Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਮਨਾਇਆ ਗਿਆ ਤੰਬਾਕੂ ਵਿਰੋਧੀ ਦਿਵਸ

ਤੰਬਾਕੂ ਸਾਡੀ ਸਿਹਤ ਅਤੇ ਵਾਤਾਵਰਨ ਲਈ ਵੱਡਾ ਖਤਰਾ : ਪ੍ਰਿੰਸੀਪਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸਵੇਰ ਦੀ ਸਭਾ ਦੋਰਾਨ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ। ਜਿਸ ਦੋਰਾਨ ਵਿਦਿਆਰਥੀਆਂ ਵੱਲੋਂ ਤੰਬਾਕੂ ਦੀ ਵਰਤੋਂ ਕਰਨ ਤੇ ਹੋਣ ਵਾਲੇ ਨੁਕਸਾਨ ਨੂੰ ਦਰਸ਼ਾਉਂਦੇ ਹੋਏ ਚਾਰਟ ਤੇ ਆਰਟੀਕਲ ਪੇਸ਼ ਕੀਤੇ ਗਏ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੂਲੀ ਵਿਦਿਆਰਥੀਆਂ ਨੇ ਦੱਸਿਆ ਕਿ ਹਰ ਸਾਲ, 31 ਮਈ ਨੂੰ, ਵਿਸ਼ਵ ਸਿਹਤ ਸੰਗਠਨ ਅਤੇ ਹੋਰ ਸੰਸਥਾਵਾਂ ਮਿਲ ਕੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਉਂਦੇ ਹਨ। ਇਸ ਸਲਾਨਾ ਮੁਹਿੰਮ ਵਿੱਚ ਤੰਬਾਕੂ ਦੀ ਵਰਤੋਂ ਦੇ ਨੁਕਸਾਨ, ਮਾਰੂ ਪ੍ਰਭਾਵਾਂ ਅਤੇ ਕਿਸੇ ਵੀ ਰੂਪ ਵਿਚ ਤੰਬਾਕੂ ਦੀ ਵਰਤੋਂ ਨਾਂ ਕਰਨ ਲਈ ਜਾਗਰੁਕ ਕੀਤਾ ਜਾਂਦਾ ਹੈ। ਉਹਨਾਂ ਅੱਗੇ ਦੱਸਿਆ ਕਿ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਦੇ ਫੇਫੜਿਆਂ ਦੀ ਸਿਹਤ ਉੱਤੇ ਅਸਰ ਪੈਂਦਾ ਹੈ, ਸਾਹ ਦੀ ਬਿਮਾਰੀ ਤੋਂ ਲੈ ਕੇ ਕੈਂਸਰ ਤੱਕ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਹਰ ਸਾਲ ਇਹ ਦਿਵਸ ਕਿਸੇ ਖਾਸ ਥੀਮ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਦਾ ਥੀਮ ਹੈ : “ਅੰਨ ਉਗਾਓ, ਤੰਬਾਕੁ ਨਹੀਂ” ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਪੂਰੇ ਵਿਸ਼ਵ ਵਿੱਚ ਅੰਨ ਦੀ ਲੋੜ ਤੰਬਾਕੂ ਤੋਂ ਵੀ ਵੱਧ ਹੈ। ਤੰਬਾਕੂ ਹਰ ਸਾਲ 8 ਮਿਲੀਅਨ ਤੋਂ ਵੱਧ ਲੋਕਾਂ ਨੂੰ ਮਾਰਦਾ ਹੈ ਅਤੇ ਸਾਡੇ ਵਾਤਾਵਰਣ ਨੂੰ ਤਬਾਹ ਕਰਦਾ ਹੈ। ਇਸ ਦੋਰਾਨ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਤੰਬਾਕੂ ਦੇ ੳਤਪਾਦਨ ਵਿੱਚ ਵਰਤੋਂ ਵਿੱਚ ਆਉਣ ਵਾਲੇ ਕਈ ਇਸ ਤਰ੍ਹਾਂ ਦੇ ਸਰੋਤਾਂ ਦੀ ਬਰਬਾਦੀ ਹੁੰਦੀ ਹੈ ਜਿਹਨਾਂ ਉੱਪਰ ਸਾਡੀ ਹੋਂਦ ਨਿਰਭਰ ਕਰਦੀ ਹੈ। ਉਹਨਾਂ ਵਿਦਿਆਰਥੀਆਂ ਨੂੰ ਜਾਗਰੁਕ ਕਰਦਿਆਂ ਕਿਹਾ ਕਿ ਤੁਹਾਡੇ ਆਸ-ਪਾਸ ਅਗਰ ਕੋਈ ਸਿਗਰਟ ਦਾ ਸੇਵਨ ਕਰਦਾ ਹੈ ਤਾਂ ਉਸਨੂੰ ਰੋੋਕੋ ਤੇ ਤੰਬਾਕੂ ਨਾਲ ਹੋਣ ਵਾਲੇ ਨੁਕਸਾਨ ਬਾਰੇ ਵੀ ਦੱਸੋ। ਤੰਬਾਕੂ ਦਾ ਲਗਾਤਾਰ ਸੇਵਨ ਕਰਨ ਨਾਲ ਕੈਂਸਰ ਦੇ ਰੋਗ ਹੋ ਜਾਂਦੇ ਹਨ। ਜਿਹਨਾਂ ਤੋਂ ਬੱਚਣਾ ਵੀ ਔਖਾ ਹੋ ਜਾਂਦਾ ਹੈ। ਪ੍ਰਿੰਸੀਪਲ ਮੈਡਮ ਨੇ ਵਿਦਿਆਰਥੀਆਂ ਨੂੰ ਤੰਬਾਕੂ ਮੁਕਤ ਜੀਵਨ ਪ੍ਰਤੀ ਆਪਣੀ ਵਚਨਬੱਧਤਾ ਵਿੱਚ ਮਜ਼ਬੂਤ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਆਸ–ਪਾਸ ਦੇ ਲੋਕਾਂ ਨੂੰ ਤੰਬਾਕੂ ਦੇ ਬੂਰੇ ਪ੍ਰਭਾਵ ਤੋਂ ਬਚਣ ਲਈ ਜਾਗਰੁਕ ਕਰਨ ਲਈ ਕਿਹਾ। ਸਭਾ ਦੀ ਸਮਾਪਤੀ ਸਹੁੰ ਚੁੱਕ ਸਮਾਗਮ ਨਾਲ ਹੋਈ, ਜਿਸ ਵਿੱਚ ਵਿਦਿਆਰਥੀਆਂ ਨੇ ਕਦੇ ਵੀ ਤੰਬਾਕੂ ਉਤਪਾਦਾਂ ਦੀ ਵਰਤੋਂ ਨਾ ਕਰਨ ਦੀ ਸਹੁੰ ਚੁੱਕੀ।