ਪ੍ਰਾਈਵੇਟ ਅਨਏਡਿਡ ਸਕੂਲਜ਼ ਐਸੋਸਿਏਸ਼ਨ ਮੋਗਾ ਵੱਲੋਂ ਬੀਤੇ ਦਿਨੀ ਗੁਰਦਾਸਪੁਰ ਵਿਖੇ ਚਾਰ ਸਾਲ ਦੀ ਬੱਚੀ ਨਾਲ ਦੁਸ਼ਕਰਮ ਦੀ ਘਟਨਾ ਦੇ ਸੰਬੰਧ ਵਿੱਚ ਮੋਗਾ ਦੇ ਮਾਣਯੋਗ ਡਿਪਟੀ ਕਮੀਸ਼ਨਰ ਨੂੰ ਮੈਮੋਰੰਡਮ ਦਿੱਤਾ। ਇਸ ਮੌਕੇ ਫੈਡਰੇਸ਼ਨ ਦੀ ਮੋਗਾ ਇਕਾਈ ਦੇ ਨੁਮਾਇੰਦੇ ਸੰਜੀਵ ਕੁਮਾਰ ਸੈਣੀ, ਦਵਿੰਦਰਪਾਲ ਸਿੰਘ ਰਿੰਪੀ, ਪ੍ਰਵੀਨ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਅਤੇ ਜੁਆਇੰਟ ਐਸੋਸੀਏਸ਼ਨਜ਼ ਆਫ ਕਾਲਜਜ਼ (ਜੈਕ) ਦੀ ਕੋਰ ਕਮੇਟੀ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਸ਼ਨਜ਼, ਗੁਰਦਾਸਪੁਰ ਵਿੱਚ ਪੜ੍ਹਦੀ ਬੱਚੀ ਨਾਲ ਹੋਈ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਫੈਡਰੇਸ਼ਨ ਅਤੇ ਹੋਰ ਜਥੇਬੰਦੀਆਂ ਸੰਘਰਸ਼ ਕਰਨਗੀਆਂ। ਉਹਨਾਂ ਦੱਸਿਆ ਕਿ ਇਸ ਘਟਨਾ ਦੇ ਤਹਿਤ ਸੰਸਥਾ ਦੇ ਚੇਅਰਮੈਨ ਸ਼ਵਿੰਦਰ ਸਿੰਘ ਗਿੱਲ ਅਤੇ ਉਹਨਾਂ ਦੇ ਭਤੀਜੇ ਨੂੰ ਸੰਗੀਨ ਧਾਰਾਵਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਗੁਰਦਾਸਪੁਰ ਪਹੁੰਚੇ ਸਨ ਜਿੱਥੇ ਸੰਸਥਾ ਦੇ ਪ੍ਰਿੰਸੀਪਲ ਨੇ ਸੀ.ਸੀ.ਟੀ.ਵੀ. ਫੁੱਟੇਜ ਦਿਖਾਈ ਜਿਸ ਵਿੱਚ ਛੋਟੀ ਬੱਚੀ ਸਕੂਲ ਵਿੱਚੋਂ ਸਹੀ ਸਲਾਮਤ ਵਾਪਸ ਆਪਣੇ ਮਾਪਿਆਂ ਨਾਲ ਜਾ ਰਹੀ ਸੀ। ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਫੁੱਟੇਜ ਵਿੱਚ ਉਹ ਵਿਦਿਆਰਥਣ ਆਪਣੇ ਮੁਹੱਲੇ ਵਿੱਚ ਖੇਡਦੀ ਨਜ਼ਰ ਆ ਰਹੀ ਹੈ। ਸਾਰਾ ਸ਼ਹਿਰ ਅਤੇ ਖੁਦ ਪੁਲਿਸ ਜਾਣਦੇ ਹਨ ਕਿ ਸੰਸਥਾ ਦੇ ਪ੍ਰਬੰਧਕ ਨਿਰਦੋਸ਼ ਹਨ ਪਰੰਤੂ ਉਹਨਾਂ ਨੂੰ ਲੋਕਾਂ ਵੱਲੋਂ ਲਗਾਏ ਗਏ ਹਾਈਵੇ ਉੱਪਰ ਜਾਮ ਨੂੰ ਖੁਲਵਾਉਣ ਲਈ ਬਿਨਾਂ ਕਿਸੇ ਕਸੂਰ ਤੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਵੀ ਇਸ ਦਾ ਗੰਭੀਰ ਨੋਟਿਸ ਲਿਆ ਗਿਆ ਹੈ ਅਤੇ ਪੱਤਰ ਮੀਮੋ ਨੰ. ਐਸ.ਐਮ 24/GDP/2022/302 ਮਿਤੀ 7.4.2022 ਰਾਹੀਂ ਅਸਲ ਦੋਸ਼ੀਆਂ ਨੂੰ ਫੜਨ ਲਈ ਨਿਰਦੇਸ਼ ਦਿੱਤੇ ਹਨ। ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਉਹ ਬੱਚੀ ਨੂੰ ਇਨਸਾਫ ਦਿਵਾਉਣ ਲਈ ਅਤੇ ਅਸਲ ਦੋਸ਼ੀਆਂ ਨੂੰ ਫੜਾਉਣ ਲਈ ਸੰਘਰਸ਼ ਕਰਨਗੇ। ਰੋਸ ਵਜੋਂ ਪੂਰਾ ਗੁਰਦਾਸਪੁਰ ਜ਼ਿਲ੍ਹੇ ਦੀਆਂ ਸਾਰੀਆਂ ਸੰਸਥਾਵਾਂ ਇੱਕ ਦਿਨ ਲਈ ਬੰਦ ਕੀਤੀਆਂ ਗਈਆਂ ਸਨ ਅਤੇ ਹੁਣ 11 ਅਪ੍ਰੈਲ ਨੂੰ ਪੰਜਾਬ ਦੀਆਂ ਸਾਰੀਆਂ ਸੰਸਥਾਵਾਂ (ਸਕੂਲ ਅਤੇ ਕਾਲਜ) ਰੋਸ ਵਜੋਂ ਬੰਦ ਰਹੀਆਂ ਤੇ ਅੱਜ ਕੋਰ ਕਮੇਟੀ ਫੈਸਲਾ ਕਰੇਗੀ ਕਿ ਜੇਕਰ ਪੁਲਿਸ ਨੇ ਅਸਲ ਦੋਸ਼ੀ ਗ੍ਰਿਫਤਾਰ ਕਰਕੇ ਚੇਅਰਮੈਨ ਗਿੱਲ ਨੂੰ ਰਿਹਾਅ ਨਾ ਕੀਤਾ ਤਾਂ ਭਵਿੱਖ ਵਿੱਚ ਪੰਜਾਬ ਦੀਆਂ ਸਾਰੀਆਂ ਸੰਸਥਾਵਾਂ ਸੜਕਾਂ ਉੱਪਰ ਉਤਰ ਕੇ ਅਣਮਿੱਥੇ ਸਮੇਂ ਲਈ ਹੜਤਾਲ ਉੱਪਰ ਜਾ ਸਕਦੀਆਂ ਹਨ। ਇਸ ਮੌਕੇ ਕੁਲਦੀਪ ਸਹਿਗਲ ਤੇ ਵਰਦਾਨ ਗਰਗ ਵੀ ਹਾਜ਼ਰ ਸਨ।