ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਅੱਜ ਸਵੇਰ ਦੀ ਸਭਾ ਦੋਰਾਨ ਨੈਸ਼ਨਲ ਸਪੇਸ ਡੇ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਵੱਲੋਂ ਬਹੁਤ ਹੀ ਸੁੰਦਰ ਚਾਰਟ ਤੇ ਸਪੇਸ ਡੇ ਦੇ ਸੰਬੰਧ ਵਿਚ ਆਰਟੀਕਲ ਪੇਸ਼ ਕੀਤੇ ਜਿਸ ਦੋਰਾਨ ਉਹਨਾਂ ਦੱਸਿਆ ਕਿ ਸਪੇਸ ਡੇ ਹਰ ਸਾਲ ਮਈ ਦੇ ਪਹਿਲੇ ਸ਼ੁੱਕਰਵਾਰ ਨੂੰ ਮਨਾਇਆ ਜਾਂਦਾ ਹੈ। ਇਹ ਲਾਕਹੀਡ ਮਾਰਟਿਨ ਦੁਆਰਾ 1997 ਵਿੱਚ ਬਣਾਈ ਗਈ ਇੱਕ ਅਣਅਧਿਕਾਰਤ ਵਿਦਿਅਕ ਛੁੱਟੀ ਦਾ ਦਿਨ ਸੀ। ਸਪੇਸ ਡੇ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਅਤੇ ਗਣਿਤ) ਖੇਤਰਾਂ ਨੂੰ ਉਤਸ਼ਾਹਿਤ ਕਰਨਾ ਹੈ। ਇਹ ਦਿਨ ਜਨਤਾ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਪੁਲਾੜ ਅਤੇ ਪੁਲਾੜ ਖੋਜ ਬਾਰੇ ਹੋਰ ਜਾਣਨ ਲਈ ਉਤਸ਼ਾਹਿਤ ਕਰਦਾ ਹੈ। ਸਪੇਸ ਬਾਰੇ ਜਾਣਕਾਰੀ ਸਾਂਝੀ ਕਰਦਿਆ ਉਹਨਾਂ ਦੱਸਿਆ ਕਿ ਸਪੇਸ ਉਹ ਥਾਂ ਹੈ, ਜਿਸ ਨੂੰ ਬਾਹਰੀ ਪੁਲਾੜ ਵੀ ਕਿਹਾ ਜਾਂਦਾ ਹੈ, ਜੋ ਧਰਤੀ ਦੇ ਉਪਰਲੇ ਵਾਯੂਮੰਡਲ ਅਤੇ ਜਾਣੇ-ਅਣਜਾਣੇ ਬ੍ਰਹਿਮੰਡ ਵਿੱਚ ਹੋਰ ਆਕਾਸ਼ੀ ਪਦਾਰਥਾਂ ਵਿਚਕਾਰ ਮੌਜੂਦ ਹੈ। ਸਪੇਸ ਸਾਡੇ ਸੂਰਜੀ ਸਿਸਟਮ ਦੇ ਗਠਨ ਤੋਂ ਵੱਖ-ਵੱਖ ਤਰ੍ਹਾਂ ਦੇ ਰੇਡੀਏਸ਼ਨ ਅਤੇ ਬਹੁਤ ਸਾਰੇ ਮਲਬੇ ਨਾਲ ਭਰੀ ਹੋਈ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਪਿੰ੍ਰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਪੁਲਾੜ ਨੇ ਸਾਨੂੰ ਸਮੇਂ ਦੀ ਸ਼ੁਰੂਆਤ ਤੋਂ ਹੀ ਆਕਰਸ਼ਤ ਕੀਤਾ ਹੈ। ਉਹਨਾਂ ਦੱਸਿਆ ਕਿ ਖਗੋਲ-ਵਿਗਿਆਨ ਲਈ ਪਹਿਲੀ ਖੋਜ 1543 ਵਿੱਚ ਹੋਈ, ਜਦੋਂ ਕੋਪਰਨਿਕਸ ਨੇ ਸੂਰਜੀ ਕੇਂਦਰਿਤ ਪ੍ਰਣਾਲੀ ‘ਤੇ ਆਪਣਾ ਅਧਿਐਨ ਪ੍ਰਕਾਸ਼ਿਤ ਕੀਤਾ ਜਦੋਂ ਉਸਨੂੰ ਪਤਾ ਲੱਗਿਆ ਕਿ ਗ੍ਰਹਿ ਸੂਰਜ ਦੇ ਦੁਆਲੇ ਘੁੰਮਦੇ ਹਨ। ਬਾਅਦ ਵਿੱਚ, 20ਵੀਂ ਸਦੀ ਵਿੱਚ, ਅਮਰੀਕਾ ਅਤੇ ਰੂਸ ਨੇ ਪੁਲਾੜ ਲਈ ਆਪਣੀ ਦੌੜ ਸ਼ੁਰੂ ਕੀਤੀ, ਹਰੇਕ ਨੇ ਚੰਦਰਮਾ ਉੱਤੇ ਮਨੁੱਖ ਭੇਜਣ ਵਾਲਾ ਪਹਿਲਾ ਦੇਸ਼ ਬਣਨ ਦੀ ਕੋਸ਼ਿਸ਼ ਕੀਤੀ। ਇਹ 16 ਜੁਲਾਈ, 1969 ਨੂੰ ਪ੍ਰਾਪਤ ਕੀਤਾ ਗਿਆ ਸੀ, ਜਦੋਂ ਅਮਰੀਕੀ ਪੁਲਾੜ ਉਡਾਣ ਅਪੋਲੋ 11 ਨੇ ਪੁਲਾੜ ਯਾਤਰੀ ਨੀਲ ਆਰਮਸਟ੍ਰਾਂਗ, ਬਜ਼ ਐਲਡਰਿਨ ਅਤੇ ਮਾਈਕਲ ਕੋਲਿਨਸ ਨੂੰ ਚੰਦਰਮਾ ‘ਤੇ ਭੇਜਿਆ ਸੀ, ਆਰਮਸਟ੍ਰੌਂਗ ਚੰਦਰਮਾ ਦੀ ਸਤ੍ਹਾ ‘ਤੇ ਚੱਲਣ ਵਾਲਾ ਪਹਿਲਾ ਮਨੁੱਖ ਬਣ ਗਿਆ ਸੀ। ਇਸ ਤੋਂ ਬਾਅਦ ਕਈ ਦੇਸ਼ਾ ਨੇ ਚੰਦਰਮਾਂ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਤੇ ਭਾਰਤ ਵਿੱਚੋਂ ਸਭ ਤੋਂ ਪਹਿਲਾਂ ਇੰਡੀਅਨ ਏਅਰ ਫੋਰਸ ਦੇ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਸੰਨ 1984 ਵਿੱਚ ਸਪੇਸ ਵਿੱਚ ਪਹੁੰਚੇ। ਇਸ ਤੋਂ ਬਾਅਦ ਭਾਰਤੀ ਮੂਲ ਦੀ ਪਹਿਲੀ ਮਹਿਲਾ ਕਲਪਨਾ ਚਾਵਲਾ ਨੇ 1997 ਵਿੱਚ ਸਪੇਸ ਲਈ ਉਡਾਨ ਭਰੀ ਸੀ। 1 ਫਰਵਰੀ, 2003 ਨੂੰ, ਸਪੇਸ ਸ਼ਟਲ ਕੋਲੰਬੀਆ ਆਪਣਾ ਪੁਲਾੜ ਮਿਸ਼ਨ ਪੂਰਾ ਕਰਨ ਤੋਂ ਬਾਅਦ ਧਰਤੀ ‘ਤੇ ਪਰਤਦੇ ਸਮੇਂ ਕਰੈਸ਼ ਹੋ ਗਿਆ। ਹਾਦਸੇ ਦੌਰਾਨ ਵਾਯੂਮੰਡਲ ‘ਚੋਂ ਨਿਕਲਣ ਕਾਰਨ ਪੁਲਾੜ ਜਹਾਜ਼ ਨੂੰ ਅੱਗ ਲੱਗ ਗਈ। ਪੁਲਾੜ ਯਾਨ ਵਿੱਚ ਸਵਾਰ ਸਾਰੇ ਸੱਤ ਪੁਲਾੜ ਯਾਤਰੀ ਹਾਦਸੇ ਵਿੱਚ ਮਾਰੇ ਗਏ ਸਨ; ਇਨ੍ਹਾਂ ਵਿੱਚ ਭਾਰਤ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਕਲਪਨਾ ਚਾਵਲਾ ਵੀ ਮੋਜੂਦ ਸੀ। ਵਿਦਿਆਰਥੀਆਂ ਨਾਲ ਇਸ ਤਰਾਂ ਦੀ ਜਾਣਕਾਰੀ ਸਾਂਝਾ ਕਰਨ ਦਾ ਮੁੱਖ ਮੰਤਵ ਉਹਨਾਂ ਨੂੰ ਵੱਖ-ਵੱਖ ਖੇਤਰਾਂ ਨਾਲ ਜਾਣੂੰ ਕਰਵਾਉਣਾ ਹੈ ਤਾਂ ਜੋ ਉਹ ਵਿਗਿਆਨ ਦੇ ਖੇਤਰ ਵਿੱਚ ਵੀ ਅੱਗੇ ਵੱਧ ਸਕਣ ਤੇ ਦੇਸ਼ ਲਈ ਮਿਸਾਲ ਪੈਦਾ ਕਰ ਸਕਣ।