Latest News & Updates

ਬਲੂਮਿੰਗ ਬਡਜ਼ ਸਕੂਲ ਵਿਖੇ ਸੀ.ਬੀ.ਐੱਸ.ਈ. ਵੱਲੋਂ ਕਰਵਾਇਆ ਗਿਆ ‘ਹੈਪੀ ਕਲਾਸਰੂਮਜ਼” ਬਾਰੇ ਸੈਮੀਨਾਰ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਦੇ ਦਿਸ਼ਾ ਨਿਰਦੇਸ਼ ਹੇਠ ਸੀ.ਬੀ.ਐੱਸ.ਈ. ਬੋਰਡ ਦੇ ਸੀ.ਓ.ਈ. ਸੈੱਲ ਦੁਆਰਾ ਕਪੈਸਿਟੀ ਬਿਲਡਿੰਗ ਪ੍ਰੋਗਰਾਮ ਦੇ ਤਹਿਤ ਇੱਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਦਾ ਮੁੱਖ ਵਿਸ਼ਾ ‘ਹੈਪੀ ਕਲਾਸਰੂਮਜ਼’ ਸੀ। ਇਸ ਸੈਮੀਨਾਰ ਦੌਰਾਨ ਸੀ.ਬੀ.ਐੱਸ.ਈ. ਰਿਸੋਰਸ ਪਰਸਨ ਸ਼੍ਰੀ ਸੁਖਦੇਵ ਸਿੰਘ ਪ੍ਰਿੰਸੀਪਲ ਡੀ.ਏ.ਵੀ. ਪਬਲਿਕ ਸਕੂਲ, ਅਬੋਹਰ ਅਤੇ ਸ਼੍ਰੀ ਯੋਗੇਸ਼ ਗੰਭੀਰ ਪ੍ਰਿੰਸੀਪਲ ਡੀ.ਆਰ.ਵੀ. ਡੀ.ਏ.ਵੀ. ਸੈਂਟੀਨਰੀ ਪਬਲਿਕ ਸਕੂਲ ਫਿਲੌਰ, ਜ਼ਿਲਾ ਜਲੰਧਰ ਵੱਲੋਂ ਬੀ.ਬੀ.ਐੱਸ. ਸਟਾਫ ਨੂੰ ‘ਹੈਪੀ ਕਲਾਸਰੂਮਜ਼” ਵਿਸ਼ੇ ਤੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਇਸ ਵਿਸ਼ੇ ਅਧੀਨ ਇਹ ਚੀਜ਼ ਸਿਖਾਈ ਜਾਵੇਗੀ ਕਿ ਅਧਿਆਪਕ ਆਪਣੇ ਕਲਾਸਰੂਮ ਨੂੰ ‘ਹੈਪੀ ਕਲਾਸਰੂਮ’ ਵਿੱਚ ਕਿਵੇਂ ਤਬਦੀਲ ਕਰ ਸਕਦਾ ਹੈ। ਅਕਸਰ ਇਹ ਦੇਖਿਆ ਜਾਂਦਾ ਹੈ ਕਿ ਕਲਾਸਰੂਮ ਦਾ ਮਹੌਲ ਤਣਾਅ ਭਰਿਆ ਹੁੰਦਾ ਹੈ ਜਿਸ ਦਾ ਵਿਦਿਆਰਥੀਆਂ ਉੱਪਰ ਨਕਾਰਾਤਮਕ ਅਸਰ ਪੈਂਦਾ ਹੈ। ਇਸ ਲਈ ਵਿਦਿਆਰਥੀਆਂ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਨ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਲਾਸਰੂਮ ਦਾ ਮਹੌਲ ਖੁਸ਼ਨੁਮਾ ਰਹੇ। ਇਸ ਉਪਰਾਲੇ ਲਈ ਕੁੱਝ ਨੁਕਤੇ ਹਨ ਜਿਵੇਂ ਕਿ ਭਾਵਨਾਤਮਕ ਗਿਆਨ ਨੂੰ ਸਮਝਨਾ ਇਸ ਤਹਿਤ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਸਮਝਿਆ ਜਾਵੇ ਅਤੇ ਉਹਨਾਂ ਭਾਵਨਾਵਾਂ ਦੀ ਕਦਰ ਕੀਤੀ ਜਾਵੇ। ਇਸ ਦੇ ਲਈ ਇੱਕ ਅਧਿਆਪਕ ਕਈ ਤਰ੍ਹਾਂ ਦੇ ਟੂਲਜ਼ ਇਸਤੇਮਾਲ ਕਰ ਸਕਦਾ ਹੈ ਜਿਵੇਂ ਵਿਦਿਆਰਥੀਆਂ ਦੀ ਮਨੋਭਾਵਨਾ ਦੀ ਨਿਗਰਾਨੀ ਕਰਨਾ, ਅਧਿਆਪਕ ਅਤੇ ਵਿਦਿਆਰਥੀ ਵਿੱਚ ਪੇਸ਼ੇਵਰ ਰਿਸ਼ਤਾ ਸਥਾਪਿਤ ਕਰਨਾ, ਆਪਣੇ ਵਿਦਿਆਰਥੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਿਲ ਕਰਨਾ ਅਤੇ ਹਲਾਤਾਂ ਦਾ ਸਰਗਰਮੀ ਨਾਲ ਮੁਕਾਬਲਾ ਕਰਨਾ। ਦੂਸਰਾ ਨੁਕਤਾ ਵਿਵਹਾਰ ਅਤੇ ਦੁਰਵਿਵਹਾਰ ਦੀ ਪਰਿਭਾਸ਼ਾ ਹੈ ਜਿਸ ਵਿੱਚ ਇਹ ਦੱਸਿਆ ਗਿਆ ਕਿ ਕਈ ਵਾਰ ਕਿਸੇ ਵਿਦਿਆਰਥੀ ਦੇ ਦੁਰਵਿਵਹਾਰ ਕਾਰਨ ਵੀ ਕਲਾਸ ਦਾ ਮਹੌਲ ਪ੍ਰਭਾਵਿਤ ਹੁੰਦਾ ਹੈ ਇਸ ਲਈ ਅਧਿਆਪਕ ਨੂੰ ਵਿਦਿਆਰਥੀ ਨੂੰ ਸਜ਼ਾ ਦੇਣ ਜਾਂ ਝਿੜਕਣ ਦੀ ਬਜਾਏ ਇਹ ਪਤਾ ਕਰਨ ਦੀ ਕੋਸ਼ਿਸ਼ ਕਰੀ ਚਾਹੀਦੀ ਹੈ ਕਿ ਕਿਸੇ ਵਿਦਿਆਰਥੀ ਦਾ ਦੁਰਵਿਵਹਾਰ ਦਾ ਮੂਲ ਕਾਰਨ ਕੀ ਹੈ ਅਤੇ ਉਸ ਕਾਰਨ ਨੂੰ ਦੂਰ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ। ਤੀਸਰਾ ਅਹਿਮ ਨੁਕਤਾ ਹੈ ਕਲਾਸਰੂਮ ਵਿੱਚ ਖੁਸ਼ੀ ਨੂੰ ਵਧਾਉਣ ਦੇ ਤਰੀਕੇ। ਇਸ ਲਈ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਇੱਕ ਐਸਾ ਪੇਸ਼ੇਵਰ ਰਿਸ਼ਤਾ ਕਾਇਮ ਕਰਨਾ ਚਾਹੀਦਾ ਹੈ ਜਿਸ ਵਿੱਚ ਕਿਸੇ ਪ੍ਰਕਾਰ ਦੀ ਝਿਝਕ ਜਾਂ ਸੰਕੋਚ ਨਾ ਹੋਵੇ। ਵਿਦਿਆਰਥੀ ਨੂੰ ਪੜਾਉਣ ਦੇ ਤਰੀਕੇ ਵਿੱਚ ਕਹਾਣੀਆਂ, ਮਿਸਾਲਾਂ ਆਦਿ ਸ਼ਾਮਿਲ ਕਰਨਾ ਚਾਹੀਦੀਆਂ ਹਨ ਜਿਸ ਨਾਲ ਪੜ੍ਹਾਈ ਮਨੋਰੰਜਨ ਦਾ ਰੂਪ ਧਾਰਨ ਕਰ ਲਵੇ। ਇਸ ਸੈਮੀਨਾਰ ਦੌਰਾਨ ਵੱਖ-ਵੱਖ ਤਰਾਂ ਦੀਆ ਐਕਟੀਵਿਟੀਆਂ ਵੀ ਕਰਵਾਈਆਂ ਗਈਆਂ। ਜਿਸ ਵਿੱਚ ਅਧਿਆਪਕਾ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਆਪਣੇ ਗਿਆਨ ਵਿੱਚ ਵਾਧਾ ਕੀਤਾ ਤੇ ਇਹ ਸਿੱਖਿਆ ਕਿ ਕਲਾਸਰੂਮ ਦਾ ਮਾਹੌਲ ਕਿਸ ਤਰਾਂ ਖੁਸ਼ਨੂਮਾ ਬਣਾ ਕੇ ਰੱਖਿਆ ਜਾ ਸਕਦਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਵੱਲੋਂ ਸੀ.ਬੀ.ਐੱਸ.ਈ. ਬੋਰਡ ਦੇ ਸੀ.ਓ.ਈ. ਸੈੱਲ ਦੁਆਰਾ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੈਮੀਨਾਰ ਚੋਂ ਮਿਲੇ ਗਿਆਨ ਸਦਕਾ ਅਧਿਆਪਕ ਆਪਣੇ ਕਲਾਸਰੂਮ ਦੇ ਮਹੌਲ ਨੂੰ ਹੋਰ ਵੀ ਖੁਸ਼ਨੁਮਾ ਬਣਾ ਸਕਣਗੇ। ਸਕੂਲ਼ ਪ੍ਰਿੰਸੀਪਲ ਵੱਲੋਂ ਰਿਸੋਰਸ ਪਰਸਨ ਸ਼੍ਰੀ ਸੁਖਦੇਵ ਸਿੰਘ ਅਤੇ ਸ਼੍ਰੀ ਯੋਗੇਸ਼ ਗੰਭੀਰ ਦਾ ਧੰਨਵਾਦ ਕੀਤਾ ਗਿਆ।