ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਵੱਲੋਂ ਮਿਸ਼ਨ ਹਰਿਆਲੀ 2023 ਤਹਿਤ ਬੂਟੇ ਲਗਾਉਣ ਦੀ ਕੀਤੀ ਸ਼ੁਰੂਆਤ
ਅੰਬ, ਆਂਵਲਾ, ਅਮਰੂਦ, ਜਾਮਨ, ਟਾਹਲੀ ਅਤੇ ਗੁਲਮੋਹਰ ਦੇ 3800 ਬੂਟੇ ਲਗਾ ਕੇ ਪਾਇਆ ਅਹਿਮ ਯੋਗਦਾਨ – ਸੈਣੀ
ਆਪਣਾ ਪੰਜਾਬ ਫਾਉਂਡੇਸ਼ਨ ਵੱਲੋਂ ਉਲੀਕੇ ਗਏ ਮਿਸ਼ਨ ਹਰਿਆਲੀ 2023 ਤਹਿਤ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਵੱਲੋਂ ਵੱਖ-ਵੱਖ ਕਿਸਮ ਦੇ 3800 ਬੂਟੇ ਲਗਾ ਕੇ ਅਹਿਮ ਯੋਗਦਾਨ ਪਾਇਆ ਗਿਆ। ਆਪਣਾ ਪੰਜਾਬ ਫਾਉਂਡੇਸ਼ਨ ਨੇ ਪੰਜਾਬ ਭਰ ਵਿੱਚ 7 ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਹੈ। ਜਿਸਦੀ ਸ਼ੁਰੂਆਤ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਪੱਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਪਿਛਲੇ ਦਿਨੀ ਕੀਤੀ ਗਈ। ਮੋਗਾ ਜ਼ਿਲੇ ਵਿੱਚ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਵੱਲੋਂ ਮੋਹਰੀ ਹੁੰਦੇ ਹੋਏ ਬੱਚਿਆਂ ਨੂੰ ਪ੍ਰੇਰਿਤ ਕੀਤਾ ਅਤੇ ਸੰਸਥਾ ਦਾ ਹਰ ਇੱਕ ਬੱਚਾ, ਇੱਕ ਸਟਾਫ ਮੈਂਬਰ ਇੱਕ ਬੂਟਾ ਲਗਾਉਂਦੇ ਹੋਏ ਫੋਟੋ ਖਿੱਚ ਕੇ ਆਪਣਾ ਪੰਜਾਬ ਫਾਂਉਂਡੇਸ਼ਨ ਦੇ ਪੋਰਟਲ ਉੱਪਰ ਅਪਲੋਡ ਕਰਕੇ ਸਰਟੀਫੀਕੇਟ ਪ੍ਰਾਪਤ ਕਰੇਗਾ। ਇੱਥੇ ਇਹ ਦੱਸਣਾ ਵੀ ਜ਼ਿਕਰਯੋਗ ਹੈ ਕਿ ਇਹ ਸਰਟੀਫੀਕੇਟ ਭਵਿੱਖ ਵਿੱਚ ਬੱਚਿਆਂ ਦੀ ਸਕੂਲ ਦੀ ਇੰਟਰਨਲ ਅਸੈੱਸਮੈਂਟ ਵਿੱਚ ਭਾਗੀਦਾਰ ਬਣੇਗਾ ਤਾਂ ਜੋ ਬੱਚਿਆ ਨੂੰ ਵਾਤਾਵਰਨ ਦੇ ਸੁਧਾਰ ਪ੍ਰਤੀ ਸੁਚੇਤ ਕੀਤਾ ਜਾ ਸਕੇ। ਇਸ ਦੌਰਾਨ ਬੀ.ਬੀ.ਐੱਸ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਨੇ ਕਿਹਾ ਕਿ ਇਹ ਕਦਮ ਵਾਤਾਵਰਨ ਦੇ ਸੁਧਾਰ ਵਿੱਚ ਇੱਕ ਮੀਲ ਪੱਥਰ ਵਜੋਂ ਸਾਬਿਤ ਹੋਵੇਗਾ। ਕਿਉਂਕਿ ਚੰਗੀ ਸ਼ੁਰੂਆਤ ਹੀ ਅੱਧਾ ਕੰਮ ਫਤਿਹ ਕਰ ਦਿੰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਭਰ ਵਿੱਚ ਪ੍ਰਾਈਵੇਟ ਸਕੂਲ ਆਪਣੇ ਬੱਚਿਆਂ ਅਤੇ ਸਟਾਫ ਦੇ ਸੰਖਿਆ ਬਲ ਅਨੁਸਾਰ ਬੂਟੇ ਲਗਾ ਕੇ ਬਹੁਤ ਵੱਡਾ ਰਿਕਾਰਡ ਸਥਾਪਿਤ ਕਰ ਸਕਦੇ ਹਨ। ਪਰ ਇਸ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੋਸ਼ਿਸ਼ ਕਰਨੀ ਪਵੇਗੀ। ਉਹਨਾਂ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਘਰ ਵਿੱਚ ਜਾਂ ਆਸ ਪਾਸ ਕਿਸੇ ਵੀ ਸੁਖਾਵੀਂ ਜਗਾਹ ਉੱਤੇ ਬੂਟਾ ਲਗਾ ਕੇ ਉਸਦੀ ਦੇਖਭਾਲ ਕਰਨੀ ਯਕੀਨੀ ਬਣਾਉਣ ਤਾਂ ਜੋ ਬੂਟਾ ਵੱਧ-ਫੁੱਲ ਕੇ ਦਰਖਤ ਬਣ ਸਕਣ। ਸਕੂਲ ਵਿੱਚੋਂ ਬੂਟੇ ਮਿਲਣ ਤੋਂ ਬਾਅਦ ਬੱਚੇ ਇਸ ਮਿਸ਼ਨ ਲਈ ਪੂਰੇ ਜੋਸ਼ ਵਿੱਚ ਨਜ਼ਰ ਆਏ। ਇਸ ਮੌਕੇ ਸਕੁਲ ਚੇਅਰਪਰਸਨ ਮੈਡਮ ਕਮਲ ਸੈਣੀ ਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਕਿਹਾ ਕਿ ਮਿਸ਼ਨ ਹਰਿਆਲੀ 2023 ਇੱਕ ਸਮੂਹਿਕ ਯਤਨ ਹੈ ਜੋ ਵਾਤਾਵਰਣ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਏਕਤਾ ਦੀ ਸ਼ਕਤੀ ਦੀ ਮਿਸਾਲ ਦਿੰਦਾ ਹੈ। ਇਸ ਮਿਸ਼ਨ ਦਾ ਉਦੇਸ਼ ਜੰਗਲਾਂ ਦੀ ਕਟਾਈ, ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨਾ ਅਤੇ ਪੂਰੇ ਖੇਤਰ ਵਿੱਚ ਹਰਿਆਵਲ ਨੂੰ ਵਧਾਉਣਾ ਹੈ। ਇਸ ਮੌਕੇ ਸਮੂਚੇ ਸਟਾਫ ਅਤੇ ਮੈਨੇਜਮੈਂਟ ਵੱਲੋਂ ਆਪਣਾ ਪੰਜਾਬ ਫਾਉਂਡੇਸ਼ਨ ਦਾ ਧੰਨਵਾਦ ਕੀਤਾ ਗਿਆ ਤੇ ਉਮੀਦ ਕੀਤੀ ਕਿ ਫਾਉਂਡੇਸ਼ਨ ਵੱਲੋਂ ਭਵਿੱਖ ਵਿੱਚ ਵੀ ਇਸ ਤਰਾਂ ਦੇ ਹੋਰ ਮਿਸ਼ਨ ਲੈ ਕੇ ਆਵੇਗੀ ਤੇ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਵੱਲੋਂ ਪੂਰਾ ਸਹਿਯੋਗ ਅਤੇ ਬਣਦਾ ਯੋਗਦਾਨ ਪਾਇਆ ਜਾਵੇਗਾ।