ਬਲੂਮਿੰਗ ਬਡਜ਼ ਸਕੂਲ਼ ਵਿੱਚ ‘ਵਰਲਡ ਟੈਲੀਵਿਜ਼ਨ ਡੇ” ਮੌਕੇ ਟੀ.ਵੀ. ਦੀ ਹੋਂਦ ਅਤੇ ਵਿਕਾਸ ਬਾਰੇ ਕੀਤੀ ਚਰਚਾ

ਮਨੋਰੰਜਨ ਦੇ ਨਾਲ-ਨਾਲ ਟੀ.ਵੀ. ਗਿਆਨ ਦਾ ਵੀ ਅਥਾਹ ਸੋਮਾ ਹੈ : ਕਮਲ ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ‘ਵਰਲਡ ਟੈਲੀਵੀਜ਼ਨ ਡੇ’ ਮੌਕੇ ਇੱਕ ਸਪੈਸ਼ਲ ਅਸੈਂਬਲੀ ਦੌਰਾਨ ਟੀ.ਵੀ. ਦੀ ਹੋਂਦ ਅਤੇ ਇਸ ਦੇ ਵਿਕਾਸ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਚਾਰਟ ਅਤੇ ਜਾਣਕਾਰੀ ਨਾਲ ਭਰਪੂਰ ਆਰਟੀਕਲ ਸਾਂਝੇ ਕੀਤੇ ਗਏ। ਵਿਦਿਆਰਥੀਆਂ ਨੇ ਦੱਸਿਆ ਕਿ 1996 ਵਿੱਚ, ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 21 ਨਵੰਬਰ ਨੂੰ ਵਿਸ਼ਵ ਟੈਲੀਵਿਜ਼ਨ ਦਿਵਸ ਵਜੋਂ ਘੋਸ਼ਿਤ ਕੀਤਾ ਸੀ। ਹਰ ਸਾਲ ਏ.ਸੀ.ਟੀ. (ਐਸੋਸੀਏਸ਼ਨ ਆਫ਼ ਕਮਰਸ਼ੀਅਲ ਟੈਲੀਵਿਜ਼ਨ), ਈ.ਜੀ.ਟੀ.ਏ. (ਟੀਵੀ ਅਤੇ ਰੇਡੀਓ ਸੇਲਜ਼ ਹਾਊਸਾਂ ਦੀ ਐਸੋਸੀਏਸ਼ਨ) ਅਤੇ ਗਲੋਬਲ ਟੀਵੀ ਗਰੁੱਪ ਵਿਸ਼ਵ ਟੈਲੀਵਿਜ਼ਨ ਦਿਵਸ ਨੂੰ ਵਿਸ਼ਵ ਭਰ ਵਿੱਚ ਵਿਆਪਕ ਤੌਰ ‘ਤੇ ਉਤਸ਼ਾਹਿਤ ਕਰਨ ਲਈ ਇੱਕ ਖਾਸ ਵਿਸ਼ੇ ‘ਤੇ ਧਿਆਨ ਕੇਂਦਰਿਤ ਕਰਦੇ ਹਨ। ਇਹ ਪ੍ਰਚਾਰ ਅੰਤਰਰਾਸ਼ਟਰੀ ਪ੍ਰੈਸ ਵਿੱਚ ਜਾਗਰੂਕਤਾ ਪੈਦਾ ਕਰਕੇ ਅਤੇ ਸਾਲ ਦੇ ਥੀਮ ਨੂੰ ਉਜਾਗਰ ਕਰਨ ਵਾਲੀ ਇੱਕ ਵੀਡੀਓ ਕਲਿੱਪ ਦੀ ਸਿਰਜਣਾ ਦੁਆਰਾ ਕੀਤਾ ਜਾਂਦਾ ਹੈ – ਜੋ ਕਿ ਪੂਰੇ ਯੂਰਪ ਵਿੱਚ ਅਤੇ ਇਸ ਤੋਂ ਬਾਹਰ ਵਿਆਪਕ ਤੌਰ ‘ਤੇ ਪ੍ਰਸਾਰਿਤ ਕੀਤਾ ਜਾਂਦਾ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਦਿਆਂ ਦੱਸਿਆ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਦੁਆਰਾ 1936 ਵਿੱਚ ਦੁਨੀਆ ਦਾ ਪਹਿਲਾ ਟੈਲੀਵਿਜ਼ਨ ਪ੍ਰੋਗਰਾਮ ਸ਼ੁਰੂ ਕਰਨ ਤੋਂ, 15 ਸਤੰਬਰ, 1959 ਨੂੰ ਭਾਰਤ ਵਿੱਚ ਟੈਲੀਵਿਜ਼ਨ ਦਾ ਪ੍ਰਸਾਰਣ ਸ਼ੁਰੂ ਕੀਤਾ ਗਿਆ ਸੀ। ਇਹ ਸਭ ਯੂਨੈਸਕੋ ਦੀ ਸਹਾਇਤਾ ਨਾਲ ਸ਼ੁਰੂ ਹੋਇਆ ਸੀ। ਇਸ ਸਮੇਂ ਪ੍ਰੋਗਰਾਮ ਹਫ਼ਤੇ ਵਿੱਚ ਦੋ ਵਾਰ ਇੱਕ ਘੰਟੇ ਲਈ ਪ੍ਰਸਾਰਿਤ ਹੁੰਦੇ ਸਨ ਜਿਸ ਵਿੱਚ ਸਿਹਤ, ਨਾਗਰਿਕਾਂ ਦੀਆਂ ਜ਼ਿੰਮੇਵਾਰੀਆਂ ਅਤੇ ਅਧਿਕਾਰਾਂ, ਆਵਾਜਾਈ ਅਤੇ ਸੜਕ ਸੁਰੱਖਿਆ ਨੂੰ ਸ਼ਾਮਲ ਕੀਤਾ ਗਿਆ ਸੀ। 1961 ਵਿੱਚ, ਸਕੂਲਾਂ ਲਈ ਇੱਕ ਵਿਦਿਅਕ ਟੈਲੀਵਿਜ਼ਨ ਪਹਿਲਕਦਮੀ ਨੂੰ ਸ਼ਾਮਲ ਕਰਨ ਲਈ ਪ੍ਰੋਗਰਾਮਾਂ ਦਾ ਵਿਸਤਾਰ ਕੀਤਾ ਗਿਆ ਸੀ। ਇਸ ਦੇ ਅਧੀਨ ਸਵੈਮ ਪ੍ਰਭਾ ਦਾ ਉਦਘਾਟਨ 07 ਜੁਲਾਈ, 2017 ਨੂੰ ਕੀਤਾ ਗਿਆ ਸੀ। ਸਵੈਮ ਪ੍ਰਭਾ ਡੀ.ਟੀ.ਐੱਚ. ਚੈਨਲਾਂ ਦਾ ਇੱਕ ਸਮੂਹ ਹੈ ਜੋ ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ ਮਿਆਰੀ ਵਿਦਿਅਕ ਪ੍ਰੋਗਰਾਮਾਂ ਨੂੰ ਪ੍ਰਸਾਰਿਤ ਕਰਨ ਲਈ ਸਮਰਪਿਤ ਹੈ। ਇਹ ਘਸ਼ਅਠ-15 ਸੈਟੇਲਾਈਟ ਦੀ ਵਰਤੋਂ ਕਰਕੇ ਕੰਮ ਕਰਦਾ ਹੈ। ਸਵੈਮ ਪ੍ਰਭਾ ਰੋਜ਼ਾਨਾ ਘੱਟੋ-ਘੱਟ (4) ਘੰਟਿਆਂ ਲਈ ਨਵੀਂ ਜਾਣਕਾਰੀ ਤੇ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ। ਇਹ ਦਿਨ ਵਿੱਚ 5 ਹੋਰ ਵਾਰ ਦੁਹਰਾਇਆ ਜਾਂਦਾ ਹੈ, ਜਿਸ ਨਾਲ ਵਿਦਿਆਰਥੀ ਆਪਣੀ ਸਹੂਲਤ ਦਾ ਸਮਾਂ ਚੁਣ ਸਕਦੇ ਹਨ। ਚੇਅਰਪਰਸਨ ਮੈਡਮ ਕਮਲ ਸੈਣੀ ਨੇ ਬੱਚਿਆਂ ਨੂੰ ਕਿਹਾ ਕਿ ਟੀ.ਵੀ. ਇੱਕ ਮਨੋਰੰਜਨ ਦਾ ਸਾਧਨ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਟੀ.ਵੀ. ਤੋਂ ਗਿਆਨ ਪ੍ਰਾਪਤ ਨਹੀਂ ਕਰ ਸਕਦੇ। ਮਨੋਰੰਜਨ ਦੇ ਨਾਲ-ਨਾਲ ਟੀ.ਵੀ. ਗਿਆਨ ਦਾ ਵੀ ਅਥਾਹ ਸੋਮਾ ਹੈ, ਬੱਚਿਆਂ ਨੂੰ ਚਾਹੀਦਾ ਹੈ ਕਿ ਟੀ.ਵੀ. ਦੀ ਵਰਤੋਂ ਇਸ ਤਰ੍ਹਾਂ ਨਾਲ ਕੀਤੀ ਜਾਵੇ ਜਿਸ ਨਾਲ ਉਹਨਾਂ ਦੇ ਸਮਾਜਿਕ ਗਿਆਨ, ਰਜਨੀਤਿਕ ਗਿਆਨ, ਆਰਥਿਕ ਗਿਆਨ, ਭੌਤਿਕ ਗਿਆਨ ਅਤੇ ਆਮ ਗਿਆਨ ਵਿੱਚ ਵਾਧਾ ਹੋਵੇ ਜੋ ਅੱਗੇ ਜਾ ਭਵਿੱਖ ਨਿਰਮਾਣ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋਵੇ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।