Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ।ਇਸ ਦੌਰਾਨ ਸਕੂਲੀ ਅਧਿਆਪਕਾਂ ਵੱਲੋਂ ਦੇਹੁ ਸ਼ਿਵਾ ਵਰ ਮੋਹੇ ਇਹੈ ਸ਼ੁੱਭ ਕਰਮਨ ਤੇ ਕਬਹੁ ਨਾ ਟਰੋਂ ਸ਼ਬਦ ਗਾਇਨ ਕੀਤਾ ਗਿਆ।ਇਸ ਉਪਰੰਤ ਸਕੂਲ ਪ੍ਰਿੰਸੀਪਲ ਡਾ.ਹਮੀਲੀਆ ਰਾਣੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666ਈ: ਵਿੱਚ ਬਿਹਾਰ ਦੀ ਰਾਜਧਾਨੀ ਪਟਨੇ ਵਿਖੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਅਤੇ ਮਾਤਾ ਗੁਜਰੀ ਦੇ ਘਰ ਹੋਇਆ।ਜਦ ਆਪ ਛੋਟੀ ਉਮਰ ਦੇ ਸਨ, ਆਪ ਦੇ ਪਿਤਾ ਕੋਲ ਕੁਝ ਕਸ਼ਮੀਰੀ ਪੰਡਤ ਜੋ ਕਿ ਔਰੰਗਜ਼ੇਬ ਦੇ ਜ਼ੁਲਮ ਦੇ ਸਤਾਏ ਹੋਏ ਸਨ।ਔਰੰਗਜ਼ੇਬ ਉਹਨਾਂ ਪੰਡਤਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਈ ਜਾ ਰਿਹਾ ਸੀ।ਗੁਰੂ ਤੇਗ ਬਹਾਦਰ ਜੀ ਨੇ ਕਿਹਾ ਇਸ ਵੇਲੇ ਕਿਸੇ ਮਹਾਂਪੁਰਖ ਦੀ ਕੁਰਬਾਨੀ ਹੀ ਔਰੰਗਜ਼ੇਬ ਦੇ ਜ਼ੁਲਮ ਨੂੰ ਨੱਥ ਪਾ ਸਕਦੀ ਹੈ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਜੋ ਕਿ ਸਿਰਫ ਨੌਂ ਸਾਲ ਦੇ ਸਨ, ਕਿਹਾ ਕਿ ਪਿਤਾ ਜੀ ਤੁਹਾਡੇ ਨਾਲੋਂ ਵੱਡਾ ਮਹਾਂਪੁਰਖ ਹੋਰ ਕੌਣ ਹੋ ਸਕਦਾ ਹੈ।ਪੁੱਤਰ ਵੱਲੋਂ ਦਲੇਰੀ ਭਰੇ ਸ਼ਬਦ ਸੁਣ ਕੇ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਸ਼ਹੀਦ ਹੋਣ ਲਈ ਚੱਲ ਪਏ ਅਤੇ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਉਨਾਂ੍ਹ ਦਾ ਪੁੱਤਰ ਗੁਰਗੱਦੀ ਨੂੰ ਸੰਭਾਲਣ ਦੇ ਯੋਗ ਹੋ ਗਿਆ ਹੈ।ਅੱਗੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ1686 ਈ: ਵਿੱਚ ਭੰਗਾਣੀ ਦੇ ਸਥਾਨ ਤੇ ਪਹਾੜੀ ਰਾਜਿਆਂ ਨੂੰ ਕਰਾਰੀ ਹਾਰ ਦਿੱਤੀ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਈ: ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ, ਪੰਜ ਪਿਆਰੇ ਸਾਜੇ ਅਤੇ ਆਪਣੇ ਨਾਮ ਪਿੱਛੇ ਰਾਏ ਸ਼ਬਦ ਛੱਡ ਕਿ ਸਿੰਘ ਲਗਾਉਣਾ ਸ਼ੁਰੂ ਕੀਤਾ।ਸਵਾ ਲਾਖ ਸੇ ਏਕ ਲੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ।ਅੱਗੇ ਉਹਨਾਂ ਨੇ ਦੱਸਿਆਂ ਕਿ ਕਿਵੇਂ ਗੁਰੂ ਜੀ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ। ਆਪ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਜੰਗ ਵਿੱਚ ਲੜਦੇ-ਲੜਦੇ ਸ਼ਹੀਦ ਹੋ ਗਏ ਅਤੇ ਦੋ ਛੋਟੇ ਸ਼ਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ।ਆਪ ਦੇ ਮਾਤਾ ਜੀ ਪੋਤਰਿਆਂ ਦੀ ਸ਼ਹੀਦੀ ਨੂੰ ਬਰਦਾਸ਼ਤ ਨਾ ਕਰਦੇ ਹੋਏ ਪਭੂ ਦੇ ਚਰਨਾਂ ਵਿੱਚ ਜਾ ਬਿਰਾਜੇ। ਗੁਰੂ ਜੀ ਨੇ ਚਾਲੀ ਸਿੰਘਾਂ ਨੂੰ ਚਾਲੀ ਮੁਕਤਿਆਂ ਦਾ ਨਾਮ ਦਿੱਤਾ ਅਤੇ ਉਹਨਾਂ ਦੇ ਨਾਂ ‘ਤੇ ਹੀ ਮੁਕਤਸਰ ਸਾਹਿਬ ਦਾ ਨਾਂ ਰੱਖਿਆ ਗਿਆ, ਜਿੱਥੇ ਹਰ ਸਾਲ ਮਾਘੀ ‘ਤੇ ਭਾਰੀ ਮੇਲਾ ਜੁੜਦਾ ਹੈ।ਅੱਗੇ ਕਿਹਾ ਕਿ ਗੁਰੂ ਜੀ ਨੇ ਸਭ ਨਾਲ ਪ੍ਰੇਮ ਨਾਲ ਰਹਿਣਾ ਤੇ ਪ੍ਰਮਾਤਮਾ ਦੀ ਭਗਤੀ ਕਰਨੀ, ਸੱਚ ਦੇ ਮਾਰਗ ਉੱਤੇ ਚੱਲਣ ਦਾ ਸੰਦੇਸ਼ ਦਿੱਤਾ।ਇੱਕ ਪਠਾਣ ਨੇ ਛੁਰਾ ਮਾਰ ਕੇ ਆਪ ਜੀ ਨੂੰ ਜ਼ਖਮੀ ਕਰ ਦਿੱਤਾ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ 1708 ਈ: ਨੂੰ ਜੋਤੀ-ਜੋਤ ਸਮਾ ਗਏ । ਉਹਨਾਂ ਦੀ ਸ਼ਹਾਦਤ ਨੂੰ ਲੱਖ-ਲੱਖ ਵਾਰੀ ਪ੍ਰਣਾਮ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।