ਜ਼ਿਲ੍ਹਾ-ਮੋਗਾ ਦੀ ਨਾਮਵਰ ਸਿੱਖਿਅਕ ਸੰਸਥਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਚੰਦਨਵਾਂ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ । ਹਾਲਾਂਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਸਾਰੀਆਂ ਜਮਾਤਾਂ ਵਾਸਤੇ ਸਕੂਲ ਖੋਲ ਦਿੱਤੇ ਗਏ ਹਨ ਪਰ ਕੋਵਿਡ-19 ਪ੍ਰੋਟੋਕੋਲ ਦੀ ਪਾਲਨਾ ਕਰਦੇ ਹੋਏ ਇਹ ਤਿਉਹਾਰ ਸਿਰਫ ਅਧਿਆਪਕਾਂ ਦੁਆਰਾ ਮਨਾਇਆ ਗਿਆ ।ਇਸ ਮੌਕੇ ਬੀ.ਬੀ.ਐਸ ਚੰਦਨਵਾਂ ਦੀਆਂ ਅਧਿਆਪਕਾਵਾਂ ਦੁਆਰਾ ਗਿੱਧਾ ਪਾਇਆ ਗਿਆ । ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਦੁਆਰਾ ਸਟਾਫ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਸਾਉਣ ਦੇ ਮਹੀਨੇ ਵਿੱਚ ਤੀਜ ਦਾ ਤਿਉਹਾਰ ਆਉਂਦਾ ਹੈ , ਇਸ ਮੌਕੇ ਕੁੜੀਆਂ ਤੇ ਔਰਤਾਂ ਸਾਜ ਸ਼ਿੰਗਾਰ ਕਰਦੀਆਂ ਹਨ ਅਤੇ ਆਪਣੇ ਹੱਥਾਂ ਪੈਰਾਂ ਤੇ ਮਹਿੰਦੀ ਲਗਵਾਉਂਦੀਆਂ ਹਨ ।ਮਾਪੇ ਆਪਣੀ ਵਿਆਹੁਤਾ ਧੀਆਂ ਨੂੰ ਕਪੜੇ,ਮਿਠਾਈ ਅਤੇ ਹਾਰ ਸ਼ਿੰਗਾਰ ਦਾ ਸਮਾਨ ਭੇਜਦੇ ਹਨ ।ਤੀਜ ਦੇ ਤਿਉਹਾਰ ਤੇ ਵਿਆਹੁਤਾ ਕੁੜੀਆਂ ਦਾ ਆਪਣੇ ਮਾਪਿਆਂ ਦੇ ਘਰ ਜਾਣ ਦਾ ਰਿਵਾਜ਼ ਹੁੰਦਾ ਹੈ ।ਪਹਿਲੇ ਸਮੇਂ ਵਿੱਚ ਤੀਜ ਵਾਲੇ ਦਿਨ ਕਿਸੇ ਤਲਾਬ ਦੇ ਲਾਗੇ ਮੇਲਾ ਲੱਗਦਾ ਸੀ ਅਤੇ ਉੱਥੇ ਦਰੱਖਤਾਂ ਤੇ ਝੂਲੇ ਲਗਾਏ ਜਾਂਦੇ ਸਨ ।ਇਸ ਮੌਕੇ ਅਧਿਆਪਕਾ ਮਨਿੰਦਰ ਕੌਰ ਦੁਆਰਾ ਤੀਜ ਦੇ ਸੰਬੰਧ ਵਿੱਚ ਸਪੀਚ ਦਿੱਤੀ ਗਈ ।ਅਧਿਆਪਕਾਵਾਂ ਦੁਆਰਾ ਪੀਘਾਂ ਝੂਟ ਕੇ ਇਸ ਤੀਜ ਦੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।