
ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਮਾਂ ਦਿਵਸ
ਸੰਸਾਰ ਵਿੱਚ ਇਨਸਾਨ ਦੀ ਸਭ ਤੋਂ ਪਹਿਲੀ ਗੁਰੂ ‘ਮਾਂ’ ਹੀ ਹੁੰਦੀ ਹੈ : ਸੈਣੀ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਅੱਜ ਸਕੂਲ਼ ਵਿੱਚ ‘ਮਾਂ ਦਿਵਸ’ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਵਿੱਚ ਸਵੇਰ ਦੀ ਸਭਾ ਦੋਰਾਨ ਵਿਦਿਆਰਥੀਆਂ ਦੁਆਰਾ ਇਸ ਸਬੰਧੀ ਬੜੇ ਹੀ ਸੁੰਦਰ ਚਾਰਟ ਅਤੇ ਪ੍ਰੇਰਣਾਦਾਈ ਆਰਟੀਕਲ ਪੇਸ਼ ਕੀਤੇ ਗਏ ਜੋ ਕਿ ਮਾਂ ਦੀ ਮਹੱਤਤਾ ਨੂ ਦਰਸ਼ਾਉਂਦੇ ਸਨ। ਸਕੂਲ ਵੱਲੋਂ ਹਰ ਇੱਕ ਮਾਂ ਦੇ ਸਨਮਾਨ ਵਿੱਚ ਇੱਕ ਪ੍ਰੋਗਰਾਮ ਵੀ ਅਯੋਜਿਤ ਕੀਤਾ ਗਿਆ। ਜਿਸ ਵਿੱਚ ਸਕੂਲ਼ ਕੁਆਇਰ ਵੱਲੋਂ ਇੱਕ ਮਾਂ ਨੂੰ ਸਮਰਪਿਤ ਗਾਣਾ ਸੁਣਾਇਆ ਗਿਆ। ਮੌਕੇ ਤੇ ਮੌਜੂਦ ਸਾਰੇ ਸਟਾਫ ਅਤੇ ਮਾਪਿਆਂ ਦਾ ਮਨ ਮੋਹ ਲਿਆ। ਯੂ.ਕੇ.ਜੀ. ਕਲਾਸ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ‘ਮਾਂ’ ਦੀ ਮਹਾਨਤਾ ਨੂੰ ਦਰਸਾਉਂਦਾ ਹੋਇਆ ਡਾਂਸ ਪੇਸ਼ ਕੀਤਾ ਅਤੇ ਦੂਸਰੀ ਕਲਾਸ ਦੇ ਵਿਦਿਆਰਥੀਆਂ ਨੇ ਵੀ ਆਪਣੇ ਡਾਂਸ ਨਾਲ ਸੱਭ ਦਾ ਧਿਅਨ ਆਕਰਸ਼ਿਤ ਕੀਤਾ।ਤੀਸਰੀ ਅਤੇ ਚੌਥੀ ਕਲਾਸ ਦੇ ਵਿਦਿਆਰਥੀਆਂ ਨੇ ਵੀ ਆਪਣੇ ਡਾਂਸ ਰਾਹੀਂ ਮਾਂ ਦੀ ਮਹਿਮਾ ਨੂੰ ਦਰਸਾਇਆ। ਅੱਠਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਇੱਕ ਬੜੀ ਪਿਆਰੀ ਕੋਰੀਓਗ੍ਰਾਫੀ ਪੇਸ਼ ਕੀਤੀ। ਪੰਜਵੀਂ ਕਲਾਸ ਨੇ ‘ਮਾਈ ਬੀਊਟੀਫੁਲ ਮੋਮ’ ਨਾਂ ਦੀ ਸੁੰਦਰ ਕਵੀਤਾ ਪੇਸ਼ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ‘ਤੂੰ ਕਿਤਨੀ ਅੱਛੀ ਹੈ’ ਗਾਨੇ ਉੱਪਰ ਛੇਵੀਂ ਕਲਾਸ ਦੇ ਬੱਚਿਆਂ ਵੱਲੋਂ ਦਿੱਤੀ ਪੇਸ਼ਕਾਰੀ ਨੇ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਤੋਂ ਇਲਾਵਾ ਮੋਕੇ ਤੇ ਮੌਜੂਦ ਮਾਵਾਂ ਲਈ ਕਈ ਤਰ੍ਹਾਂ ਦੀਆਂ ਖੇਡਾਂ ਜਿਵੇਂ ‘ਮਿਉਜ਼ਿਕਲ ਚੇਅਰ’ ‘ਲੇਮਨ ਐਂਡ ਸਪੁਨ ਦੌੜ’ ‘ਥ੍ਰੈਡ ਐਂਡ ਨੀਡਲ’ ‘ਸਟਰਾਅ ਵਿਦ ਗਲਾਸ’ ‘ਬੈਲੂਨ ਐਂਡ ਕਪਸ’ ਵੀ ਕਰਵਾਈਆਂ ਗਈਆਂ ਸਕੂਲ ਵਿੱਚ ਹਾਜ਼ਿਰ ਮਾਵਾਂ ਨੇ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਵਿੱਚ ਜੇਤੂ ਰਹੀਆਂ ਮਾਂਵਾਂ ਨੇ ਇੱਕ ਫਾਈਨਲ ਖੇਡ ਵਿੱਚ ਹਿੱਸਾ ਲਿਆ ਜਿਸ ਵਿੱਚ ਪਹਿਲੀ ਕਲਾਸ ਦੇ ਵਿਓਮ ਗਰਗ ਦੀ ਮਾਤਾ ਬਬੀਤਾ ਗਰਗ, ਸੱਤਵੀ ਕਲਾਸ ਦੀ ਸੁਪਰੀਯਾ ਸ਼ਰਮਾ ਦੀ ਮਾਤਾ ਹਰਪ੍ਰੀਤ ਸ਼ਰਮਾ ਅਤੇ ਸੱਤਵੀਂ ਕਲਾਸ ਦੇ ਰੋਹਨਪ੍ਰੀਤ ਦੀ ਮਾਤਾ ਬਲਜੀਤ ਕੌਰ ਜੇਤੂ ਰਹੀਆਂ ਮੁਕਾਬਲਿਆਂ ਵਿੱਚ ਜਿੱਤਣ ਵਾਲੀਆਂ ਮਾਵਾਂ ਦਾ ਸਕੂਲ ਮੈਨੇਜਮੈਂਟ ਵੱਲੋਂ ਟ੍ਰਾਫੀਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਸਾਰੇ ਮਾਪਿਆਂ ਅਤੇ ਅਧਿਆਪਕਾਂ ਨੂੰ ‘ਮਾਂ ਦਿਵਸ’ ਦੀ ਵਧਾਈ ਦਿੱਤੀ ਗਈ ਅਤੇ ਉਹਨਾਂ ਬੱਚਿਆਂ ਦਾ ਮਾਰਗ ਦਰਸ਼ਨ ਕਰਦੇ ਦੱਸਿਆ ਕਿ ਮਨੁੱਖ ਨੂੰ ਦਿੱਤੀ ਹੋਈ ਈਸ਼ਵਰ ਦੀ ਸਭ ਤੋਂ ਵੱਡੀ ਦਾਤ ਹੈ ‘ਮਾਂ’, ਪ੍ਰਮਾਤਮਾ ਇੱਕ ਸਮੇਂ ਤੇ ਹਰ ਥਾਂ ਤੇ ਮੌਜੂਦ ਨਹੀਂ ਰਹਿ ਸਕਦਾ ਇਸ ਲਈ ਪ੍ਰਮਾਤਮਾ ਨੇ ਮਾਂ ਬਣਾਈ ਹੈ ਤਾਂ ਜੋ ਇਸ ਕਾਇਨਾਤ ਦਾ ਸੰਤੁਲਨ ਬਣਿਆ ਰਹੇ। ਉਹਨਾਂ ਇਹ ਵੀ ਕਿਹਾ ਕਿ ਜੋ ਇਨਸਾਨ ਆਪਣੀ ਮਾਂ ਦਾ ਸਨਮਾਨ ਨਹੀਂ ਕਰਦਾ, ਪ੍ਰਮਾਤਮਾ ਵੀ ਉਸਦਾ ਸਨਮਾਨ ਨਹੀਂ ਕਰਦਾ। ਇਸ ਲਈ ਸਾਨੂੰ ਆਪਣੀ ਮਾਂ ਨੂੰ ਪ੍ਰਮਾਤਮਾ ਦਾ ਰੂਪ ਮੰਨਦੇ ਹੋਏ ਇਸ ਅਣਮੁੱਲੀ ਦਾਤ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਮੌਜੂਦ ਮਾਂਵਾ ਨੂੰ ਇਸ ਸ਼ੁੱਭ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹੋਏ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਇਸ ਦੁਨੀਆ ਵਿੱਚ ‘ਮਾਂ’ ਇੱਕ ਐਸਾ ਰਿਸ਼ਤਾ ਹੈ ਜਿਸ ਦੇ ਪਿਆਰ ਅਤੇ ਤਿਆਗ ਦੀ ਕੋਈ ਸੀਮਾ ਹੀ ਨਹੀਂ ਹੈ। ਇੱਕ ਮਾਂ ਆਪਣੀਆਂ ਸਾਰੀਆਂ ਰੀਝਾਂ ਅਤੇ ਖੁਸ਼ੀਆਂ ਦਾ ਆਪਣੀ ਔਲਾਦ ਲਈ ਖੁਸ਼ੀ-ਖੁਸ਼ੀ ਤਿਆਗ ਕਰ ਦਿੰਦੀ ਹੈ। ਇਸ ਲਈ ‘ਮਾਂ’ ਸਾਡੇ ਸਭ ਲਈ ਪ੍ਰਮਾਤਮਾ ਤੋਂ ਵੀ ਵੱਧ ਕੇ ਹੈ ਇਸ ਲਈ ਮਾਂ ਪ੍ਰਮਾਤਮਾ ਤੋਂ ਵੀ ਵੱਧ ਸਤਿਕਾਰ ਦੀ ਹੱਕਦਾਰ ਹੈ। ਬੀ.ਬੀ.ਐਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਵੱਲੋਂ ਵੀ ਇਸ ਦਿਹਾੜੇ ਦੀਆਂ ਮੁਬਾਰਕਾਂ ਆਪਣੇ ਸਟਾਫ ਅਤੇ ਮੌਜੂਦ ਮਾਂਵਾ ਨੂੰ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਇਨਸਾਨ ਦੇ ਜਨਮ ਲੈਣ ਤੋਂ ਬਾਅਦ ਇਨਸਾਨ ਦਾ ਸਭ ਤੋਂ ਪਹਿਲਾ ਗੁਰੂ ਉਸਦੀ ਮਾਂ ਹੀ ਹੁੰਦੀ ਹੈ। ਇੱਕ ‘ਮਾਂ’ ਹੀ ਹੁੰਦੀ ਹੈ ਜੋ ਇਨਸਾਨ ਦੇ ਭਵਿੱਖ ਨੂੰ ਚੰਗੀ ਸੇਧ ਦੇ ਸਕਦੀ ਹੈ। ਉਹਨਾਂ ਇਸ ਗੱਲ੍ਹ ਬਾਰੇ ਵੀ ਵਿਸ਼ੇਸ਼ ਜ਼ਿਕਰ ਕੀਤਾ ਕੀ ਅੱਜ ਸ਼ਹਿਰਾਂ ਵਿੱਚ ਵੱਧ ਰਹੀ ਬਿਰਧ ਆਸ਼ਰਮਾਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ, ਇਹ ਇਸ ਗੱਲ੍ਹ ਵੱਲ ਇਸ਼ਾਰਾ ਕਰਦਾ ਹੈ ਕਿ ਇਨਸਾਨ ਆਪਣੇ ਜਨਮਦਾਤਿਆਂ ਦਾ ਸਤਿਕਾਰ ਕਰਨਾ ਭੁੱਲਦਾ ਜਾ ਰਿਹਾ ਹੈ ਜੋ ਕਿ ਸਾਡੇ ਨੈਤਿਕ ਪਤਨ ਦਾ ਵੱਡਾ ਕਾਰਨ ਬਣ ਸਕਦਾ ਹੈ। ਇਸ ਲਈ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਾਪਿਆਂ ਦਾ ਸਤਿਕਾਰ ਕਰੀਏ ਅਤੇ ਸਾਰੀ ਜਿੰਦਗੀ ਆਪਣੀ ਘਣੀ ਛਾਂ ਸਾਡੇ ਤੇ ਲੁਟਾਉਣ ਵਾਲੇ ਰੁੱਖਾਂ ਨੂੰ ਸਹੇਜ ਕੇ ਰੱਖੀਏ।