ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਅੱਜ ਸਕੂਲ਼ ਵਿੱਚ ‘ਮਾਂ ਦਿਵਸ’ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਵਿੱਚ ਸਵੇਰ ਦੀ ਸਭਾ ਦੋਰਾਨ ਵਿਦਿਆਰਥੀਆਂ ਦੁਆਰਾ ਇਸ ਸਬੰਧੀ ਬੜੇ ਹੀ ਸੁੰਦਰ ਚਾਰਟ ਅਤੇ ਪ੍ਰੇਰਨਾਦਾਈ ਆਰਟੀਕਲ ਪੇਸ਼ ਕੀਤੇ ਗਏ ਜੋ ਕਿ ਮਾਂ ਦੀ ਮਹੱਤਤਾ ਨੂ ਦਰਸ਼ਾਉਂਦੇ ਸਨ। ਜੂਨਿਅਰ, ਇੰਟਰਮੀਡੀਏਟ ਅਤੇ ਸੀਨੀਅਰ ਵਿੰਗ ਦੀਆਂ ਵਿਦਿਆਰਥਣਾ ਦੁਆਰਾ ਮਾਂ ਦੀ ਮਮਤਾ ਅਤੇ ਤਿਆਗ ਨੂੰ ਸਮਰਪਿਤ ਗੀਤਾਂ ਉੱਪਰ ਗਰੁੱਪ ਡਾਂਸ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਦੁਆਰਾ ‘ਮਾਂ’ ਉੱਪਰ ਗੀਤ ਅਤੇ ਕਵਿਤਾਵਾਂ ਵੀ ਸੁਣਾਈਆਂ ਗਈਆਂ। ਸਕੂਲ ਵੱਲੋਂ ਹਰ ਇੱਕ ਮਾਂ ਦੇ ਸਨਮਾਨ ਵਿੱਚ ਇੱਕ ਇੱਕ ਪ੍ਰੋਗਰਾਮ ਵੀ ਅਯੋਜਿਤ ਕੀਤਾ ਗਿਆ, ਜਿਸ ਵਿੱਚ ਕਈ ਤਰ੍ਹਾਂ ਦੀਆਂ ਖੇਡਾਂ ਜਿਵੇਂ ‘ਡਾਂਡੀਆ ਐਂਡ ਬੈਂਗਲ’, ‘ਬੈਂਗਲ, ਥ੍ਰੈਡ ਐਂਡ ਬੋਟਲਜ਼’, ‘ਬਾਲਜ਼ ਇਨ ਗਲਾਸ ਵਿੱਦ ਸਟ੍ਰਾਅ’, ‘ਕਿਊਬਜ਼ ਇਨ ਗਲਾਸ’ ਅਤੇ ‘ਬਲੂਨ ਐਂਡ ਗਲਾਸ’ ਸ਼ਾਮਿਲ ਸਨ। ਸਕੂਲ ਵਿੱਚ ਹਾਜ਼ਿਰ ਮਾਵਾਂ ਨੇ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਹਿੱਸਾ ਲਿਆ। ਇਹਨਾਂ ਵਿੱਚ ਤੀਜੀ ਅਤੇ ਯੂ.ਕੇ.ਜੀ. ਕਲਾਸ ਦੇ ਜੈਨੀਫਰ ਅਤੇ ਐਲਕਸ ਦੀ ਮਾਤਾ ਸ਼੍ਰੀਮਤੀ ਨਰਿੰਦਰ ਕੌਰ, ਛੇਵੀਂ ਅਤੇ ਯੂ.ਕੇ.ਜੀ. ਕਲਾਸ ਤੋਂ ਰਿਤਿਕ ਅਤੇ ਨਵਿਆ ਦੀ ਮਾਤਾ ਰਿਤੂ ਸ਼ਰਮਾ, ਨੌਵੀਂ ਵਿੱਚੋਂ ਕਰਮਜੋਤ ਦੀ ਮਾਤਾ ਗਗਨਦੀਪ ਕੌਰ, ਐਲ.ਕੇ.ਜੀ. ‘ਚੋਂ ਤਜਿੰਦਰ ਕੌਰ ਦੀ ਮਾਤਾ ਦੀਪੀਕਾ ਅਤੇ ਐਲ.ਕੇ.ਜੀ. ਵਿੱਚੋਂ ਜਪਜੀ ਕੌਰ ਦੀ ਮਾਤਾ ਅਮਨਦੀਪ ਕੌਰ ਜੇਤੂ ਰਹੇ। ਮੁਕਾਬਲਿਆਂ ਵਿੱਚ ਜਿੱਤਣ ਵਾਲੀਆਂ ਮਾਵਾਂ ਦਾ ਸਕੂਲ ਮੈਨੇਜਮੈਂਟ ਵੱਲੋਂ ਟ੍ਰਾਫੀਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਸਾਰੇ ਮਾਪਿਆਂ ਅਤੇ ਅਧਿਆਪਕਾਂ ਨੂੰ ‘ਮਾਂ ਦਿਵਸ’ ਦੀ ਵਧਾਈ ਦਿੱਤੀ ਗਈ ਅਤੇ ਉਹਨਾਂ ਬੱਚਿਆਂ ਦਾ ਮਾਰਗ ਦਰਸ਼ਨ ਕਰਦੇ ਦੱਸਿਆ ਕਿ ਮਨੁੱਖ ਨੂੰ ਦਿੱਤੀ ਹੋਈ ਈਸ਼ਵਰ ਦੀ ਸਭ ਤੋਂ ਵੱਡੀ ਦਾਤ ਹੈ ‘ਮਾਂ’, ਪ੍ਰਮਾਤਮਾ ਇੱਕ ਸਮੇਂ ਤੇ ਹਰ ਥਾਂ ਤੇ ਮੌਜੂਦ ਨਹੀਂ ਰਹਿ ਸਕਦਾ ਇਸ ਲਈ ਪ੍ਰਮਾਤਮਾ ਨੇ ਮਾਂ ਬਣਾਈ ਹੈ ਤਾਂ ਜੋ ਇਸ ਕਾਇਨਾਤ ਦਾ ਸੰਤੁਲਨ ਬਣਿਆ ਰਹੇ। ਉਹਨਾਂ ਇਹ ਵੀ ਕਿਹਾ ਕਿ ਜੋ ਇਨਸਾਨ ਆਪਣੀ ਮਾਂ ਦਾ ਸਨਮਾਨ ਨਹੀਂ ਕਰਦਾ, ਪ੍ਰਮਾਤਮਾ ਵੀ ਉਸਦਾ ਸਨਮਾਨ ਨਹੀਂ ਕਰਦਾ। ਇਸ ਲਈ ਸਾਨੂੰ ਆਪਣੀ ਮਾਂ ਨੂੰ ਪ੍ਰਮਾਤਮਾ ਦਾ ਰੂਪ ਮੰਨਦੇ ਹੋਏ ਇਸ ਅਣਮੁੱਲੀ ਦਾਤ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਮੌਜੂਦ ਮਾਂਵਾ ਨੂੰ ਇਸ ਸ਼ੁੱਭ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹੋਏ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਇਸ ਦੁਨੀਆ ਵਿੱਚ ‘ਮਾਂ’ ਇੱਕ ਐਸਾ ਰਿਸ਼ਤਾ ਹੈ ਜਿਸ ਦੇ ਪਿਆਰ ਅਤੇ ਤਿਆਗ ਦੀ ਕੋਈ ਸੀਮਾ ਹੀ ਨਹੀਂ ਹੈ, ਇੱਕ ਮਾਂ ਆਪਣੀਆਂ ਸਾਰੀਆਂ ਰੀਝਾਂ ਅਤੇ ਖੁਸ਼ੀਆਂ ਦਾ ਆਪਣੀ ਔਲਾਦ ਲਈ ਖੁਸ਼ੀ-ਖੁਸ਼ੀ ਤਿਆਗ ਕਰ ਦਿੰਦੀ ਹੈ। ਇਸ ਲਈ ‘ਮਾਂ’ ਸਾਡੇ ਸਭ ਲਈ ਪ੍ਰਮਾਤਮਾ ਤੋਂ ਵੀ ਵੱਧ ਕੇ ਹੈ ਇਸ ਲਈ ਮਾਂ ਪ੍ਰਮਾਤਮਾ ਤੋਂ ਵੀ ਵੱਧ ਸਤਿਕਾਰ ਦੀ ਹੱਕਦਾਰ ਹੈ। ਬੀ.ਬੀ.ਐਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਵੱਲੋਂ ਵੀ ਇਸ ਦਿਹਾੜੇ ਦੀਆਂ ਮੁਬਾਰਕਾਂ ਆਪਣੇ ਸਟਾਫ ਅਤੇ ਮੌਜੂਦ ਮਾਂਵਾ ਨੂੰ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਇਨਸਾਨ ਦੇ ਜਨਮ ਲੈਣ ਤੋਂ ਬਾਅਦ ਇਨਸਾਨ ਦਾ ਸਭ ਤੋਂ ਪਹਿਲਾ ਗੁਰੂ ਉਸਦੀ ਮਾਂ ਹੀ ਹੁੰਦੀ ਹੈ। ਇੱਕ ‘ਮਾਂ’ ਹੀ ਹੁੰਦੀ ਹੈ ਜੋ ਇਨਸਾਨ ਦੇ ਭਵਿੱਖ ਨੂੰ ਚੰਗੀ ਸੇਧ ਦੇ ਸਕਦੀ ਹੈ। ਉਹਨਾਂ ਇਸ ਗੱਲ੍ਹ ਬਾਰੇ ਵੀ ਵਿਸ਼ੇਸ਼ ਜ਼ਿਕਰ ਕੀਤਾ ਕੀ ਅੱਜ ਸ਼ਹਿਰਾਂ ਵਿੱਚ ਵੱਧ ਰਹੀ ਬਿਰਧ ਆਸ਼ਰਮਾਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ, ਇਹ ਇਸ ਗੱਲ੍ਹ ਵੱਲ ਇਸ਼ਾਰਾ ਕਰਦਾ ਹੈ ਕਿ ਇਨਸਾਨ ਆਪਣੇ ਜਨਮਦਾਤਿਆਂ ਦਾ ਸਤਿਕਾਰ ਕਰਨਾ ਭੁੱਲਦਾ ਜਾ ਰਿਹਾ ਹੈ ਜੋ ਕਿ ਸਾਡੇ ਨੈਤਿਕ ਪਤਨ ਦਾ ਵੱਡਾ ਕਾਰਨ ਬਣ ਸਕਦਾ ਹੈ। ਇਸ ਲਈ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਾਪਿਆਂ ਦਾ ਸਤਿਕਾਰ ਕਰੀਏ ਅਤੇ ਸਾਰੀ ਜਿੰਦਗੀ ਆਪਣੀ ਘਣੀ ਛਾਂ ਸਾਡੇ ਤੇ ਲੁਟਾਉਣ ਵਾਲੇ ਰੁੱਖਾਂ ਨੂੰ ਸਹੇਜ ਕੇ ਰੱਖੀਏ।