Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਇਆ ਗਿਆ ਮਨੁੱਖੀ ਅਧਿਕਾਰ ਦਿਵਸ

ਮੋਗਾ ਸ਼ਹਿਰ ਦੀ ਨਾਮਵਰ ਵਿਦਿਆਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਅੱਜ ਸਵੇਰ ਦੀ ਸਭਾ ਦੌਰਾਨ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਵੱਲੋਂ ਇਸ ਦਿਨ ਨਾਲ ਸੰਬੰਧਿਤ ਚਾਰਟ, ਆਰਟਿਕਲ ਆਦਿ ਪੇਸ਼ ਕੀਤੇ ਗਏ। ਆਰਟਿਕਲ ਪੇਸ਼ ਕਰਦਿਆ ਵਿਦਿਆਰਥੀਆਂ ਨੇ ਦੱਸਿਆ ਕਿ ਮਨੁੱਖੀ ਅਧਿਕਾਰ ਦਿਵਸ ਹਰ ਸਾਲ 10 ਦਸੰਬਰ ਨੂੰ ਅੰਤਰਰਾਸ਼ਟਰੀ ਭਾਈਚਾਰੇ ਦੁਆਰਾ ਮਨਾਇਆ ਜਾਂਦਾ ਹੈ। ਇਹ 1948 ਵਿੱਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਮਨੁੱਖੀ ਅਧਿਕਾਰਾਂ ਦੇ ਵਿਸ਼ਵਵਿਆਪੀ ਘੋਸ਼ਣਾ ਪੱਤਰ ਨੂੰ ਅਪਣਾਇਆ ਸੀ। ਮਨੁੱਖੀ ਅਧਿਕਾਰ ਦਿਵਸ ਦੀ ਰਸਮੀ ਸ਼ੁਰੂਆਤ 1950 ਤੋਂ ਹੋਈ, ਜਦੋਂ ਵਿਧਾਨ ਸਭਾ ਦੁਆਰਾ ਮਤਾ 423 ਪਾਸ ਕੀਤਾ ਗਿਆ ਸੀ, ਜਿਸ ਵਿੱਚ ਸਾਰੇ ਰਾਜਾਂ ਅਤੇ ਦਿਲਚਸਪੀ ਰੱਖਣ ਵਾਲੀਆਂ ਸੰਸਥਾਵਾਂ ਨੂੰ ਹਰ ਸਾਲ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਵਜੋਂ ਅਪਣਾਉਣ ਦਾ ਸੱਦਾ ਦਿੱਤਾ ਗਿਆ ਸੀ। ਜਦੋਂ ਜਨਰਲ ਅਸੈਂਬਲੀ ਨੇ ਘੋਸ਼ਣਾ ਪੱਤਰ ਅਪਣਾਇਆ, ਤਾਂ ਇਸਨੂੰ “ਸਾਰੇ ਲੋਕਾਂ ਅਤੇ ਸਾਰੀਆਂ ਕੌਮਾਂ ਲਈ ਪ੍ਰਾਪਤੀ ਦੇ ਸਾਂਝੇ ਮਿਆਰ” ਵਜੋਂ ਘੋਸ਼ਿਤ ਕੀਤਾ ਗਿਆ ਸੀ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸੰਬੋਧਨ ਕਰਦਿਆ ਦੱਸਿਆ ਕਿ ਮਨੁੱਖੀ ਅਧਿਕਾਰਾਂ ਤੋਂ ਮਤਲਬ ਉਹਨਾਂ ਸਾਰੇ ਅਧਿਕਾਰਾਂ ਤੋਂ ਹੈ ਜੋ ਵਿਅਕਤੀ ਦੇ ਜੀਵਨ, ਸਵਤੰਤਰਤਾ, ਸਮਾਨਤਾ ਅਤੇ ਪ੍ਰਤਿਸ਼ਠਾ ਨਾਲ ਜੁੜੇ ਹੋਏ ਹਨ। ਇਹ ਸਾਰੇ ਅਧਿਕਾਰ ਭਾਰਤੀ ਸੰਵਿਧਾਨ ਦੇ ਭਾਗ ਤਿੰਨ ਵਿੱਚ ਮੂਲਭੂਤ ਅਧਿਕਾਰਾਂ ਦੇ ਨਾਮ ਨਾਲ ਵਰਨਿਤ ਕੀਤੇ ਗਏ ਹਨ। ਜਿਹਨਾਂ ਦੀ ਭਾਰਤੀ ਸੰਵਿਧਾਨ ਨਾ ਕੇਵਲ ਗਰੰਟੀ ਦਿੰਦਾ ਹੈ ਸਗੋਂ ਉਹਨਾਂ ਦਾ ਉਲੰਘਣਾ ਕਰਨ ਵਾਲੇ ਨੂੰ ਅਦਾਲਤ ਸਜ਼ਾ ਵੀ ਦਿੰਦੀ ਹੈ। ਉਹਨਾਂ ਅੱਗੇ ਕਿਹਾ ਕਿ ਮਨੁੱਖੀ ਅਧਿਕਾਰਾਂ ਨੂੰ 30 ਅਨੁਛੇਦਾਂ ਦੁਆਰਾ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ ਅਤੇ ਹਰੇਕ ਵਿਅਕਤੀ ਨੂੰ ਇਸਦੀ ਜਾਣਕਾਰੀ ਅਤੇ ਸਮਝ ਜ਼ਰੂਰ ਹੋਣੀ ਚਾਹੀਦੀ ਹੈ। ਉਹਨਾਂ ਨੇ ਦੱਸਿਆ ਕਿ ਅਨੁਛੇਦ 14 ਤੋਂ 18 ਸਮਾਨਤਾ ਦਾ ਅਧਿਕਾਰ, ਸਵਤੰਤਰਤਾ ਦਾ ਅਧਿਕਾਰ ਅਨੁਛੇਦ 19 ਤੋਂ 22, ਸ਼ੋਸ਼ਣ ਦੇ ਵਿਰੁੱਧ ਅਧਿਕਾਰ ਅਨੁਛੇਦ 23 ਤੋਂ 24, ਧਾਰਮਿਕ ਸਵਤੰਤਰਤਾ ਦਾ ਅਧਿਕਾਰ, ਅਨੁਛੇਦ 25 ਤੋਂ 28 ਸੰਸਕ੍ਰਿਤੀ ਅਤੇ ਸਿੱਖਿਆ ਸਬੰਧੀ ਅਧਿਕਾਰ ਅਨੁਛੇਦ 29 ਤੋਂ 30, ਸੰਵਿਧਾਨਿਕ ਅਧਿਕਾਰ ਅਨੁਛੇਦ 32 ਹੈ। ਉਨਾਂ ਵੱਲੋਂ ਮਨੁੱਖੀ ਅਧਿਕਾਰਾਂ ਸਬੰਧੀ ਹੋਰ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।