ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਸੀ.ਬੀ.ਐੱਸ.ਈ. ਬੋਰਡ ਦੇ ਸੀ.ਓ.ਈ. ਸੈੱਲ ਦੁਆਰਾ ‘ਕਪੈਸਟੀ ਬਿਲਡਿੰਗ ਪ੍ਰੋਗਰਾਮ’ ਦੇ ਅਧੀਨ “ਸਟਰੈਸ ਮੈਨਜਮੈਂਟ” ਨਾਲ ਸਬੰਧਤ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਸੀ.ਬੀ.ਐੱਸ.ਈ. ਰਿਸੋਰਸ ਪਰਸਨ ਅਜੇ ਖੋਸਲਾ ਜੋ ਕਿ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ, ਅਬੋਹਰ ਵਿਖੇ, ਮਨੋਵਿਗਿਆਨ ਦੇ ਵਿਸ਼ੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਤਾਇਨਾਤ ਹਨ, ਨੇ ਮੌਜੂਦ ਸਟਾਫ ਨੂੰ ਦੱਸਿਆ ਕਿ ਮੈਂਟਲ ਸਟ੍ਰੈਸ (ਮਾਨਸਿਕ ਤਣਾਅ) ਕੀ ਹੁੰਦਾ ਹੈ, ਇਸ ਦੇ ਕੀ ਕਾਰਨ ਹਨ, ਇਹ ਕਿਸ ਤਰ੍ਹਾਂ ਸਾਡੇ ਤੇ ਹਾਵੀ ਹੁੰਦਾ ਹੈ, ਕਿਸ ਤਰ੍ਹਾਂ ਇਹ ਹੋਰ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ, ਇਸ ਦੇ ਮਨੁੱਖੀ ਸਰੀਰ ਵਿੱਚ ਕੀ ਲੱਛਣ ਹੁੰਦੇ ਹਨ, ਇਸ ਦੀ ਪਹਿਚਾਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਅਤੇ ਇਸ ਤੋਂ ਆਪਣਾ ਬਚਾਅ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਇਹਨਾਂ ਸਾਰਿਆਂ ਮੁੱਦਿਆਂ ਬਾਰੇ ਪ੍ਰੌ. ਅਜੈ ਖੋਸਲਾ ਦੁਆਰਾ ਬਹੁਤ ਹੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਹਨਾਂ ਜਾਣਕਾਰੀਆਂ ਨੂੰ ਸਾਂਝਾ ਕਰਨ ਵੇਲੇ ਮੌਜੂਦ ਸਟਾਫ ਤੋਂ ਕਈ ਤਰ੍ਹਾਂ ਦੇ ਸਵਾਲ-ਜਵਾਬ ਕੀਤੇ ਗਏ, ਕਈ ਤਰ੍ਹਾਂ ਦੀ ਐਕਟੀਵਿਟੀਆਂ ਕਰਵਾਈਆਂ ਗਈਆਂ, ਸਟਾਫ ਨੂੰ ਅਲੱਗ-ਅਲੱਗ ਸਮੂਹਾਂ ਵਿੱਚ ਵੰਡ ਕੇ ਵਿਚਾਰ ਵਟਾਂਦਰਾ ਕਰਵਾਇਆ ਗਿਆ ਅਤੇ ਸਮਝਾਇਆ ਗਿਆ ਕਿ ਸਟ੍ਰੈਸ (ਤਣਾਅ) ਤੋਂ ਬਚਣ ਦਾ ਸਭ ਤੋ ਵਧੀਆ ਹੱਲ ਹੈ ਵਿਚਾਰ ਵਟਾਂਦਰਾ। ਉਹਨਾਂ ਇਹ ਵੀ ਦੱਸਿਆ ਕਿ ਸਟ੍ਰੈਸ ਕਦੇ ਵੀ ਹਰ ਵਿਅਕਤੀ ਲਈ ਇੱਕੋ ਜਿਹੀ ਨਹੀਂ ਹੁੰਦਾ। ਇਸ ਦਾ ਸਾਹਮਣਾ ਕਰਨ ਦਾ ਢੰਗ ਵੀ ਹਰ ਵਿਅਕਤੀ ਲਈ ਵੱਖ ਹੋਵੇਗਾ ਅਤੇ ਇਸ ਦੇ ਨਤੀਜੇ ਵੀ ਵੱਖੋ-ਵੱਖ ਹੋਣਗੇ। ਇਸ ਤੋਂ ਇਲਾਵਾ ਉਹਨਾਂ ਕਈ ਆਂਕੜੇ ਵੀ ਸਟਾਫ ਨਾਲ ਸਾਂਝੇ ਕੀਤੇ ਜਿੰਨ੍ਹਾਂ ਦੁਆਰਾ ਇਹ ਦਰਸਾਇਆ ਗਿਆ ਕਿ ਕੋਰੋਨਾ ਕਾਲ ਤੋਂ ਬਾਅਦ ਕਿਸ ਤਰ੍ਹਾਂ ਸਟੈ੍ਸ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਮੌਜੂਦ ਸਟਾਫ ਦੁਆਰਾ ਸਟ੍ਰੈਸ ਨਾਲ ਸਬੰਧਿਤ ਕਈ ਤਰ੍ਹਾਂ ਦੇ ਸਵਾਲ ਕੀਤੇ ਗਏ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਸਾਹਮਣੇ ਰੱਖੀਆਂ ਗਈਆ, ਜਿਨ੍ਹਾਂ ਬਾਰੇ ਪ੍ਰੋ. ਅਜੈ ਖੋਸਲਾ ਨੇ ਬੜੀ ਹੀ ਸੂਖਮਤਾ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਦੇ ਵੱਖ-ਵੱਖ ਤਰੀਕਿਆਂ ਬਾਰੇ ਸਟਾਫ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਅਧਿਆਪਕਾਂ ਨੂੰ ਵਿਦਿਆਰਥੀਆਂ, ਸਕੂਲ਼ ਮੈਨੇਜਮੈਂਟ, ਵਿਦਿਆਰਥੀਆਂ ਦੇ ਮਾਪਿਆਂ ਨਾਲ ਕਿਵੇਂ ਮਾਨਸਿਕ ਸਾਂਝ ਕਾਇਮ ਕੀਤੀ ਜਾ ਸਕਦੀ ਹੈ ਤਾਂ ਜੋ ਸਿੱਖਿਆ ਦੇ ਪ੍ਰਸਾਰ ਨੂੰ ਤਣਾਅਮੁਕਤ ਕੀਤਾ ਜਾ ਸਕੇ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੋਰੋਨਾ ਕਾਲ ਤੋਂ ਬਾਅਦ ਲਗਭਗ ਸਮਾਜ ਦੇ ਹਰ ਇੱਕ ਵਰਗ ਦੇ ਮਾਨਸਿਕ ਪੱਧਰ ਉੱਪਰ ਡੂੰਘਾ ਅਸਰ ਪਿਆ ਹੈ ਜਿਸ ਕਾਰਨ ਮਾਨਸਿਕ ਤਣਾਅ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਵਿੱਚ ਬੜ੍ਹੀ ਹੀ ਤੇਜ਼ੀ ਨਾਲ ਵਾਧਾ ਹੋਇਆ ਹੈ। ਅਸੀਂ ਅੱਜ ਵੀ ਕੋਰੋਨਾ ਤੋਂ ਸੁਰੱਖਿਅਤ ਨਹੀਂ ਹਾਂ ਪਰ ਵਿੱਦਿਆ ਦੇ ਖੇਤਰ ਵਿੱਚ ਹੁਣ ਜਦੋਂ ਸਾਰਾ ਸਿਸਟਮ ਮੁੜ੍ਹ ਲੀਹਾਂ ਤੇ ਆ ਰਿਹਾ ਹੈ ਤਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਮਾਨਸਿਕ ਸਾਂਝ ਦੁਬਾਰਾ ਕਾਇਮ ਕਰਨ ਲਈ ਇਹ ਜ਼ਰੂਰੀ ਹੈ ਕਿ ਅਧਿਆਪਕ ਖੁਦ ਤਣਾਅ ਮੁਕਤ ਰਹਿਣ ਅਤੇ ਵਿਦਿਆਰਥੀਆਂ ਨੂੰ ਵੀ ਤਣਾਅ ਮੁਕਤ ਰੱਖ ਸਕਣ, ਇਸ ਲਈ ਇਸ ਤਰ੍ਹਾਂ ਦੀਆਂ ਵਰਕਸ਼ਾਪ ਹਰ ਵਿਅਕਤੀ ਲਈ ਬੜੀ ਹੀ ਲਾਹੇਵੰਦ ਸਾਬਤ ਹੁੰਦੀਆਂ ਹਨ। ਉਹਨਾਂ ਅੱਗੇ ਕਿਹਾ ਕਿ ਸਟ੍ਰੈਸ (ਤਣਾਅ) ਅੱਜ ਕੱਲ ਇੱਕ ਬਹੁਤ ਹੀ ਆਮ ਸਮੱਸਿਆ ਬਣ ਚੁੱਕੀ ਹੈ। ਸਟ੍ਰੈਸ ਆਪਣੇ ਆਪ ਵਿੱਚ ਹੀ ਇੱਕ ਸਮੱਸਿਆ ਹੈ ਇਸ ਦੇ ਨਾਲ ਨਾਲ ਇਹ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ ਜਿਵੇਂ ਕਿ ਬਲੱਡ ਪ੍ਰੇਸ਼ਰ, ਸਿਰ ਦਰਦ, ਇਕਾਗਰਤਾ ਦੀ ਕਮੀ, ਮਾਈਗ੍ਰੇਨ ਆਦਿ। ਇਸ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਹਰ ਇਨਸਾਨ ਉਹਨਾਂ ਤਰੀਕਿਆਂ ਤੋ ਜਾਣੂ ਹੋਵੇ ਜਿੰਨ੍ਹਾਂ ਰਾਹੀ ਸਟ੍ਰੈਸ ਤੋਂ ਬਚਿਆ ਜਾ ਸਕੇ। ਉਹਨਾਂ ਅੱਗੇ ਦੱਸਿਆ ਕਿ ਸਟ੍ਰੈਸ ਇੱਕ ਐਸੀ ਮਾਨਸਿਕ ਸਮੱਸਿਆ ਹੈ ਜਿਸ ਦਾ ਕੋਈ ਇਲਾਜ ਨਹੀਂ ਹੈ ਇਸ ਤੋਂ ਬਚਣ ਦਾ ਸਭ ਤੋਂ ਵਧੀਆ ਰਸਤਾ ਹੈ “ਸਟ੍ਰੈਸ ਮੈਨੇਜਮੈਂਟ”। ਇਸ ਲਈ ਬਲੂਮਿੰਗ ਬਡਜ਼ ਵਿਦਿਅਕ ਸੰਸਥਾ ਸੀ.ਬੀ.ਐੱਸ.ਈ. ਬੋਰਡ ਦੀ ਧੰਨਵਾਦੀ ਹੈ ਕਿ ਸਕੂਲ ਵਿੱਚ ਇਸ ਤਰ੍ਹਾਂ ਦਾ ਸੈਮੀਨਾਰ ਕਰਵਾਇਆ ਗਿਆ। ਉਹਨਾਂ ਕਿਹਾ ਕਿ ਸਟਾਫ ਅਤੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ। ਇਸ ਸੈਮੀਨਾਰ ਵਿੱਚ ਬਲੂਮਿੰਗ ਬਡਜ਼ ਸਕੂਲ ਦੇ ਸਟਾਫ ਤੋਂ ਇਲਾਵਾ, ਹੋਰ ਸਕੂਲਾਂ ਦੇ ਅਧਿਆਪਕ ਵੀ ਮੋਜੂਦ ਸਨ। ਸੈਮੀਨਾਰ ਦੇ ਅੰਤ ਵਿੱਚ ਸਾਰੇ ਅਧਿਆਪਕਾਂ ਨੂੰ ਇਸ ਪ੍ਰੋਗਰਾਮ ਨਾਲ ਸਬੰਧਿਤ ਸਰਟੀਫਿਕੇਟ ਵੀ ਵੰਡੇ ਗਏ। ਸਕੂਲੀ ਮੈਨਜਮੈਂਟ, ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ ਸਾਰੇ ਸਟਾਫ ਵੱਲੋਂ ਪ੍ਰੋ. ਅਜੈ ਖੋਸਲਾ ਨੂੰ ਸਨਮਾਨ ਚਿੰਨ੍ਹ ਦੇ ਕੇ ਉਹਨਾਂ ਦਾ ਧੰਨਵਾਦ ਕੀਤਾ।