ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਚੁੱਕਾ ਹੈ, ਵਿਖੇ ਅੱਜ ਇੱਕ ਵਿਸ਼ੇਸ਼ ਸਭਾ ਦੌਰਾਨ ਸਰਕਾਰ ਵੱਲੋਂ ਚਲਾਈ ਗਈ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਵਿਦਿਆਰਥੀਆਂ ਅਤੇ ਸਟਾਫ ਨੂੰ ਲੜਕੀਆਂ ਦੀ ਮਹੱਤਤਾ ਪ੍ਰਤੀ ਜਾਗਰੂਕ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਇਸ ਦਿਨ ਨੂੰ ਸਮਰਪਿਤ ਚਾਰਟ, ਆਰਟੀਕਲ ਅਤੇ ਕਵੀਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਸੱਤਵੀਂ ਕਲਾਸ ਦੀਆਂ ਵਿਦਿਆਰਥਣਾ ਵੱਲੋਂ ਇਸ ਮੁਹਿੰਮ ਨਾਲ ਸੰਬੰਧਿਤ ਬਹੁਤ ਹੀ ਸੁੰਦਰ ਕੋਰੀਓਗ੍ਰਾਫੀ ਪੇਸ਼ ਕੀਤੀ ਗਈ ਜਿਸ ਵਿੱਚ ਇਹ ਦਰਸ਼ਾਇਆ ਗਿਆ ਕਿ ਕਿਸ ਤਰ੍ਹਾਂ ਪੁਰਣੇ ਸਮਿਆਂ ਤੋਂ ਹੀ ਲੜਕੀਆਂ ਦੀ ਹੋਂਦ ਖਤਰੇ ਵਿੱਚ ਰਹੀ ਹੈ, ਲਗਾਤਾਰ ਉਹਨਾਂ ਦੇ ਅਧਿਕਾਰਾਂ ਦਾ ਸ਼ੋਸ਼ਣ ਹੁੰਦਾ ਆ ਰਿਹਾ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਇਸ ਮੌਕੇ ਕਿਹਾ ਕਿ ਲੜਕੀਆਂ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਉਹਨਾਂ ਦੀ ਰੱਖਿਆ ਕਰਨਾ, ੳਹਨਾਂ ਨੂੰ ਪੜ੍ਹਾਈ ਅਤੇ ਇੱਕ ਚੰਗਾ ਭਵਿੱਖ ਚੁਣਨ ਦੇ ਮੌਕੇ ਪ੍ਰਦਾਨ ਕਰਨਾ ਸਮੇਂ ਦੀ ਮੁੱਖ ਲੋੜ ਹੈ ਅਤੇ ਸਮਾਜ ਵਿੱਚ ਲੜਕੀਆਂ ਨੂੰ ਸੁਰੱਖਿਅਤ ਮਹੌਲ ਪ੍ਰਦਾਨ ਕਰਨਾ ਅਤੇ ਉਹਨਾਂ ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਹਨਾਂ ਲੜਕੀਆਂ ਨੂੰ ਵੀ ਸੁਣੇਹਾ ਦਿੱਤਾ ਕਿ ਅਸੀਂ ਜਿਸ ਸਮਾਜ ਵਿੱਚ ਰਹਿੰਦੇ ਹਾਂ ਉਸ ਸਮਾਜ ਦੀ ਇੱਕ ਮਰਿਆਦਾ ਹੁੰਦੀ ਹੈ ਅਤੇ ਸਾਨੂੰ ਕਦੇ ਵੀ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਕਰਦੇ ਹੋਏ ਉਸ ਮਰਿਆਦਾ ਦਾ ਉਲੰਘਣ ਨਹੀਂ ਕਰਨਾ ਚਾਹੀਦਾ। ਇਸ ਮੌਕੇ ਸਕੂਲ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਨੇ ਕਿਹਾ ਕਿ ਲੜਕੇ ਅਤੇ ਲੜਕੀਆਂ ਦੋਨੋਂ ਹੀ ਸਮਾਜ ਦੇ ਵਿਕਾਸ ਲਈ ਜ਼ਰੂਰੀ ਹਨ, ਇਸ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਲੜਕੀਆਂ ਨੂੰ ਲੜਕਿਆਂ ਦੇ ਸਮਾਨ ਮੌਕੇ ਹੀ ਮਿਲਨ। ਉਹਨਾਂ ਅੱਗੇ ਕਿਹਾ ਕਿ ਅੱਜ ਲੜਕੀਆਂ ਸਮਾਜ ਦੇ ਹਰ ਖੇਤਰ ਵਿੱਚ ਆਪਣਾ ਨਾਂਮ ਰੌਸ਼ਨ ਕਰ ਰਹੀਆਂ ਹਨ ਚਾਹੇ ਸਿੱਖਿਆ, ਖੇਡਾਂ, ਸਿਹਤ, ਆਈ.ਟੀ., ਡਿਫੈਂਸ ਕੋਈ ਵੀ ਖੈਤਰ ਹੋਵੇ। ਉਹਨਾਂ ਵੱਲੋਂ ਅਨੇਕਾਂ ਐਸੀਆਂ ਔਰਤਾਂ ਦੀ ਉਦਾਹਰਨ ਦਿੱਤੀ ਗਈ ਜਿੰਨ੍ਹਾਂ ਨੇ ਸਮਾਜ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਅਤੇ ਔਰਤਾਂ ਲਈ ਅਨੇਕਾਂ ਹੀ ਨਵੇਂ ਰਸਤੇ ਖੋਲੇ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।