ਅਧਿਆਪਕਾਂ ਅਤੇ ਵੈਨ ਚਾਲਕਾਂ ਦੀ ਮਿਹਨਤ ਨੂੰ ਲਗਿਆ ਬੂਰ

ਸਰਕਾਰ ਨੇ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਲਈ ਖੋਲੇ ਸਕੂਲ

ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਦੀ ਅਗਵਾਈ ਹੇਠ ਪੂਰੇ ਪੰਜਾਬ ਭਰ ਵਿੱਚ 117 ਵਿਧਾਨ ਸਭਾ ਹਲਕਿਆਂ ਵਿੱਚ ਸਕੂਲਾਂ ਵਿੱਚ ਚੱਲ ਰਹੀਆਂ ਵੈਨਾਂ ਦੇ ਮਾਲਕਾਂ ਅਤੇ ਅਧਿਆਪਕਾਂ ਨੇ 3 ਫਰਵਰੀ ਅਤੇ 5 ਫਰਵਰੀ ਨੂੰ ਜੋਰਦਾਰ ਪ੍ਰਦਰਸ਼ਨ ਕੀਤਾ। ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾਕਟਰ ਜਗਜੀਤ ਸਿੰਘ ਧੂਰੀ ਅਤੇ ਮੋਗਾ ਜ਼ਿਲ੍ਹਾ ਦੇ ਪ੍ਰਤੀਨਿਧ ਸ. ਦਵਿੰਦਰਪਾਲ ਸਿੰਘ ਨੇ ਦੱਸਿਆ ਕਿ 4 ਜਨਵਰੀ ਤੋਂ ਪੰਜਾਬ ਵਿਚ ਮੁੜ ਤੋਂ ਸਕੂਲ ਬੰਦ ਕਰ ਦਿੱਤੇ ਗਏ ਸਨ। ਇਸ ਵਾਰ ਸਕੂਲ ਬੰਦ ਕਰਨ ਦਾ ਕੋਈ ਠੋਸ ਕਾਰਨ ਨਹੀਂ ਸੀ। ਜਦੋਂ ਕਿ ਪੂਰੇ ਭਾਰਤ ਵਿਚ ਵੱਖ-ਵੱਖ ਪ੍ਰਾਂਤਾਂ ਵਿੱਚ ਸਕੂਲ ਖੁੱਲ੍ਹੇ ਹਨ। ਹੁਣ ਪੰਜਾਬ ਵਿੱਚ ਇਲੈਕਸ਼ਨ ਹੋ ਰਹੀਆਂ ਹਨ ਜਿਸ ਤਹਿਤ ਰੈਲੀਆਂ ਵਿੱਚ ਇੱਕ ਹਜ਼ਾਰ ਤੱਕ ਦੇ ਇਕੱਠ ਲਈ ਇਲੈਕਸ਼ਨ ਕਮਿਸ਼ਨ ਵੱਲੋਂ ਆਗਿਆ ਦਿੱਤੀ ਗਈ ਸੀ ਪ੍ਰੰਤੂ ਸਕੂਲ ਬੰਦ ਸਨ। ਵੱਖ ਵੱਖ ਵੀਡੀਓ ਵਿੱਚ ਇਹ ਨਜ਼ਰ ਆ ਰਿਹਾ ਸੀ ਕਿ ਵਿਦਿਆਰਥੀ ਚੋਣ ਰੈਲੀਆਂ ਵਿੱਚ ਭਾਗ ਲੈ ਰਹੇ ਹਨ ਅਜਿਹੇ ਹਾਲਤਾਂ ਵਿੱਚ ਸਕੂਲ ਬੰਦ ਕਰਨਾ ਵਾਜਬ ਨਹੀਂ ਸੀ। ਮੋਗਾ ਵਿਖੇ ਸ. ਦਵਿੰਦਰਪਾਲ ਸਿੰਘ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਅਤੇ ਸ੍ਰੀ ਸੰਜੀਵ ਸੈਣੀ ਚੇਅਰਮੈਨ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਜੀ ਦੀ ਅਗਵਾਈ ਹੇਠ ਪੂਰੇ ਜ਼ਿਲੇ ਦੇ ਵੈਨ ਚਾਲਕਾਂ ਅਤੇ ਅਧਿਆਪਕਾਂ ਨੇ 3 ਫਰਵਰੀ ਅਤੇ 5 ਫਰਵਰੀ ਨੂੰ ਟੋਲ ਪਲਾਜ਼ਾ ਅਤੇ ਸ਼ਹਿਰ ਦੇ ਵੱਡੇ ਚੌਂਕਾਂ ਵਿੱਚ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਸ਼ਾਂਤਮਈ ਸੀ ਪ੍ਰੰਤੂ ਇਸ ਵਿੱਚ ਸਾਰੇ ਅਧਿਆਪਕ, ਮਾਪੇ ਅਤੇ ਵੈਨ ਚਾਲਕ ਸ਼ਾਮਲ ਸਨ। ਫੈਡਰੇਸ਼ਨ ਨੇ ਇਹ ਐਲਾਨ ਕੀਤਾ ਸੀ ਕਿ ਜੇਕਰ ਸਰਕਾਰ ਨੇ ਸਕੂਲ ਬੰਦ ਕਰਨ ਦੀ ਮਿਤੀ ਵਿੱਚ ਹੋਰ ਵਾਧਾ ਕੀਤਾ ਤਾਂ 9 ਫਰਵਰੀ ਨੂੰ ਪੂਰੇ ਪੰਜਾਬ ਦੇ ਸਾਰੇ ਸਕੂਲ ਖੋਲ੍ਹ ਦਿੱਤੇ ਜਾਣਗੇ ਅਤੇ ਪੂਰੇ ਪੰਜਾਬ ਦੇ ਸਾਰੇ ਸਕੂਲਾਂ ਨੇ ਇਸ ਗੱਲ ਲਈ ਸਹਿਮਤੀ ਦੇ ਦਿੱਤੀ ਸੀ। ਅਧਿਆਪਕਾਂ ਅਤੇ ਵੈਨ ਚਾਲਕਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਸਰਕਾਰ ਨੇ 7 ਫਰਵਰੀ ਦਿਨ ਸੋਮਵਾਰ ਤੋਂ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਸਕੂਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਜ਼ਿਲਾ ਮੋਗਾ ਦੇ ਪ੍ਰਤੀਨਿਧ ਸ.ਦਵਿੰਦਰ ਪਾਲ ਸਿੰਘ ਰਿੰਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਦਿਨ ਸਕੂਲ ਖੋਲ੍ਹਣ ਉਪਰੰਤ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਸਕੂਲ ਖੋਲ੍ਹਣ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਦੁਬਾਰਾ ਤੋਂ ਬੇਨਤੀ ਕੀਤੀ ਜਾਵੇਗੀ ਕਿ ਸਾਰੀਆਂ ਕਲਾਸਾਂ ਲਈ ਸਕੂਲ ਖੋਲਣ ਦੀ ਆਗਿਆ ਦਿੱਤੀ ਜਾਵੇ। ਕਿਉਂਕਿ ਸਕੂਲ ਨਾ ਖੁੱਲ੍ਹਣ ਦੀ ਸੂਰਤ ਵਿੱਚ ਛੋਟੇ ਬੱਚਿਆਂ ਦੀ ਪੜਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ।