ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਮਨਾਇਆ ਗਿਆ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ

ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਜੀਵਨ ਨੂੰ ਸਾਰਥਕ ਕਰਨ ਦਾ ਸੱਚਾ ਅਤੇ ਸੁੱਚਾ ਰਸਤਾ ਦੱਸਿਆ : ਕਮਲ ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਸਿੱਖਾਂ ਦੇ ਪਹਿਲੇ ਗੁਰੂ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਵਿੱਚ ਪ੍ਰਾਥਨਾ ਸਭਾ ਮੌਕੇ ਇੱਕ ਵਿਸ਼ੇਸ਼ ਸਭਾ ਕੀਤੀ ਗਈ ਜਿਸ ਦੌਰਾਨ ਵਿਦਿਆਰਥੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ‘ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧੁ ਜਗਿ ਚਾਨਣੁ ਹੋਆ’ ਸ਼ਬਦ ਦਾ ਬਹੁਤ ਸੋਹਣਾ ਉਚਾਰਨ ਕੀਤਾ ਗਿਆ। ਵਿਦਿਆਰਥੀਆਂ ਨੇ ਮਹੌਲ ਨੂੰ ਇੱਕ ਬੜਾ ਹੀ ਅਲੌਕਿਕ ਭਗਤੀਮਈ ਰੂਪ ਦੇ ਦਿੱਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਬਹੁਤ ਹੀ ਸੋਹਣੇ ਅਤੇ ਸਿੱਖਿਆਦਾਇਕ ਚਾਰਟ ਅਤੇ ਸ਼੍ਰੀ ਗੁਰੁ ਨਾਨਕ ਦੇਵ ਜੀ ਦੀ ਜੀਵਨੀ ਉੱਪਰ ਆਰਟੀਕਲ ਪੇਸ਼ ਕੀਤੇ ਗਏ। ਆਰਟਿਕਲ ਪੇਸ਼ ਕਰਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹਰ ਸਾਲ ਦੇਸੀ ਮਹੀਨੇ ਕੱਤਕ ਦੀ ਪੁੰਨਿਆਂ ਤੇ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਨ ਅਤੇ ਗੁਰੂ ਜੀ ਨੇ ਆਪਣਾ ਸਾਰਾ ਜੀਵਨ ਮਾਨਵਤਾ ਦੀ ਭਲਾਈ ਅਤੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦੇ ਲੇਖੇ ਲਗਾ ਦਿੱਤਾ। ਇਸ ਮੌਕੇ ਪ੍ਰਿੰਸੀਪਲ ਮੈਡਮ ਡਾ. ਹਮੀਲੀਆ ਰਾਣੀ ਜੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾਂ ਔਰਤ ਦੀ ਮਹਾਨਤਾ ਦਾ ਪੱਖ ਲਿਆ, ਉਹਨਾਂ ਵੱਲੋਂ ਬਾਣੀ ਵਿੱਚ ਉਚਾਰਿਆ ਗਿਆ ਕਿ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਜਿਸ ਦਾ ਅਰਥ ਹੈ ਕਿ ਔਰਤ ਨੂੰ ਕਦੇ ਮੰਦਾ ਨਹੀਂ ਬੋਲਣਾ ਚਾਹੀਦਾ ਕਿਉਂਕਿ ਔਰਤ ਹੀ ਹੈ ਜਿਸ ਨੇ ਵੱਡੇ-ਵੱਡੇ ਰਾਜਿਆਂ ਨੂੰ ਜਨਮ ਦਿੱਤਾ ਹੈ। ਸਕੂਲ ਦੀ ਕਲਾਸ ਨੌਵੀਂ ਦੇ ਇੰਚਾਰਜ ਮੈਡਮ ਡਾ. ਪ੍ਰਭਜੋਤ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਗੁਰੂ ਨਾਨਕ ਜੀ ਨੇ ਮਨੁੱਖਤਾ ਨੂੰ ‘ਕਿਰਤ ਕਰੋ’, ‘ਨਾਮ ਜਪੋ’, ‘ਵੰਡ ਛਕੋ’ ਦਾ ਉਪਦੇਸ਼ ਦਿੱਤਾ। ਉਹਨਾਂ ਕਿਹਾ ਕਿ ਜੇ ਹਰ ਇੱਕ ਇਨਸਾਨ ਇਹ ਤਿੰਨ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਵੇ ਤਾਂ ਉਹ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ, ਜੀਵਨ ਕਾਲ ਅਤੇ ਮਨੁੱਖਤਾ ਲਈ ਉਹਨਾਂ ਦੁਆਰਾ ਕੀਤੇ ਗਏ ਉਪਰਾਲਿਆਂ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਰਚਨਾਵਾਂ ਅਤੇ ਸਿੱਖਿਆਵਾਂ ਰਾਹੀਂ ਮਨੁੱਖੀ ਜੀਵਨ ਨੂੰ ਸਾਰਥਕ ਕਰਨ ਦਾ ਸੱਚਾ ਅਤੇ ਸੁੱਚਾ ਰਸਤਾ ਦੱਸਿਆ । ਉਹਨਾਂ ਬਿਨਾਂ ਵਹਿਮਾਂ- ਭਰਮਾਂ ਵਿੱਚ ਪਏ, ਬਿਨਾ ਝੂਠੇ ਰੀਤੀ ਰਿਵਾਜਾਂ ਨੂੰ ਮੰਨੇ, ਸਿਰਫ ਇੱਕ ਪ੍ਰਮਾਤਮਾ ‘ਇੱਕ ਓਂਕਾਰ’ ਵਿੱਚ ਵਿਸ਼ਵਾਸ ਰੱਖਣ, ਔਰਤ ਦੀ ਇੱਜਤ ਕਰਨ, ਕਿਸੇ ਜੀਵ ਨੂੰ ਦੁੱਖ ਨਾ ਦੇਣ, ਪਰਾਏ ਧਨ ਤੇ ਬੁਰੀ ਨਜ਼ਰ ਨਾ ਰੱਖਣ, ਮਿਹਨਤ ਕਰਨ, ਹੋਰਾਂ ਦਾ ਭਲਾ ਕਰਨ ਦਾ ਸੰਦੇਸ਼ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਸਭ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਜਰੂਰ ਧਾਰਨ ਕਰਨਾ ਚਾਹਿਦਾ ਹੈ।