਦੱਬ ਕੇ ਕਈ ਤਰਾਂ ਦੀਆਂ ਗੈਸਾਂ ਪੈਦਾ ਕਰਦੇ ਹਨ ਤੇ ਜਿਸ ਨਾਲ ਪ੍ਰਦੂਸ਼ਨ ਹੁੰਦਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਜਿਆਦਾਤਰ ਕਾਗਜ਼ ਦੇ ਥੈਲਿਆਂ ਜਾਂ ਜੂਟ ਤੋਂ ਬਣੇ ਹੋਏ ਬੈਗ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਕਾਗਜ਼ ਦੇ ਥੈਲੇ ਆਸਾਨੀ ਨਾਲ ਰੀਸਾਈਕਲ ਕੀਤੇ ਜਾ ਸਕਦੇ ਹਨ। ਇਹਨਾਂ ਦੀ ਵਰਤੋਂ ਪਲਾਸਟਿਕ ਦੇ ਕੂੜੇ ਨੂੰ ਘਟਾਉਣ ਵਿੱਚ ਮਦਦ ਕਰੇਗੀ, ਜਿਸ ਨੂੰ ਸੜਨ ਵਿੱਚ ਕਈ ਸਾਲ ਲੱਗ ਜਾਂਦੇ ਹਨ, ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ। ਕਾਗਜ਼ ਦੇ ਬੈਗ ਨਾ ਸਿਰਫ 100 ਪ੍ਰਤੀਸ਼ਤ ਰੀਸਾਈਕਲ ਕਰਨ ਯੋਗ ਹੁੰਦੇ ਹਨ, ਬਲਕਿ ਉਹਨਾਂ ਨੂੰ ਬਣਾਉਣ ਲਈ ਘੱਟ ਊਰਜਾ ਲਗਦੀ ਹੈ। ਇਸ ਤੋਂ ਬਾਅਦ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਕਿਹਾ ਕਿ ਸਾਨੂੰ ਆਪਣੀ ਜੀਵਨਸ਼ੈਲੀ ਨੂੰ ਸੁਧਾਰਨ ਦੀ ਜ਼ਰੂਰਤ ਹੈ, ਪਲਾਸਟਿਕ ਦੀ ਵਰਤੋਂ ਪਰਹੇਜ਼ ਕਰਨਾ ਜ਼ਰੂਰੀ ਹੈ। ਜਿੱਥੇ ਪਲਾਸਟਿਕ ਵਾਤਾਵਰਨ ਲਈ ਇੱਕ ਵੱਡਾ ਖਤਰਾ ਬਣਦਾ ਜਾ ਰਿਹਾ ਹੈ ਉਸੇ ਤਰ੍ਹਾਂ ਇਹ ਜਾਨਵਰਾਂ ਲਈ ਵੀ ਜਾਨਲੇਵਾ ਸਾਬਿਤ ਹੋ ਰਿਹਾ ਹੈ। ਅਵਾਰਾ ਪਸ਼ੂ ਕੂੜੇ –ਕਰਕਟ ਵਿੱਚੋਂ ਆਪਣਾ ਭੋਜਨ ਤਲਾਸ਼ਦੇ ਹਨ ਅਤੇ ਕੂੜੇ ਵਿੱਚੋਂ ਕਈ ਵਾਰ ਪਲਾਸਟਿਕ ਵੀ ਖਾ ਜਾਂਦੇ ਹਨ ਜੋ ਕਿ ਉਹਨਾਂ ਦੀ ਸੇਹਤ ਲਈ ਖਤਰਨਾਕ ਹੈ। ਉਹਨਾਂ ਵਿਦਿਆਰਥੀਆਂ ਨੂੰ ਸੁਣੇਹਾ ਦਿੰਦਿਆ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਪਲਾਸਟਿਕ ਦੀ ਵਰਤੋਂ ਨਾਂ ਕੀਤੀ ਜਾਵੇ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।