ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਵਰਲਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਅਮੈਰਿਕਨ ਓਨਕੋਲੋਜੀ ਇੰਸਟੀਚਿਊਟ ਦੇ ਸਹਿਯੋਗ ਨਾਲ, ਮਾਲਵਾ ਜ਼ੋਨ ਦੇ ਡਾਇਰੈਕਟਰ ਦਵਿੰਦਰਪਾਲ ਸਿੰਘ ਰਿੰਪੀ ਤੇ ਬੀ.ਬੀ.ਐੱਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਦੀ ਯੋਗ ਅਗਵਾਈ ਹੇਠ ਇਲਾਕਾ ਨਿਵਾਸੀਆਂ ਲਈ ਫਰੀ ਕੈਂਸਰ ਜਾਂਚ ਅਤੇ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਮੋਗਾ ਜ਼ਿਲੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਸ. ਕੁਲਵੰਤ ਸਿੰਘ ਧਾਲੀਵਾਲ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਕੈਂਪ ਵਿੱਚ ਔਰਤਾਂ ਅਤੇ ਮਰਦਾਂ ਦੇ ਕੈਂਸਰ ਦੀ ਸਰੀਰਕ ਜਾਂਚ, ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ ਮੈਮੋਗ੍ਰਾਫੀ ਟੈਸਟ ਕੀਤੇ ਗਏ। ਔਰਤਾਂ ਦੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਲਈ ਟੈਸਟ (ਪੈਪ ਸਮੀਅਰ), ਮਰਦਾਂ ਦੇ ਗਦੂਦਾਂ ਦੇ ਕੈਂਸਰ ਦੀ ਜਾਂਚ ਲਈ ਪੀ.ਐੱਸ.ਏ ਟੈਸਟ ਕੀਤੇ ਗਏ। ਔਰਤਾਂ ਤੇ ਮਰਦਾਂ ਦੇ ਮੂੰਹ ਦੇ ਕੈਂਸਰ ਦੀ ਜਾਂਚ, ਬਲੱਡ ਕੈਂਸਰ ਦੀ ਜਾਂਚ, ਹੱਡੀਆਂ ਦੇ ਟੈਸਟ, ਸ਼ੂਗਰ ਤੇ ਬਲੱਡ ਪ੍ਰੈਸ਼ਰ ਟੈਸਟ ਕੀਤੇ ਗਏ ਅਤੇ ਜਿੰਨ੍ਹਾਂ ਮਰੀਜ਼ਾ ਵਿੱਚ ਕਿਸੇ ਵੀ ਕੈਂਸਰ ਨਾਲ ਸਬੰਧਿਤ ਲੱਛਣ ਪਾਏ ਗਏ ਉਹਨਾਂ ਨੂੰ ਦਵਾਈਆਂ ਦੇ ਨਾਲ-ਨਾਲ ਵਿਸ਼ਵ ਪੱਧਰੀ ਡਾਕਟਰਾਂ ਵੱਲੋਂ ਯੋਗ ਸਲਾਹ ਵੀ ਦਿੱਤੀ ਗਈ। ਮੋਗਾ ਸ਼ਹਿਰ ਅਤੇ ਆਸਪਾਸ ਦੇ 50 ਪਿੰਡਾਂ ਵਿੱਚੋਂ ਲਗਭਗ 600 ਲੋਕਾਂ ਨੇ ਇਸ ਕੈਂਪ ਦਾ ਲਾਹਾ ਚੁੱਕਿਆ। ਜਿਹਨਾਂ ਲਈ ਸਕੂਲ ਪ੍ਰਬੰਧਕਾਂ ਵੱਲੋਂ ਖਾਣ-ਪੀਣ ਦਾ ਪੂਰਾ ਪ੍ਰਬੰਦ ਕੀਤਾ ਗਿਆ। ਸਕੂਲ ਵਿੱਚ ਕੈਂਸਰ ਪ੍ਰਤੀ ਜਾਗਰੁਕਤਾ ਸੈਮੀਨਾਰ ਵੀ ਲਗਾਇਆ ਗਿਆ ਜਿਸ ਵਿੱਚ ਬੀ.ਬੀ.ਐੱਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਦੇ ਸੱਦੇ ਤੇ ਮੰਚ ਤੇ ਆਏ ਮੋਗਾ ਦੇ ਮਾਨਯੋਗ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਬਲੂਮਿੰਗ ਬਡਜ਼ ਸਕੂਲ ਦੇ ਪ੍ਰਬੰਧਕਾਂ ਤੇ ਵਰਲਡ ਕੈਂਸਰ ਕੇਅਰ ਸੁਸਾਇਟੀ ਦਾ ਜ਼ਿਲਾ ਮੋਗਾ ਦੇ ਲੋਕਾਂ ਲਈ ਲਗਾਏ ਇਸ ਕੈਂਪ ਦੀ ਸ਼ਲਾਘਾ ਕੀਤੀ ਤੇ ਧੰਨਵਾਦ ਕੀਤਾ। ਇਸ ਉਪਰੰਤ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਜ਼ਿਲਾ ਮੋਗਾ ਦੇ ਮਾਣਯੋਗ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਜੀ ਨੇ ਸੈਮੀਨਾਰ ਦੋਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਸਭ ਤੋਂ ਪਹਿਲਾਂ ਇਹ ਸਵਾਲ ਕੀਤਾ ਕਿ ਸਾਨੂੰ ਕੈਂਸਰ ਦੇ ਕੈਂਪ ਲਗਾਉਣ ਦੀ ਜ਼ਰੂਰਤ ਕਿਉਂ ਪਈ? ਕਿਉਂਕਿ ਅਸੀਂ ਕੁਦਰਤ ਨਾਲੋੋਂ ਟੁੱਟਦੇ ਜਾ ਰਹੇ ਹਾਂ। ਉਹਨਾਂ ਕਿਹਾ ਕਿ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਜੰਗਲਾਂ ਵਿੱਚ ਰਹਿਣ ਵਾਲੇ ਜੀਵ-ਜੰਤੂਆਂ ਨੂੰ ਕਦੇ ਕੋਈ ਗੰਭੀਰ ਬਿਮਾਰੀ ਨਹੀਂ ਲੱਗਦੀ ਕਿਉਂਕਿ ਉਹ ਕੁਦਰਤ ਦੇ ਬਹੁਤ ਨੇੜੇ ਰਹਿੰਦੇ ਹਨ। ਆਪਣੀ ਜ਼ਿੰਦਗੀ ਦੇ ਨਿਜੀ ਤਜ਼ੁਰਬਿਆਂ ਨੂੰ ਸਾਂਝਾ ਕਰਦਿਆਂ ਉਹਨਾ ਦੱਸਿਆ ਕਿ ਪੜ੍ਹਾਈ ਦੌਰਾਨ ਜਦੋਂ ਅਸੀਂ ਕੈਂਪਿੰਗ ਲਈ ਜਾਂਦੇ ਸੀ ਤਾਂ ਆਪਣੇ ਟੈਂਟ ਜੰਗਲਾ ਵਿੱਚ ਲਗਾ ਕੇ ਰਹਿੰਦੇ ਸੀ। ਰਾਤ ਸਮੇਂ ਇਹ ਵੇਖਦੇ ਸੀ ਕਿ ਸ਼ਾਮ ਹੁੰਦਿਆਂ ਸਾਰੀ ਸ੍ਰਿਸ਼ਟੀ ਦੀ ਵੀ ਸ਼ਾਮ ਹੋ ਜਾਂਦੀ ਸੀ, ਸਾਰੇ ਜੀਵ ਜੰਤੂ ਸੌਂ ਜਾਂਦੇ ਸਨ। ਪਰ ਮਨੁੱਖ ਦਾ ਸਿਸਟਮ ਹੁਣ ਇਸ ਤੋਂ ਉਲਟਾ ਹੋ ਚੁੱਕਾ ਹੈ। ਰਾਤ ਨੂੰ ਲੋਕ ਦੇਰ ਤੱਕ ਜਾਗਦੇ ਹਨ ਤੇ ਸਵੇਰੇ ਲੇਟ ਉੱਠਦੇ ਹਨ। ਇਸ ਦੇ ਨਾਲ ਹੀ ਸਾਡੀਆਂ ਖਾਣ-ਪੀਣ ਅਤੇ ਰਹਿਣ ਸਹਿਣ ਦੀਆਂ ਆਦਤਾਂ ਵੀ ਬਦਲ ਚੁੱਕੀਆਂ ਹਨ। ਆਪਣੀ ਰੋਜ਼ਾਣਾ ਜਿੰਦਗੀ ਵਿੱਚ ਅਸੀਂ ਕਈ ਤਰ੍ਹਾਂ ਦੇ ਕੈਮੀਕਲ ਪਦਾਰਥਾਂ ਦੀ ਵਰਤੋਂ ਕਰਦੇ ਹਾਂ ਤੇ ਇਹ ਕੈਮੀਕਲ ਵੀ ਸਾਡੀਆਂ ਬਿਮਾਰੀਆਂ ਵਿੱਚ ਵਾਧਾ ਕਰਦੇ ਹਨ। ਸੋ ਜੇ ਅਸੀਂ ਆਪਣੀਆਂ ਆਦਤਾਂ ਨੂੰ ਬਦਲ ਲਈਏ ਤਾਂ ਅੱਧੀਆਂ ਬਿਮਾਰੀਆਂ ਤੋਂ ਆਪਣੇ-ਆਪ ਛੁਟਕਾਰਾ ਮਿਲ ਜਾਵੇਗਾ। ਅੰਤ ਵਿੱਚ ਵਰਲਡ ਕੈਂਸਰ ਕੇਅਰ ਸੋਸਾਈਟੀ ਦੇ ਗਲੋਬਲ ਅੰਬੈਸਡਰ ਸ. ਕੁਲਵੰਤ ਸਿੰਘ ਧਾਲੀਵਾਲ ਦਾ ਧੰਨਵਾਦ ਕਰਦਿਆਂ ਹੋਇਆ ਉਹਨਾਂ ਕਿਹਾ ਇੰਗਲੈਂਡ ਵੱਸਦੇ ਹੋਏ ਵੀ ਉਹਨਾਂ ਆਪਣੇ ਇਲਾਕੇ ਨੂੰ ਵਿਸਾਰਿਆ ਨਹੀਂ ਅਤੇ ਕੈਂਸਰ ਕੇਅਰ ਸੋਸਾਈਟੀ ਵਰਗੀ ਸੰਸਥਾ ਨੂੰ ਹੋਂਦ ਵਿੱਚ ਲਿਆ ਕੇ ਮਾਨਵਤਾ ਦੀ ਭਲਾਈ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ। ਇਸ ਤੋਂ ਬਾਅਦ ਬੀ.ਬੀ.ਐੱਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਵੱਲੋਂ ਵਰਲਡ ਕੈਂਸਰ ਕੇਅਰ ਸੋਸਾਈਟੀ ਦੇ ਗਲੋਬਲ ਅੰਬੈਸਡਰ ਸ. ਕੁਲਵੰਤ ਸਿੰਘ ਧਾਲੀਵਾਲ ਜੀ ਨੂੰ ਮੰਚ ਤੇ ਸੱਦਾ ਦਿੱਤਾ ਗਿਆ ਤੇ ਕੁਲਵੰਤ ਸਿੰਘ ਧਾਲੀਵਾਲ ਜੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਸਭ ਨੂੰ ਆਪਣੇ ‘ਦਾਨ’ ਦੀ ਦਿਸ਼ਾ ਬਦਲਣ ਦੀ ਬੇਨਤੀ ਕੀਤੀ। ਉਹਨਾਂ ਕਿਹਾ ਕਿ ਕਿਸੇ ਧਾਰਮਿਕ ਸਥਾਨ ਦੀ ਗੋਲਕ ਵਿੱਚ ਪੈਸੇ ਪਾਉਣ ਨਾਲੋਂ ਕਿਸੇ ਗਰੀਬ ਦੀ ਮਦਦ ਕਰਨਾ ਜਿਆਦਾ ਜ਼ਰੂਰੀ ਹੈ। ਦੋਨਾਂ ਤਰਫ ਦੇ ਦਾਨ ਦਾ ਬੈਲੇਂਸ ਰੱਖਣਾ ਚਾਹੀਦਾ ਹੈ। ਧਾਰਮਿਕ ਸਥਾਨਾਂ ਦੇ ਵਿਕਾਸ ਨਾਲ ਆਪਣੇ ਸ਼ਹਿਰ ਦੇ ਸਿਵਲ ਹਸਪਤਾਲ ਦਾ ਵਿਕਾਸ ਕਰਨਾ ਸਾਡੀ ਵੀ ਜਿੰਮੇਵਾਰੀ ਹੈ। ਕੈਂਸਰ ਦੇ ਪ੍ਰਤੀ ਜਾਗਰੁਕ ਕਰਦਿਆਂ ਉਹਨਾਂ ਮੌਜੂਦ ਔਰਤਾਂ ਨੂੰ ਸੁਣੇਹਾ ਦਿੱਤਾ ਕਿ ਹਰ ਇੱਕ ਔਰਤ ਲਈ ‘ਬ੍ਰੈਸਟ-ਕੈਂਸਰ’ ਦੀ ਜਾਂਚ ਕਰਵਾਉਣਾ ਲਾਜ਼ਮੀ ਹੈ। ਕਿਉਂਕਿ ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਸ਼ਰਮ ਦੇ ਮਾਰੇ ਅੋਰਤਾਂ ਆਪਣੀ ਇਸ ਤਕਲੀਫ ਨੂੰ ਖੁੱਲ ਕੇ ਨਹੀਂ ਦੱਸਦੀਆਂ। ਉਹਨਾਂ ਦੱਸਿਆ ਕਿ ਬ੍ਰੈਸਟ ਕੈਂਸਰ ਕਾਰਨ ਪੰਜਾਬ ਵਿੱਚ ਹੁਣ ਤੱੱਕ 3600 ਔਰਤਾਂ ਦੀ ਇੱਕ ਬ੍ਰੈਸਟ ਅਤੇ 4200 ਔਰਤਾਂ ਦੀਆਂ ਦੋਨੋ ਬ੍ਰੇਸਟਾਂ ਕੱਟੀਆਂ ਜਾ ਚੁੱਕੀਆਂ ਹਨ, ਸੋ ਸਾਨੂੰ ਸੁਚੇਤ ਹੋਣ ਦੀ ਜਰੂਰਤ ਹੈ। ਇਸ ਲਈ ਅੱਜ ਕੈਂਪ ਦੇ ਦੌਰਾਨ ਹਰ ਇੱਕ ਔਰਤ ਨੂੰ ਇਹ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਕਿਸੇ ਵਿੱਚ ਕੈਂਸਰ ਦੇ ਲੱਛਣ ਪਾਏ ਜਾਂਦੇ ਹਨ ਤਾਂ ਪਹਿਲੀ ਸਟੇਜ਼ ਤੇ ਹੀ ਉਸ ਦਾ ਇਲਾਜ ਕੀਤਾ ਜਾ ਸਕੇ। ਕੈਂਸਰ ਦੀ ਬਿਮਾਰੀ ਪਹਿਲੀ ਜਾਂ ਦੂਜੀ ਸਟੇਜ਼ ਤੇ ਮਾਮੂਲੀ ਸਿਗਨਲ ਦਿੰਦਾ ਹੈ, ਪਰ ਜੇ ਅਣਗਹਿਲੀ ਕਾਰਨ ਕੈਂਸਰ ਤੀਸਰੀ ਸਟੇਜ਼ ਤੇ ਪਹੁੰਚ ਜਾਵੇ ਤਾਂ ਉਸਦਾ ਇਲਾਜ ਅਮਰੀਕਾ, ਕਨੇਡਾ ਵਰਗੇ ਮੁਲਕਾਂ ਵਿੱਚ ਵੀ ਸੰਭਵ ਨਹੀਂ। ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਨੂੰ ਉਹਨਾਂ ਭੋਜਨ ਪਦਾਰਥਾਂ ਵਿੱਚ ਕੈਮੀਕਲ ਦੀ ਵਰਤੋਂ ਕਰਨ ਵਾਲਿਆਂ ਅਤੇ ਮਿਲਾਵਟਖੋਰਾਂ ਵਿਰੁੱਧ ਸਖਤੀ ਕਰਨ ਦੀ ਬੇਨਤੀ ਕੀਤੀ। ਤੰਬਾਕੂਨੋਸ਼ੀ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਉਹਨਾਂ ਦੱਸਿਆ ਕਿ ਦੁਨੀਆ ਵਿੱਚ ਹਰ ਸਾਲ 80 ਲੱਖ ਲੋਕ ਗਲੇ ਤੇ ਮੁੰਹ ਅਤੇ ਫੇਫੜਿਆਂ ਦੇ ਕੈਂਸਰ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਅੰਤ ਵਿੱਚ ਉਹਨਾਂ ਕਿਹਾ ਕਿ ਸਾਨੂੰ ਕੈਂਸਰ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਬਲਕਿ ਇਸ ਪ੍ਰਤੀ ਜਾਗਰੁਕ ਹੋਣ ਦੀ ਜ਼ਰੂਰਤ ਹੈ ਕਿਉਂਕਿ ਕੈਂਸਰ ਨੂੰ ਉਸਦੀ ਸ਼ੁਰੁਆਤੀ ਸਟੇਜ਼ ਤੇ ਖਤਮ ਕੀਤਾ ਜਾ ਸਕਦਾ ਹੈ ਜਿਸ ਲਈ ਕੈਂਸਰ ਦੀ ਜਾਂਚ ਬਹੁਤ ਜ਼ਰੂਰੀ ਹੈ। ਹੁਣ ਤੱਕ ਪੰਜਾਬ ਦੇ 12784 ਪਿੰਡਾਂ ਵਿੱਚੋਂ 9600 ਪਿੰਡਾਂ ਵਿੱਚ ਅਸੀਂ ਇਹ ਕੈਂਪ ਲਗਾ ਚੁੱਕੇ ਹਾਂ ਅਤੇ ਬਾਕੀ ਰਹਿੰਦੇ ਪਿੰਡ ਵੀ ਛੇਤੀ ਹੀ ਕਵਰ ਕੀਤੇ ਜਾਣਗੇ। ਸਾਰਿਆਂ ਨੂੰ ਆਪਣੇ ਟੈਸਟ ਕਰਵਾਉਣ ਅਤੇ ਘੱਟੋ-ਘੱਟ 20 ਹੋਰ ਬੰਦਿਆਂ ਨੂੰ ਕੈਂਸਰ ਪ੍ਰਤੀ ਜਾਗਰੁਕ ਕਰਨ ਦਾ ਸੁਣੇਹਾ ਦਿੰਦਿਆ ਉਹਨਾਂ ਇਹ ਵੀ ਕਿਹਾ ਕਿ ਵਿਦਿਅਕ ਅਦਾਰੇ ਐਸੀ ਥਾਂ ਹਨ ਜਿੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਪੀੜੀ ਨੂੰ ਜਾਗਰੁਕ ਕੀਤਾ ਜਾ ਸਕਦਾ ਹੈ। ਅੰਤ ਵਿੱਚ ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜਾਂਚ ਕੈਂਪ ਲਗਾਉਣ ਅਤੇ ਵਿਦਿਅਕ ਅਦਾਰਿਆਂ ਵਿੱਚ ਜਾਗਰੁਕਤਾ ਸੈਮੀਨਾਰ ਲਗਾਉਣ ਦਾ ਵਾਅਦਾ ਕੀਤਾ। ਇਸ ਮੌਕੇ ਬੀ.ਬੀ.ਐੱਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਅਤੇ ਵਰਲਡ ਕੈਂਸਰ ਕੇਅਰ ਸੋਸਾਈਟੀ ਦੇ ਗਲੋਬਲ ਅੰਬੈਸਡਰ ਸ. ਕੁਲਵੰਤ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਉਹਨਾਂ ਧਾਲੀਵਾਲ ਜੀ ਨਾਲ ਵਾਅਦਾ ਕੀਤਾ ਕਿ ਭਵਿੱਖ ਲਈ ਉਲੀਕੇ ਗਏ ਮਨੁੱਖੀ ਕਲਿਆਣ ਦੇ ਇਸ ਤਰ੍ਹਾਂ ਦੇ ਉਪਰਾਲਿਆਂ ਵਿੱਚ ਬੀ.ਬੀ.ਐੱਸ. ਗਰੁੱਪ ਆਪਣੀ ਸੰਪੂਰਣ ਸਮਰੱਥਾ ਨਾਲ ਉਹਨਾਂ ਦਾ ਸਾਥ ਦੇਵੇਗਾ ਅਤੇ ਇਸ ਮਹਾਨ ਉਪਰਾਲੇ ਨੂੰ ਸਿਰੇ ਚਾੜ੍ਹਨ ਲਈ ਹਰ ਘੜੀ ਤਿਆਰ ਰਹੇਗਾ। “ਇੱਕ ਨਿਰੋਗ ਸਰੀਰ ਵਿੱਚ ਹੀ ਇੱਕ ਨਿਰੋਗ ਦਿਮਾਗ ਨਿਵਾਸ ਕਰਦਾ ਹੈ”ਇਸ ਕਥਣ ਨੂੰ ਮੁੱਖ ਰੱਖਦੇ ਹੋਏ ਆਓ ਮਿਲ ਕੇ ਇਸ ਬਿਮਾਰੀ ਦੇ ਵਿਰੁੱਧ ਖੜ੍ਹੇ ਹੋਈਏ ਅਤੇ ਆਪਣੇ ਸਮਾਜ, ਸ਼ਹਿਰ, ਸੂਬੇ ਅਤੇ ਮੁਲਕ ਨੂੰ ਤਰੱਕੀ ਦੀਆਂ ਰਾਹਾਂ ਤੇ ਪਾਈਏ। ਅੰਤ ਵਿੱਚ ਉਹਨਾਂ ਨੇ ਮਾਣਯੋਗ ਡਿਪਟੀ ਕਮੀਸ਼ਨਰ ਅਤੇ ਸ. ਕੁਲਵੰਤ ਸਿੰਘ ਧਾਲੀਵਾਲ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਕੂਲ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ।