Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਮਨਾਇਆ ਗਿਆ ‘ਵਾਤਾਵਰਨ ਦਿਵਸ’

ਰੁੱਖ ਲਗਾਉਣ ਦੇ ਨਾਲ-ਨਾਲ ਉਹਨਾਂ ਦੀ ਦੇਖਭਾਲ ਕਰਨਾ ਜ਼ਿਆਦਾ ਜ਼ਰੂਰੀ ਹੈ – ਪ੍ਰਿੰਸੀਪਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਜਿਸ ਦੋਰਾਨ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ ਬੂਟੇ ਲਗਾ ਕੇ ਉਹਨਾਂ ਦੀ ਦੇਖਭਾਲ ਕਰਨ ਦਾ ਪ੍ਰਣ ਲਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਕਿਹਾ ਕਿ ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 5 ਜੁੂਨ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਕਿਉਂਕਿ ਅੱਜ ਸਮੇਂ ਦੀ ਲੋੜ ਅਨੁਸਾਰ ਤੇ ਡਿਵੈਲਪਮੈਂਟ ਦੇ ਨਾਂਅ ਤੇ ਵੱਡੇ ਹਾਈਵੇ ਤੇ ਪੁੱਲ ਬਣਾਏ ਜਾ ਰਹੇ ਹਨ, ਸ਼ਹਿਰੀਕਰਨ ਹੁੰਦਾ ਜਾ ਰਿਹਾ ਜਿਸ ਕਾਰਨ ਅਸੀ ਇੰਨੀ ਵੱਡੀ ਗਿਣਤੀ ਵਿੱਚ ਰੁੱਖ ਕੱਟ ਚੁੱਕੇ ਹਾਂ ਕਿ ਇਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਜੇ ਹਰ ਇਨਸਾਨ ਇੱਕ-ਇੱਕ ਬੂਟਾ ਲਗਾਵੇ ਅਤੇ ਉਸ ਨੂੰ ਪਾਲ ਕੇ, ਉਸ ਦੀ ਦੇਖਭਾਲ ਕਰਕੇ ਉਸਨੂੰ ਇਕੱ ਰੁੱਖ ਦੇ ਰੂਪ ਵਿੱਚ ਵਿਕਸਿਤ ਕਰੇ ਤਾਂ ਸ਼ਾਇਦ ਆਉਣ ਵਾਲੀ ਪੀੜੀ ਲਈ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ। ਇਸ ਸੋਚ ਦੇ ਤਹਿਤ ਹੀ ਅੱਜ ਸਕੂਲ ਵਿੱਚ ਵਿਦਿਆਰਥੀਆਂ ਨੂੰ ਰੁੱਖ ਲਗਾਉਣ ਲਈ ਬੂਟੇ ਵੰਡੇ ਗਏ ਤੇ ਸਕੂਲ ਦੀ ਗਰਾਉਂਡ ਵਿੱਚ ਬੂਟੇ ਲਗਾਏ ਗਏ। ਜ਼ਿਕਰਯੋਗ ਹੈ ਕਿ ਬੀ.ਬੀ.ਐੱਸ ਗਰੁੱਪ ਵੱਲੋਂ ਪਿਛਲੇ ਕਈ ਸਾਲਾਂ ਤੋਂ ਵਾਤਾਵਰਨ ਦਿਵਸ ਮੌਕੇ ਬੂਟੇ ਲਗਾਏ ਜਾ ਰਹੇ ਹਨ ਤੇ ਉਹਨਾਂ ਦੀ ਦੇਖਭਾਲ ਕੀਤੀ ਰਹੀ ਹੈ। ਉਹਨਾਂ ਵਿੱਚੋਂ ਬਹੁਤ ਸਾਰੇ ਬੂਟੇ ਰੁੱਖ ਬਣਦੇ ਜਾ ਰਹੇ ਹਨ। ਇਸ ਦੋਰਾਨ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਜਿੰਦਗੀ ਵਿੱਚ ਇੱਕ ਰੁੱਖ ਜ਼ਰੂਰ ਲਗਾਉਣ ਤੇ ਹੋਰਾਂ ਨੂੰ ਰੁੱਖ ਲਗਾਉਣ ਲਈ ਤੇ ਉਸਦੀ ਦੇਖਭਾਲ ਕਰਨ ਲਈ ਜਾਗਰੁਕ ਕਰਨ। ਕਿਉਂਕਿ ਸਿਰਫ ਬੂਟੇ ਲਗਾਉਣ ਨਾਲ ਇਹ ਸਮੱਸਿਆ ਹੱਲ ਨਹੀਂ ਹੋਣੀ ਸਗੋਂ ਲਗਾਏ ਹੋਏ ਬੂਟਿਆਂ ਦੀ ਦੇਖਭਾਲ ਕਰਨਾ ਹੀ ਸਹੀ ਅਰਥਾਂ ਵਿੱਚ ਵਾਤਾਵਰਨ ਨੂੰ ਬਚਾਉਣਾ ਹੈ। ਹਰ ਸਾਲ ਵਾਤਾਵਰਨ ਦਿਵਸ ਕਿਸੇ ਥੀਮ ਦੇ ਤਹਿਤ ਹੀ ਮਨਾਇਆ ਜਾਂਦਾ ਹੈ, ਇਸ ਸਾਲ ਦੀ ਥੀਮ ਹੈ ‘ਈਕੋਸਿਸਟਮ ਰਿਸੋਟਰੇਸ਼ਨ’: ਭਾਵ ਕਿ ਇੱਕ ਸਿਹਤਮੰਦ ਈਕੋਸਿਸਟਮ ਨੂੰ ਮੁੜ੍ਹ ਬਹਾਲ ਕਰਨਾ। ਸਕੂਲ ਵਿੱਚ ਵਾਤਾਵਰਨ ਦਿਵਸ ਨਾਲ ਸੰਬੰਧਤ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਸਕੁਲ ਪ੍ਰਿੰਸੀਪਲ ਡਾ ਹਮੀਲੀਆ ਰਾਣੀ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕੇ ਆਪਣੀ ਅਗਾਂਹਵਧੂ ਸੋਚ ਸਦਕਾ ਇਨਸਾਨ ਨੇ ਬਹੁਤ ਤਰੱਕੀ ਕਰ ਲਈ ਹੈ ਅਤੇ ਹਜੇ ਵੀ ਅੱਗੇ ਵੱਧਦਾ ਜਾ ਰਿਹਾ ਹੈ, ਪਰ ਇਸ ਤਰੱਕੀ ਦੀ ਇੱਕ ਬਹੁਤ ਵੱਡੀ ਕੀਮਤ ਵੀ ਚੁਕਾਈ ਗਈ ਹੈ। ਤਰੱਕੀ ਕਰਕੇ ਇਨਸਾਨ ਨੇ ਜੀਵਨ ਤਾਂ ਖੁਸ਼ਹਾਲ ਬਣਾ ਲਿਆ ਪਰ ਹੁਣ ਇਨਸਾਨੀ ਜੀਵਨ ਦੀ ਹੋਂਦ ਹੀ ਖਤਰੇ ਵਿੱਚ ਨਜ਼ਰ ਆ ਰਹੀ ਹੈ। ਅਸੀਂ ਸਾਰੇ ਚੰਗੀ ਤਰ੍ਹਾਂ ਇਹ ਜਾਣਦੇ ਹਾਂ ਕਿ ਆਕਸੀਜਨ ਤੋਂ ਬਗੈਰ ਇਸ ਧਰਤੀ ਉੱਪਰ ਜੀਵਨ ਸੰਭਵ ਨਹੀਂ ਹੈ ਅਤੇ ਰੁੱਖਾਂ ਦੇ ਬਗੈਰ ਆਕਸੀਜਨ ਦਾ ਹੋਰ ਕੋਈ ਵੀ ਸੋਮਾ ਇਸ ਧਰਤੀ ਉੱਪਰ ਮੌਜੂਦ ਨਹੀਂ ਹੈ। ਇਸ ਲਈ ਧਰਤੀ ਉੱਪਰ ਜੀਵਨ ਦੀ ਹੋਂਦ ਨੂੰ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਵੱਦ ਤੋਂ ਵੱਧ ਰੁੱਖ ਲਗਾਏ ਜਾਣ ਅਤੇ ਉਹਨਾਂ ਦੀ ਦੇਖਭਾਲ ਕੀਤੀ ਜਾਵੇ। ਇਸ ਮੌਕੇ ਸਕੂਲ ਵਿੱਚ ਚੱਲ ਰਹੇ 5ਵੀਂ ਗਲਰਜ਼ ਬਟਾਲਿਅਨ ਦੇ ਅੰਡਰ ਐੱਨ.ਸੀ.ਸੀ. ਕੈਡਿਟਸ ਨੇ ਵੀ ਪੌਦੇ ਲਗਾਏ।