ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਬੀ.ਬੀ.ਐੱਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਅੱਜ ‘ਨਾਗ ਪੰਚਮੀ’ ਦੇ ਮੌਕੇ ਤੇ ਬੱਚਿਆਂ ਨਾਲ ਇਸ ਦਿਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਵਿਦਿਆਰਥੀਆਂ ਵੱਲੋਂ ਚਾਰਟ ਅਤੇ ਆਰਟੀਕਲ ਪੇਸ਼ ਕੀਤੇ ਗਏ। ਉਹਨਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਿੰਦੀ ਪੰਚਾਂਗ (ਹਿੰਦੂ ਕਲੰਡਰ) ਮੁਤਾਬਕ ਨਾਗ ਪੰਚਮੀ ਸਾਵਨ ਮਹੀਨੇ ਦੀ ਪੰਜਵੀ ਤਿੱਥ ਨੂੰ ਮਨਾਈ ਜਾਂਦੀ ਹੈ। ਹਿੰਦੂ ਧਰਮ ਵਿੱਚ ਇਸ ਦਿਨ ਦੀ ਖਾਸ ਵਿਸ਼ੇਸ਼ਤਾ ਹੈ। ਨਾਗ ਪੰਚਮੀ ਕਾਲੀਆ ਉੱਤੇ ਕ੍ਰਿਸ਼ਨ ਦੀ ਜਿੱਤ ਦੀ ਯਾਦ ਵਿੱਚ ਮਨਾਈ ਜਾਂਦੀ ਹੈ, ਜੋ ਕ੍ਰਿਸ਼ਨ ਤੋਂ ਪਹਿਲਾਂ ਆਪਣੀ ਜਾਨ ਦੇ ਬਦਲੇ ਮਨੁੱਖਾਂ ਨੂੰ ਤੰਗ ਨਾ ਕਰਨ ਲਈ ਸਹਿਮਤ ਹੋਇਆ ਸੀ। ਇਸ ਦਿਨ ਕਈ ਲੋਕ ਵਰਤ ਵੀ ਰੱਖਦੇ ਹਨ। ਧਾਰਮਿਕ ਗ੍ਰੰਥਾਂ ਅਨੁਸਾਰ ਨਾਗ ਪੰਚਮੀ ‘ਤੇ ਸੱਪਾਂ ਦੀ ਪੂਜਾ ਕਰਨ ਨਾਲ ਮਨਚਾਹੇ ਫਲ, ਸ਼ਕਤੀ, ਖੁਸ਼ਹਾਲੀ ਅਤੇ ਬੇਅੰਤ ਧਨ ਦੀ ਪ੍ਰਾਪਤੀ ਹੁੰਦੀ ਹੈ। ਕੁਝ ਸ਼ਰਧਾਲੂ ਘਰਾਂ ਵਿਚ ਮਿੱਟੀ ਨਾਲ ਸੱਪ ਦੀਆਂ ਮੂਰਤੀਆਂ ਵੀ ਬਣਾਉਂਦੇ ਹਨ ਅਤੇ ਆਹਾਰ ਨੂੰ ਫੁੱਲ, ਮਠਿਆਈਆਂ ਅਤੇ ਦੁੱਧ ਚੜ੍ਹਾਉਂਦੇ ਹਨ। ਇਸ ਦਿਨ ਲੋਕ ਭਗਵਾਨ ਸ਼ਿਵ ਅਤੇ ਨਾਗ ਦੇਵਤਾ ਦੀ ਪੂਜਾ ਕਰਦੇ ਹਨ। ਹਿੰਦੂ ਮਿਥਿਹਾਸ ਦੇ ਅਨੁਸਾਰ, ਇਹ ਪੂਜਾ ਕਰਨ ਨਾਲ ਸ਼ਰਧਾਲੂਆਂ ਨੂੰ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਮੁਕਤ ਕੀਤਾ ਜਾਵੇਗਾ। ਆਮਤੌਰ ਤੇ ਲੋਕ ਨਾਗ ਤੋਂ ਡਰਦੇ ਹਨ ਅਤੇ ਕਈ ਵਾਰ ਇਸੇ ਡਰ ਦੇ ਕਾਰਨ ਨਾਗਾਂ ਨੂੰ ਮਾਰ ਵੀ ਦਿੱਤਾ ਜਾਂਦਾ ਹੈ। ਪਰ ਨਾਗ ਕਦੇ ਵੀ ਕਿਸੇ ਨੂੰ ਬਿਨਾਂ ਕਾਰਨ ਨੁਕਸਾਨ ਨਹੀਂ ਪਹੁੰਚਾਉਂਦੇ, ਜੇਕਰ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਲਗਦਾ ਹੈ ਤਾਂ ਹੀ ਉਹ ਕਿਸੇ ਉੱਪਰ ਹਮਲਾ ਕਰਦੇ ਹਨ। ਨਾਗ ਨੂੰ ਜ਼ਮੀਨਾ ਦੀ ਰੱਖਿਆ ਕਰਨ ਵਾਲਾ (ਖੇਤਰਪਾਲ) ਵੀ ਮੰਨਿਆ ਜਾਂਦਾ ਹੈ ਕਿਉਂਕਿ ਆਮਤੌਰ ਤੇ ਨਾਗ ਖੇਤਾਂ ਵਿੱਚ ਪਾਇਆ ਜਾਂਦਾ ਹੈ ਜੋ ਕਿ ਸਾਡੀ ਫਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੀਵਾਂ ਤੋਂ ਸਾਡੀ ਫਸਲ ਦੀ ਰੱਖਿਆ ਕਰਦਾ ਹੈ ਇਸ ਲਈ ਵੀ ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੋਰਾਨ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਭਾਰਤ ਵਿੱਚ ਹੋਣ ਵਾਲੀ ਨਾਗਾਂ ਦੀ ਪੂਜਾ ਭਾਰਤੀ ਸੰਸਕ੍ਰਤੀ ਦੀ ਵਿਸ਼ਾਲਤਾ ਦੀ ਪ੍ਰਤੀਕ ਹੈ। ਭਾਰਤੀ ਸੰਸਕ੍ਰਤੀ ਵਿੱਚ ਹਰ ਇੱਕ ਜੀਵ ਦਾ ਅਤੇ ਉਸ ਦੇ ਜੀਵਨ ਦੀ ਇੱਕ ਖਾਸ ਮਹੱਤਤਾ ਦਰਸ਼ਾਈ ਗਈ ਹੈ, ਇਸ ਲਈ ਸਾਨੂੰ ਕਿਸੇ ਵੀ ਪ੍ਰਾਣੀ ਪ੍ਰਤੀ ਨਫਰਤ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ।