ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਤੇ ਕੋਚ ਨੇ ਅੰਤਰਰਾਸ਼ਟਰੀ ਪੱਧਰੀ ਚੈਂਪਿਅਨਸ਼ਿਪ ‘ਚ ਲਿਆ ਹਿੱਸਾ

ਬੀ.ਬੀ.ਐੱਸ. ਵਿਦਿਆਰਥੀਆਂ ਲਈ ਮੁਹੱਈਆ ਕਰਵਾ ਰਿਹਾ ਹੈ ਅੰਤਰਰਾਸ਼ਟਰੀ ਪੱਧਰ ਦੇ ਪਲੇਟਫਾਰਮ- ਕਮਲ ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ। ਇਸੇ ਲੜ੍ਹੀ ਦੇ ਤਹਿਤ ਇੱਕ ਮੀਲ ਪੱਥਰ ਸਥਾਪਿਤ ਕਰਦਿਆਂ ਬਲੂਮਿੰਗ ਬਡਜ਼ ਸਕੂਲ ਦੇ ਦੋ ਵਿਦਿਆਰਥੀਆਂ ਅਤੇ ਕੋਚ ਪੰਜਾਬ ਮਸੀਹ ਵੱਲੋਂ ਮਲੇਸ਼ੀਆ ਦੇ ਇਪੋਹ ਵਿਖੇ ਹੋਈ ਅੰਤਰਰਾਸ਼ਟਰੀ ਓਪਨ ਬੈਡਮਿੰਟਨ ਚੈਂਪਿਅਨਸ਼ਿਪ ਵਿੱਚ ਹਿੱਸਾ ਲਿਆ ਗਿਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਕੀਤਾ ਗਿਆ। ਉਹਨਾਂ ਦੱਸਿਆ ਕਿ 15-16 ਅਕਤੂਬਰ ਨੂੰ ਹੋਈ ਇਸ ਅੰਤਰਰਾਸ਼ਟਰੀ ਪੱਧਰ ਦੀ ਚੈਂਪਿਅਨਸ਼ਿਪ ਵਿੱਚ ਸਕੂਲ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਜਸਨੂਰ ਕੌਰ ਨੇ ਅੰਡਰ-17 ਦੀ ਲੜਕੀਆਂ ਸਿੰਗਲ ਕੈਟਾਗਰੀ ਵਿੱਚ ਹਿੱਸਾ ਲਿਆ ਅਤੇ ਦਸਵੀਂ ਕਲਾਸ ਦੇ ਕੋਮਲਪ੍ਰੀਤ ਸਿੰਘ ਨੇ ਅੰਡਰ-17 ਦੀ ਲੜਕੇ ਸਿੰਗਲ ਕੈਟਾਗਰੀ ਵਿੱਚ ਹਿੱਸਾ ਲਿਆ ਅਤੇ ਆਪਣੇ ਸਕੂਲ, ਸ਼ਹਿਰ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਇਲਾਵਾ ਸਕੂਲ ਦੇ ਬੈਡਮਿੰਟਨ ਕੋਚ ਪੰਜਾਬ ਮਸੀਹ ਨੇ ਸੀਨੀਅਰ ਕੈਟਾਗਰੀ ਵਿੱਚ ਪੁਰਸ਼ ਸਿੰਗਲ ਅਤੇ ਪੁਰਸ਼ ਡਬਲ ਵਿੱਚ ਹਿੱਸਾ ਲਿਆ। ਪੁਰਸ਼ ਡਬਲ ਕੈਟਾਗਰੀ ਵਿੱਚ ਮਲੇਸ਼ੀਆ ਦੇ ਬੈਡਮਿੰਟਨ ਖਿਡਾਰੀ ਲਿਮ ਕਰ ਲਿਓਂਗ ਪੰਜਾਬ ਮਸੀਹ ਦੇ ਜੋੜੀਦਾਰ ਬਣੇ। ਸਕੂਲ ਵਿੱਚ ਪ੍ਰਾਰਥਨਾ ਸਭਾ ਮੌਕੇ ਦੋਨੋ ਵਿਦਿਆਰਥੀਆਂ ਤੇ ਕੋਚ ਪੰਜਾਬ ਮਸੀਹ ਨੂੰ ਸਰਟੀਫੀਕੇਟ ਦੇ ਕੇ ਸਨਮਾਨ ਕੀਤਾ ਗਿਆ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਵੀ ਇਸ ਮੌਕੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਉਹਨਾਂ ਕਿਹਾ ਕਿ ਬਲੂਮਿੰਗ ਬਡਜ਼ ਸਕੂਲ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਪੱਧਰ ਦੇ ਪਲੇਟਫਾਰਮ ਮੁਹੱਈਆ ਕਰਵਾ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਹਰ ਪ੍ਰਕਾਰ ਦੀ ਸੁਵੀਧਾ ਪ੍ਰਦਾਨ ਕਰਦਾ ਹੈ ਤਾਂ ਜੋ ਵਿਦਿਆਰਥੀ ਅੰਤਰਰਾਸ਼ਟਰੀ ਪੱਧਰ ਤੇ ਮੱਲਾਂ ਮਾਰ ਸਕਣ। ਸਕੂਲ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਬੈਡਮਿੰਟਨ ਕੋਰਟ ਬਣੇ ਹੋਏ ਹਨ ਅਤੇ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਦਾ ਪ੍ਰਬੰਧ ਹੈ ਜਿਸ ਕਰਕੇ ਸਕੂਲ ਦੇ ਵਿਦਿਆਰਥੀ ਬਾਹਰ ਜਾ ਕੇ ਵੀ ਆਪਣਾ 100 ਪ੍ਰਤੀਸ਼ਤ ਪ੍ਰਦਰਸ਼ਨ ਕਰ ਸਕਦੇ ਹਨ। ਕਿਉਂਕਿ ਸਕੁਲ ਵਿੱਚ ਵੀ ਖਿਡਾਰੀ ਬੈਡਮਿੰਟਨ ਦੇ ਅੰਤਰਰਾਸ਼ਟਰੀ ਪੱਧਰ ਦੇ ਵੂਡਨ ਕੋੋਰਟ ਉੱਪਰ ਪ੍ਰੈਕਟਿਸ ਕਰਦੇ ਹਨ ਤੇ ਜਦੋਂ ਵੀ ਉਹ ਕਿਸੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ ਤਾਂ ਉਹਨਾਂ ਨੂੰ ਕੋਰਟ ਉੱਪਰ ਖੇਡਣ ਵਿੱਚ ਕੋਈ ਮੁਸ਼ਕਿਲ ਨਹੀਂ ਆਉਂਦੀ। ਚੇਅਰਪਰਸਨ ਮੈਡਮ ਵੱਲੋਂ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ।