ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਤਿਉਹਾਰ ਬੜੀ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਵਿੱਚ ਸਵੇਰ ਦੀ ਪ੍ਰਾਰਥਨਾ ਸਭਾ ਮੌਕੇ ਬੱਚਿਆਂ ਵੱਲੋਂ ਭਗਵਾਨ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਤ ਆਕਰਸ਼ਕ ਚਾਰਟ ਅਤੇ ਆਰਟੀਕਲ ਪੇਸ਼ ਕੀਤੇ ਗਏ। ਜੂਨੀਅਰ ਵਿੰਗ ਦੇ ਬੱਚੇ ਭਗਵਾਨ ਕ੍ਰਿਸ਼ਨ, ਰਾਧਾ ਰਾਣੀ ਅਤੇ ਗੋਪੀਆਂ ਦੇ ਰੂਪ ਵਿੱਚ ਸਜੇ ਹੋਏ ਬਹੁਤ ਹੀ ਸੁੰਦਰ ਲੱਗ ਰਹੇ ਸਨ। ਛੇਵੀਂ, ਸੱਤਵੀਂ ਅਤੇ ਅੱਠਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਕ੍ਰਿਸ਼ਨ ਲੀਲਾ ਦਾ ਬਹੁਤ ਹੀ ਸੁੰਦਰ ਅਤੇ ਮਨਮੋਹਕ ਮੰਚਨ ਕੀਤਾ। ਸਾਰਾ ਸਟਾਫ ਅਤੇ ਵਿਦਿਆਰਥੀ ਕ੍ਰਿਸ਼ਨ ਲੀਲਾ ਦੀ ਮਸਤੀ ਵਿੱਚ ਰੰਗੇ ਗਏ ਸਨ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਦਵਾਪਰ ਯੁਗ ਵਿੱਚ ਜਦੋਂ ਮਥੁਰਾ ਦੇ ਰਾਜੇ ਕੰਸ ਦਾ ਜ਼ੁਲਮ ਆਪਣੀ ਚਰਮ ਸੀਮਾ ਤੇ ਸੀ ਤਾਂ ਇਹ ਭਵਿੱਖਵਾਣੀ ਹੋਈ ਸੀ ਕਿ ਕੰਸ ਦੀ ਭੈਣ ਦੇਵਕੀ ਦੀ ਅੱਠ੍ਹਵੀਂ ਔਲਾਦ ਕੰਸ ਦਾ ਅੰਤ ਕਰੇਗੀ ਤਾਂ ਰਾਜੇ ਕੰਸ ਨੇ ਆਪਣੀ ਭੈਣ ਦੇਵਕੀ ਅਤੇ ਉਸ ਦੇ ਪਤੀ ਵਾਸੂਦੇਵ ਨੂੰ ਕੈਦ ਕਰ ਲਿਆ ਸੀ। ਦੇਵਕੀ ਦੀਆਂ ਪਹਿਲੀਆਂ ਸੱਤ ਔਲਾਦਾਂ ਨੂੰ ਕੰਸ ਨੇ ਮਾਰ ਦਿੱਤਾ ਪਰ ਜਦੋਂ ਭਗਵਾਨ ਵਿਸ਼ਨੂੰ ਨੇ ਸ਼੍ਰੀ ਕ੍ਰਿਸ਼ਨ ਦੇ ਰੂਪ ਵਿੱਚ ਆਪਣਾ ਸੱਤਵਾਂ ਅਵਤਾਰ ਧਾਰਨ ਕੀਤਾ ਤਾਂ ਅੱਧੀ ਰਾਤ ਵੇਲੇ ਕੈਦਖਾਨੇ ਦੇ ਦਰਵਾਜੇ ਆਪਣੇ-ਆਪ ਖੁੱਲ੍ਹ ਗਏ ਅਤੇ ਵਾਸੂਦੇਵ ਕ੍ਰਿਸ਼ਨ ਜੀ ਨੂੰ ਯਮੁਨਾ ਪਾਰ ਗੋਕੁਲ ਵਿੱਚ ਆਪਣੇ ਮਿੱਤਰ ਨੰਦ ਦੇ ਘਰ ਛੱਡ ਆਏ। ਜਿੱਥੇ ਕ੍ਰਿਸ਼ਨ ਜੀ ਦਾ ਬਚਪਣ ਬੀਤਿਆ। ਬਾਅਦ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਕੰਸ ਦਾ ਅੰਤ ਕੀਤਾ ਅਤੇ ਲੋਕਾਂ ਨੂੰ ਕੰਸ ਦੇ ਜ਼ੁਲਮ ਤੋਂ ਛੁੱਟਕਾਰਾ ਦਿਵਾਇਆ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਮਹਾਭਾਰਤ ਦੇ ਯੁੱਧ ਵਿੱਚ ਪਾਂਡਵਾ ਵੱਲੋਂ ਹਿੱਸਾ ਲਿਆ ਅਤੇ ਧਰਤੀ ਤੋਂ ਇੱਕ ਵਾਰ ਫਿਰ ਪਾਪ, ਅਧਰਮ ਅਤੇ ਜ਼ੁਲਮ ਦਾ ਅੰਤ ਕਰਕੇ ਆਪਣੇ ਅਵਤਾਰ ਨੂੰ ਸਾਰਥਕ ਕੀਤਾ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਨੇ ਬੱਚਿਆਂ ਨੂੰ ਦੱਸਿਆ ਕਿ ਮਹਾਭਾਰਤ ਦੇ ਯੁੱਧ ਸਮੇਂ ਜਦੋਂ ਅਰਜੁਨ ਨੇ ਸ਼ਸਤਰ ਰੱਖ ਦਿੱਤੇ ਸੀ ਤਾਂ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ‘ਗੀਤਾ ਦਾ ਉਪਦੇਸ਼’ ਸੁਣਾਇਆ ਸੀ ਜੋ ਕਿ ਅੱਜ ਵੀ ਹਰ ਮਨੱਖ ਲਈ ਪ੍ਰੇਰਨਾਦਾਈ ਹੈ। ਗੀਤਾ ਉਪਦੇਸ਼ ਦੌਰਾਨ ਸ਼੍ਰੀ ਕ੍ਰਿਸਨ ਨੇ ਦੱਸਿਆ ਸੀ ਕਿ ਇਨਸਾਨ ਦਾ ਫਰਜ਼ ਸਿਰਫ ਕਰਮ ਕਰਨਾ ਹੈ ਉਸ ਕਰਮ ਦਾ ਫਲ ਦੇਣਾ ਪਰਮਾਤਮਾ ਦੇ ਹੱਥ ਵਿੱਚ ਹੈ। ਇਸ ਲਈ ਸਾਨੂੰ ਹਮੇਸ਼ਾਂ ਮਿਹਨਤ ਅਤੇ ਲਗਨ ਨਾਲ ਆਪਣਾ ਕਰਮ ਕਰਨਾ ਚਾਹੀਦਾ ਹੈ। ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਦਿਆਰਥੀ ਹੋਣ ਦੇ ਨਾਤੇ ਉਹਨਾਂ ਦਾ ਮੁੱਖ ਕੰਮ ਪੜ੍ਹਾਈ ਕਰਨਾ ਹੈ ਜੇਕਰ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨਗੇ ਤਾਂ ਇਸ ਦਾ ਫਲ ਉਹਨਾਂ ਨੂੰ ਆਪਣੇ ਨਤੀਜੇ ਦੇ ਰੂਪ ਵਿੱਚ ਪ੍ਰਾਪਤ ਹੋਵੇਗਾ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਅਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਵੱਲੋਂ ਸਮੂਹ ਸਟਾਫ ਨੂੰ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੀਆਂ ਵਧਾਈਆਂ ਦਿੱਤੀਆਂ ਗਈਆਂ।