ਪੰਜਾਬ ਸਰਕਾਰ ਨੇ 31 ਮਾਰਚ,2021 ਤੱਕ ਸਾਰੇ ਸਕੂਲ ਬੰਦ ਕਰ ਦਿੱਤੇ ਹਨ, ਜਿਸ ਕਰਕੇ ਬੱਚਿਆਂ ਦਾ ਪੜਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਜਦੋਂ ਕਿ ਇਸ ਦੀ ਜਗ੍ਹਾ ਤੇ ਸਰਕਾਰ ਕਿਸੇ ਹੋਰ ਤਰੀਕੇ ਨਾਲ ਗਾਈਡਲਾਈਨਜ਼ ਜਾਰੀ ਕਰਕੇ ਕੋਈ ਵਿਚਕਾਰਲਾ ਰਾਸਤਾ ਕੱਢਦੀ ਤਾਂ ਜੋ ਸਕੂਲ ਵੀ ਖੁੱਲੇ ਰਹਿੰਦੇ ਅਤੇ ਬੱਚਿਆਂ ਦਾ ਪੜਾਈ ਦਾ ਨੁਕਸਾਨ ਨਾ ਹੁੰਦਾ। ਇੰਨਾ ਵਿਚਾਰਾਂ ਦਾ ਵਟਾਂਦਰਾਂ ਸ਼੍ਰੀ ਸੰਜੀਵ ਕੁਮਾਰ ਸੈਣੀ ਚੇਅਰਮੈਨ ਬੀ.ਬੀ.ਐਸ ਗਰੁੱਪ ਆਫ ਸਕੂਲਜ਼,ਮੋਗਾ ਅਤੇ ਲੀਗਲ ਕਨਵੀਨਰ ਫੈਡਰੇਸ਼ਨ ਆਫ ਐਸੋਸੀਏਸ਼ਨ ਆਫ ਪ੍ਰਾਈਵੇਟ ਸਕੂਲਜ਼ ਪੰਜਾਬ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿੱਛਲੇ ਸਾਲ ਵੀ ਕੋਰੋਨਾ ਮਹਾਂਮਾਰੀ ਕਰ ਕੇ ਸਕੂਲ ਸਭ ਤੋਂ ਪਹਿਲਾਂ ਬੰਦ ਹੋਏ ਅਤੇ ਸਭ ਤੋਂ ਅਖੀਰ ਵਿੱਚ ਖੁੱਲੇ। ਇਸ ਸਾਲ ਵੀ ਸਰਕਾਰ ਨੇ ਬਿਨਾਂ ਕੁੱਛ ਸੋਚੇ ਸਮਝੇ ਸਕੂਲ ਬੰਦ ਕਰਤੇ ਜਦ ਕਿ ਬੋਰਡ ਦੀਆਂ ਪ੍ਰੀਖਿਆਵਾਂ ਸਿਰ ਤੇ ਹਨ। ਬੋਰਡ ਦੀਆਂ ਪ੍ਰੀਖਿਆਵਾਂ 2 ਮਹੀਨੇ ਲੇਟ ਹੋਣ ਕਾਰਨ ਪਹਿਲਾਂ ਹੀ ਪ੍ਰੀਖਿਆ ਦੋ ਮਹੀਨੇ ਲੇਟ ਹੋਣ ਕਰਕੇ ਪਹਿਲਾਂ ਹੀ ਸੈਸ਼ਨ ਦੋ ਮਹੀਨੇ ਪਿੱਛੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੋਵਿਡ-19 ਬਹੁਤ ਵੱਡੀ ਚੁਣੌਤੀ ਹੈ, ਪਰ ਸਰਕਾਰ ਨੂੰ ਅਜਿਹੇ ਫੈਸਲੇ ਲੈਂਦੇ ਸਮੇਂ ਬਹੁਤ ਸਾਰੇ ਪੱਖਾਂ ਨੂੰ ਗੌਰ ਕਰਨਾ ਬਣਦਾ ਹੈ। ਜੇ ਦੁਨੀਆਂ ਭਰ ਅਤੇ ਭਾਰਤ ਦੇਸ਼ ਦੇ ਬਾਕੀ ਰਾਜਾਂ ਤੇ ਨਜ਼ਰ ਮਾਰੀਏ ਸਭ ਜਗ੍ਹਾ ਸਕੂਲ ਖੁੱਲ੍ਹ ਚੁੱਕੇ ਹਨ ਅਤੇ ਪ੍ਰੀਖਿਆਵਾਂ ਹੋ ਰਹੀਆਂ ਹਨ। ਜਦੋਂ ਕਿ ਪੰਜਾਬ ਸਰਕਾਰ ਨੇ ਅਜਿਹੇ ਹੁਕਮ ਜਾਰੀ ਕਰਕੇ ਵਿਦਿਆਰਥੀਆਂ ਦਾ ਭਵਿੱਖ ਅੱਧ ਵਿਚਕਾਰ ਲਟਕਾ ਦਿੱਤਾ ਹੈ। ਪ੍ਰਾਈਵੇਟ ਸਕੂਲਾਂ ਵਿੱਚ ਕੰਮ ਕਰਨ ਵਾਲੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੇ ਰੋਜ਼ਗਾਰ ਤੇ ਸੰਕਟ ਦੇ ਬੱਦਲ ਛਾਏ ਹੋਏ ਹਨ, ਕਿਉਂਕਿ ਸਕੂਲ ਪਹਿਲਾਂ ਵੀ ਬਹੁਤ ਸਮਾਂ ਬੰਦ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਕੂਲਾਂ ਦਾ ਬੰਦ ਕਰਨ ਵਾਲੇ ਹੁਕਮ ਨੂੰ ਵਾਪਿਸ ਲੈਣਾ ਚਾਹੀਦਾ ਹੈ। ਕਿਤੇ ਇਹ ਨਾ ਹੋਵੇ ਕਿ ਪੰਜਾਬ ਰਾਜ ਸਿੱਖਿਆ ਦੇ ਮਾਮਲੇ ਵਿੱਚ ਬਾਕੀ ਰਾਜਾਂ ਨਾਲੋਂ ਪੱਛੜ ਜਾਵੇ।