ਸਮਰਾਲਾ (ਪੰਜਾਬ ਲਾਇਵ): ਸਮਰਾਲਾ ਸ਼ਹਿਰ ਦੇ ਹਾਕੀ ਕਲੱਬ ਨੇ ਪਹਿਲੇ ਪੈਨ ਇੰਡੀਆ ਮਾਸਟਰ ਖੇਡਾਂ ਦੋਰਾਨ ਹਾਕੀ ਖੇਡ ਮੁਕਾਬਲਿਆਂ ਵਿੱਚੋਂ ਪੰਜਾਬ ਲਈ ਸੋਨ ਤਗਮਾ ਜਿੱਤਿਆ। ਇਸ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮਰਾਲਾ ਹਾਕੀ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਪੂਰੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਜਿਸ ਵਿੱਚ ਪੰਜਾਬ ਰਾਜ ਦੀ ਨੁਮਾਇੰਦਗੀ ਕਰਦੀ ਹਾਕੀ ਟੀਮ ਨੇ ਖੇਡ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਤੇ ਗੋਲਡ ਮੈਡਲ ਜਿੱਤਿਆ। ਉਹਨਾਂ ਦੱਸਿਆ ਕਿ ਇਸ ਮੁਕਾਬਲੇ ਲਈ ਟੀਮ ਲਗਾਤਾਰ ਪ੍ਰੈਕਟਿਸ ਵਿੱਚ ਪੂਰੀ ਜਾਨ ਲਗਾ ਕੇ ਮੇਹਨਤ ਕਰਦੀ ਆ ਰਹੀ ਸੀ। ਜਿਸ ਦੇ ਨਤੀਜੇ ਵਜੋਂ ਪੂਰੇ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਰਾਜ ਦੀ ਹਾਕੀ ਟੀਮ ਵਿੱਚ 7 ਤੋਂ ਵੱਧ ਖਿਡਾਰੀ ਸਮਰਾਲਾ ਹਾਕੀ ਕਲੱਬ ਦੇ ਮੈਂਬਰ ਸਨ। ਸਮਰਾਲਾ ਹਾਕੀ ਕਲੱਬ ਪੰਜਾਬ ਦੀ ਮਾਂ ਖੇਡ ਕਹੀ ਜਾਣ ਵਾਲੀ ਹਾਕੀ ਨੂੰ ਪ੍ਰਮੋਟ ਕਰਨ ਲਈ ਕਈ ਤਰਾਂ ਦੇ ਉਪਰਾਲੇ ਕਰਦੀ ਆ ਰਹੀ ਹੈ ਤੇ ਲਗਾਤਾਰ ਇਸ ਖੇਡ ਨਾਲ ਜੁੜੀ ਹੋਈ ਹੈ। ਉਹਨਾਂ ਦੱਸਿਆ ਕਿ ਪਹਿਲੀਆਂ ਪੈਨ ਇੰਡੀਆ ਮਾਸਟਰਸ ਗੇਮਜ਼ 2022 ਜੋ ਕਿ ਬੈਂਗਲੁਰੂ ਵਿੱਚ 11 ਤੋਂ 13 ਮਈ ਤੱਕ ਆਯੋਜਿਤ ਕੀਤੀਆਂ ਗਈਆਂ, ਜਿਸ ਵਿੱਚ ਹਾਕੀ ਖੇਡ ਵਿੱਚ ਵੱਖ-ਵੱਖ ਉਮਰ ਦੀਆਂ ਸ਼੍ਰੇਣੀਆਂ ਵਾਲੇ ਖਿਡਾਰੀਆ ਨੇ ਭਾਗ ਲਿਆ ਸੀ। 50 ਸਾਲ ਤੋਂ ਵੱਧ ਦੀ ਉਮਰ ਵਾਲੇ ਖਿਡਾਰੀਆਂ ਦੀਆਂ ਟੀਮਾਂ ਦੇ ਮੁਕਾਬਲਿਆਂ ਵਿੱਚ ਹਾਕੀ ਦਾ ਫਾਇਨਲ ਮੁਕਾਬਲਾ ਹਰਿਆਣਾ ਦੀ ਟੀਮ ਨਾਲ ਹੋਇਆ ਜਿਸ ਵਿਚ ਪੰਜਾਬ ਦੀ ਟੀਮ ਨੇ ਹਰਿਆਣੇ ਨੂੰ 3-1 ਨਾਲ ਹਰਾ ਕੇ ਪੰਜਾਬ ਨੂੰ ਨੰਬਰ ਇੱਕ ਚੈਂਪਿਅਨ ਦਾ ਸਨਮਾਨ ਬਖਸ਼ਿਆ। ਜੇਤੂ ਟੀਮ ਨੂੰ ਮੁੱਖ ਮਹਿਮਾਨ ਓਲੰਪਿਅਨ ਐਥਲੀਟ ਵੰਦਨਾ ਰਾਓ ਜੀ ਨੇ ਸਾਰੇ ਖਿਡਾਰੀਆਂ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ।