ਜ਼ਿਲ੍ਹਾ ਲੁਧਿਆਣਾ ਦੀ ਰਾਜਨੀਤੀ ਦੇ ਬਾਬਾ ਬੋਹੜ ਅਮਰੀਕ ਸਿੰਘ ਢਿੱਲੋਂ ਵੱਲੋਂ ਅਜ਼ਾਦ ਚੋਣ ਲੜਨ ਦਾ ਐਲਾਨ
ਲੁਧਿਆਣਾ ਜਿਲਾ ਵਿੱਚ ਪੈਂਦੇ ਹਲਕਾ ਸਮਰਾਲਾ ਦੇ ਵਿਧਾਇਕ ਸਰਦਾਰ ਅਮਰੀਕ ਸਿੰਘ ਢਿੱਲੋਂ ਨੂੰ ਅੱਖੋਂ ਪਰੋਖੇ ਕਰਕੇ ਕਾਂਗਰਸ ਆਲਾ ਕਮਾਨ ਵੱਲੋਂ ਰਾਜਾ ਗਿੱਲ ਨੂੰ ਬਤੌਰ ਹਲਕਾ ਸਮਰਾਲਾ ਤੋ ਕਾਂਗਰਸ ਉਮੀਦਵਾਰ ਐਲਾਨਣ ਤੋਂ ਬਾਅਦ ਸਮੁੱਚੇ ਸਮਰਾਲਾ ਹਲਕੇ ਵਿਚ ਬਗਾਵਤ ਹੋ ਗਈ ਹੈ। ਇਹ ਦੱਸਣਾ ਜਿਕਰਯੋਗ ਹੋਵੇਗਾ ਕਿ ਸਮਰਾਲਾ ਹਲਕੇ ਵਿਚ ਪੈਂਦੇ ਬਲਾਕ ਸਮਰਾਲਾ ਤੇ ਮਾਛੀਵਾੜਾ ਦੇ 180 ਪਿੰਡਾਂ ਵਿੱਚੋਂ 170 ਸਰਪੰਚ ਵਿਧਾਇਕ ਢਿੱਲੋਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨਜ਼ਰ ਆ ਰਹੇ ਹਨ। ਸਮਰਾਲਾ ਤੇ ਮਾਛੀਵਾੜਾ ਵਿਚ ਪੈਂਦੇ 30 ਕੌਂਸਲਰਾਂ ਵਿਚੋਂ 22 ਕੌਂਸਲਰ ਵਿਧਾਇਕ ਢਿੱਲੋਂ ਨਾਲ ਖੜ੍ਹੇ ਹਨ ਅਤੇ ਰਾਜਾ ਗਿੱਲ ਦਾ ਡੱਟ ਕੇ ਵਿਰੋਧ ਕਰ ਰਹੇ ਹਨ। ਰਾਜਨੀਤੀ ਵਿਚ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਛਵੀ ਕਿਸੇ ਬਾਬਾ ਬੋਹੜ ਨਾਲੋਂ ਘਟ ਨਹੀਂ ਹੈ। ਵਿਧਾਇਕ ਢਿੱਲੋਂ ਦਾ ਸਿਆਸੀ ਸਫਰ ਲਗਭਗ 50 ਸਾਲ ਤੋਂ ਜ਼ਿਆਦਾ ਦਾ ਹੈ। ਉਹ 1997 ਵਿਚ 14 ਜੇਤੂ ਕਾਂਗਰਸੀ ਵਿਧਾਇਕਾਂ ਚੋਂ ਸਨ। ਉਹਨਾਂ ਨੇ ਕ੍ਰਮਵਾਰ 2002, 2012 ਅਤੇ 2017 ਵਿਚ ਵੀ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। ਇਸ ਤਰ੍ਹਾਂ ਉਹ ਆਪਣਾ ਜੇਤੂ ਰੱਥ ਅੱਗੇ ਵਧਾਉਂਦੇ ਰਹੇ ਭਾਵੇਂ ਕਿ ਹਲਕਾ ਸਮਰਾਲਾ ਵਿਚ ਪੈਂਦੇ ਅਲੱਗ-ਅਲੱਗ ਇਲਾਕਿਆਂ ਵਿਚ ਕਾਂਟ-ਛਾਂਟ ਹੁੰਦੀ ਰਹੀ। ਕਿਉਂਕਿ ਕਿਸੇ ਵੇਲੇ ਖਮਾਣੋਂ ਅਤੇ ਸੰਘੋਲ ਇਸ ਦਾ ਹਿੱਸਾ ਰਹੇ ਸਨ। ਕਿਸੇ ਸਮੇਂ ਬੀਜਾ ਬਲਾਕ ਵੀ ਇਸ ਹਲਕੇ ਦਾ ਹਿੱਸਾ ਸੀ ਅਤੇ ਹੁਣ ਇਸ ਹਲਕੇ ਵਿੱਚ ਸਮਰਾਲਾ ਅਤੇ ਮਾਛੀਵਾੜਾ ਬਲਾਕ ਹਨ। ਵਿਧਾਇਕ ਢਿੱਲੋਂ ਸਾਫ-ਸੁਥਰੀ ਛਵੀ ਅਤੇ ਕੁਸ਼ਲ ਵਾਗਡੋਰ ਸੰਭਾਲਣ ਵਾਲੇ ਮੰਨੇ ਜਾਂਦੇ ਹਨ। ਕਾਂਗਰਸ ਪਾਰਟੀ ਨੇ ਉਨ੍ਹਾਂ ਦੀ ਡਿਊਟੀ ਜਦੋਂ ਵੀ ਜਿੱਥੇ ਵੀ ਲਗਾਈ ਉਸਨੂੰ ਬੜੀ ਇਮਾਨਦਾਰੀ ਨਾਲ ਨਿਭਾਇਆ। ਵਿਧਾਇਕ ਢਿੱਲੋਂ ਲੰਬੇ ਸਮੇਂ ਕਾਂਗਰਸ ਆਰਗਨਾਈਸਿੰਗ ਕਮੇਟੀ ਵਿੱਚ ਵੀ ਰਹੇ ਅਤੇ ਮਰਹੂਮ ਸ੍ਰੀਮਤੀ ਇੰਦਰਾ ਗਾਂਧੀ ਦੇ ਪੱਖ ਵਿੱਚ 1977-78 ਵਿਚ ਜੇਲ ਵੀ ਗਏ। ਇਸ ਸਮੇਂ ਸਮੁੱਚੇ ਹਲਕੇ ਵਿਚ ਵਿਧਾਇਕ ਢਿੱਲੋਂ ਦੇ ਹੱਕ ਵਿੱਚ ਅਤੇ ਕਾਂਗਰਸ ਦੇ ਵਿਰੁੱਧ ਲਹਿਰ ਬਣੀ ਜਾਪਦੀ ਹੈ। ਜਿਸ ਨੂੰ ਹਰ ਖਿੱਤੇ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ। ਅੱਜ ਕੋਵਿਡ ਪ੍ਰੋਟੋਕੋਲ ਹੋਣ ਦੇ ਬਾਵਜੂਦ ਵੀ ਸਮੁੱਚੇ ਇਲਾਕੇ ਨੇ ਵਿਧਾਇਕ ਢਿੱਲੋਂ ਦੇ ਘਰ ਪਹੁੰਚ ਕੇ ਆਪਣਾ ਸਮਰਥਨ ਜਤਾਇਆ ਤੇ ਢਿੱਲੋਂ ਸਾਹਿਬ ਨੂੰ ਇਹ ਤਸੱਲੀ ਦਵਾਈ ਕਿ ਤੁਸੀਂ ਇਸ ਹਲਕੇ ਦੇ ਸਾਡੇ ਲੀਡਰ ਹੋ ਅਤੇ ਹਮੇਸ਼ਾ ਰਹੋਗੇ। ਵਿਧਾਇਕ ਢਿੱਲੋਂ ਦੇ ਸਮਰਥਕਾਂ ਨੇ ਆਪਣੇ ਵੱਲੋਂ ਅਪੀਲ ਕਰਦਿਆਂ ਹੋਇਆਂ ਕਾਂਗਰਸ ਹਾਈਕਮਾਨ ਨੂੰ ਕਿਹਾ ਕਿ ਇਸ ਇਲਾਕੇ ਨੂੰ ਮੌਜੂਦਾ ਹਾਲਾਤ ਵਿਚ ਜੇ ਕੋਈ ਜਿੱਤ ਦਵਾ ਸਕਦਾ ਹੈ ਤਾਂ ਉਹ ਸਿਰਫ ਤੇ ਸਿਰਫ ਅਮਰੀਕ ਸਿੰਘ ਢਿੱਲੋਂ ਹੀ ਹੈ। ਇਸ ਕਰਕੇ ਕਾਂਗਰਸ ਹਾਈ ਕਮਾਨ ਨੂੰ ਗੌਰ ਕਰਕੇ ਟਿਕਟ ਤਬਦੀਲ ਕਰਕੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਦੇਣੀ ਚਾਹੀਦੀ ਹੈ। ਇਸ ਸਮੇਂ ਪੰਜਾਬ ਭਰ ਦਾ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਇਸ ਰਾਜਨੀਤੀ ਕ੍ਰਾਂਤੀ ਨੂੰ ਕਵਰ ਕਰਨ ਲਈ ਵਿਧਾਇਕ ਢਿੱਲੋਂ ਦੇ ਗ੍ਰਹਿ ਵਿਖੇ ਮੌਜੂਦ ਸੀ ਤੇ ਉਥੋਂ ਦਾ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕਿ ਢਿੱਲੋਂ ਜੇਕਰ ਅਜ਼ਾਦ ਵੀ ਖੜ੍ਹ ਜਾਂਦੇ ਹਨ ਤਾਂ ਉਹਨਾਂ ਦੀ ਜਿੱਤ ਯਕੀਨੀ ਹੈ। ਵਿਧਾਇਕ ਢਿੱਲੋਂ ਵੀ ਸੰਪਰਕ ਕਰਨ ਤੇ ਆਪਣੀ ਜਿੱਤ ਪ੍ਰਤੀ ਜੋਸ਼ ਨਾਲ ਭਰੇ ਨਜ਼ਰ ਆਏ ਅਤੇ ਉਨ੍ਹਾਂ ਕਿਹਾ ਕਿ ਮੈਂ ਕੱਲ੍ਹ ਨੂੰ ਆਜ਼ਾਦ ਉਮੀਦਵਾਰ ਵਜੋਂ ਹਲਕਾ ਸਮਰਾਲਾ ਤੋੰ ਆਪਣੇ ਕਾਗਜ ਭਰਾਂਗਾ ਅਤੇ ਆਪਣੇ ਹਲਕੇ ਦੇ ਲੋਕਾਂ ਪ੍ਰਤੀ ਹਮੇਸ਼ਾ ਸੇਵਾ ਲਈ ਹਾਜ਼ਰ ਰਹਾਂਗਾ।