
ਬਲੂਮਿੰਗ ਬਡਜ਼ ਸਕੂਲ ਵਿੱਚ ਮਨਾਈ ਗਈ ਗੁਰੂ ਰਵਿਦਾਸ ਜਯੰਤੀ
ਵਿਦਿਆਰਥੀਆਂ ਨੇ ਚਾਰਟ ਤੇ ਆਰਟੀਕਲ ਰਾਹੀਂ ਉਹਨਾਂ ਦੀ ਜੀਵਨੀ ਬਾਰੇ ਦੱਸਿਆ
ਸਥਾਨਕ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਅਗੁਵਾਈ ਹੇਠ ਅੱਜ ਸਵੇਰ ਦੀ ਸਭਾ ਦੋਰਾਨ ਸ਼੍ਰੀ ਗੁਰੂ ਰਵਿਦਾਸ ਜਯੰਤੀ ਮਨਾਈ ਗਈ। ਜਿਸ ਵਿੱਚ ਵਿਦਿਆਰਥੀਆਂ ਵਲੋਂ ਭਗਤ ਰਵਿਦਾਸ ਜੀ ਦੇ ਜੀਵਨ ਸੰਬੰਧੀ ਚਾਰਟ ਤੇ ਆਰਟੀਕਲ ਆਦਿ ਪੇਸ਼ ਕੀਤੇ ਗਏ। ਉਹਨਾਂ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਵਿਦਿਆਰਥੀਆਂ ਨੇ ਦੱਸਿਆ ਕਿ ਉਹਨਾਂ ਦਾ ਜਨਮ 1377 ਈਸਵੀ ਵਿੱਚ ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਹਨਾਂ ਦਾ ਜਨਮ ਦਿਨ ਮਾਘ ਪੂਰਨਿਮਾ (ਮਾਘ ਮਹੀਨੇ ਦੀ ਪੂਰਨਮਾਸ਼ੀ) ਨੂੰ ਮਨਾਇਆ ਜਾਂਦਾ ਹੈ। ਇਸ ਸਾਲ, ਇਹ 24 ਫਰਵਰੀ ਨੂੰ ਹੈ। ਉਹਨਾਂ ਅੱਗੇ ਕਿਹਾ ਕਿ ਸੰਤ ਰਵਿਦਾਸ ਜੀ ਚਮਾਰ ਜਾਤੀ ਨਾਲ ਸਬੰਧਤ ਸਨ। ਪਰ ਕਿਸੇ ਜਾਤਪਾਤ ਦਾ ਰਵਿਦਾਸ ਜੀ ਦੇ ਜੀਵਨ ਉੱਤੇ ਕੋਈ ਅਸਰ ਨਹੀਂ ਪਿਆ। ਉਨ੍ਹਾਂ ਨੇ ਹਮੇਸ਼ਾ ਜਾਤ-ਪਾਤ ਤੋਂ ਉੱਪਰ ਉੱਠ ਕੇ ਕੰਮ ਕੀਤਾ। ਸੰਤ ਰਵਿਦਾਸ ਜੀ ਇੱਕ ਦਾਰਸ਼ਨਿਕ ਸਨ। ਉਨ੍ਹਾਂ ਨੇ ਲੋਕਾਂ ਨੂੰ ਭਗਤੀ ਦੇ ਮਾਰਗ ‘ਤੇ ਚੱਲ ਕੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਉਪਦੇਸ਼ ਦਿੱਤਾ। ਉਹਨਾਂ ਦਾ ਪ੍ਰਭੂ ਨਾਲ ਪਿਆਰ ਉਸ ਦੀ ਰਚਨਾ ਵਿਚੋਂ ਦਿਸਦਾ ਹੈ। ਸੰਤ ਰਵਿਦਾਸ ਨੇ ਜਾਤ-ਪਾਤ ਤੋਂ ਬਿਨਾਂ ਸਾਰਿਆਂ ਲਈ ਬਰਾਬਰੀ ਅਤੇ ਸਨਮਾਨ ਦੀ ਵਕਾਲਤ ਕੀਤੀ। ਉਹਨਾਂ ਨੇ ਲਿੰਗ ਸਮਾਨਤਾ ਨੂੰ ਅੱਗੇ ਵਧਾਇਆ ਅਤੇ ਲਿੰਗ ਜਾਂ ਜਾਤ ਦੇ ਅਧਾਰ ਤੇ ਸਮਾਜ ਦੀ ਵੰਡ ਦਾ ਵਿਰੋਧ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਨੇ ਦੱਸਆ ਕਿ ਸੰਤ ਰਵਿਦਾਸ ਨੇ ਕਈ ਭਜਨ ਲਿਖੇ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਨੂੰ ਸਿੱਖ ਧਰਮ ਦੇ ਪਵਿੱਤਰ ਗ੍ਰੰਥ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਅਪਣਾਇਆ ਗਿਆ ਸੀ। ਉਹ ਇੱਕ ਉੱਘੇ ਸਮਾਜ ਸੁਧਾਰਕ ਵੀ ਸਨ। ਉਹਨਾਂ ਨੇ ਸਮਾਜ ਨੂੰ ਸੁਧਾਰਨ ਅਤੇ ਜਾਤ-ਪਾਤ ਦੇ ਪੱਖਪਾਤ ਨੂੰ ਦੂਰ ਕਰਨ ਲਈ ਧਾਰਮਿਕ ਅਤੇ ਸਾਮਾਜਿਕ ਤੌਰ ‘ਤੇ ਕੰਮ ਕੀਤਾ। ਸਾਨੂੰ ਸਾਰਿਆਂ ਨੂੰ ਭਗਤ ਰਵਿਦਾਸ ਜੀ ਦੀ ਸਿੱਖਿਆ ਉੱਪਰ ਅਮਲ ਕਰਕੇ ਆਪਣੇ ਜੀਵਨ ਨੂੰ ਸਹੀ ਸੇਧ ਦੇਣੀ ਚਾਹੀਦੀ ਹੈ। ਉਹਨਾਂ ਅੱਗੇ ਕਿਹਾ ਕਿ ਸਕੂਲ ਵਿੱਚ ਇਸ ਤਰਾਂ ਦੇ ਦਿਨ ਅਕਸਰ ਮਨਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਭਾਰਤ ਦੇਸ਼ ਵਿੱਚ ਪੈਦਾ ਹੋਏ ਮਹਾਨ ਸੰਤਾਂ ਤੇ ਭਗਤਾਂ ਬਾਰੇ ਜਾਣੂੰ ਕਰਵਾਇਆ ਜਾ ਸਕੇ। ਇਸ ਮੌਕੇ ਸਕੂਲ ਵਾਇਸ ਪ੍ਰਿੰਸੀਪਲ ਸ਼੍ਰੀ ਮਤੀ ਨਿਧੀ ਬਰਾੜ, ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।