ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ‘ਪਰਖ ਰਾਸ਼ਟਰੀ ਸਰਵੇਖਨ-2024’ ਦੇ ਸੰਬੰਧ ਵਿੱਚ ਇੱਕ ਖਾਸ ਮੀਟਿੰਗ ਕੀਤੀ ਗਈ ਜਿਸ ਵਿੱਚ ਸਮੂਹ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੁਆਰਾ ਭਾਗ ਲਿਆ ਗਿਆ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆ ਸਕੂਲ ਪ੍ਰਿੰਸੀਪਲ ਅਤੇ ‘ਪਰਖ ਰਾਸ਼ਟਰੀ ਸਰਵੇਖਨ-2024’ ਲਈ ਜ਼ਿਲਾ ਪੱਧਰੀ ਕੋਆਰਡੀਨੇਟਰ ਨਿਯੂਕਤ ਹੋਏ ਡਾ. ਹਮੀਲੀਆ ਰਾਣੀ ਜੀ ਨੇ ਦੱਸਿਆ ਕਿ 04 ਦਸੰਬਰ 2024 ਨੂੰ ਹੋਣ ਜਾ ਰਹੇ ‘ਪਰਖ ਰਾਸ਼ਟਰੀ ਸਰਵੇਖਨ-2024’ ਦੇ ਮੱਦੇਨਜ਼ਰ ਅੱਜ ਮੋਗਾ ਜ਼ਿਲੇ ਦੇ ਸਾਰੇ ਹੀ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ‘ਪਰਖ ਰਾਸ਼ਟਰੀ ਸਰਵੇਖਨ-2024’ ਦੇ ਢਾਂਚੇ ਬਾਰੇ ਜ਼ਰੂਰੀ ਦਿਸ਼ਾ-ਨਿਰਦੇਸ਼ ਜ਼ਾਰੀ ਕੀਤੇ ਗਏ। ਉਹਨਾਂ ਕਿਹਾ ਕਿ ਪਰਖ ਨੂੰ ਪਹਿਲਾਂ ਨੈਸ਼ਨਲ ਅਚੀਵਮੈਂਟ ਸਰਵੇ (ਐਨ.ਏ.ਐਸ) ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਇਹ ਪੀ.ਏ.ਆਰ.ਏ.ਕੇ.ਐਚ. (ਪਰਫੋਰਮੈਂਸ ਅਸੈਸਮੈਂਟ, ਰਿਵੀਊ ਐਂਡ ਅਨੈਲਸਿਸ ਆਫ ਨੌਲੈਜ਼ ਫਾਰ ਹੋਲਿਸਟਿਕ ਡਿਵੈਲਪਮੈਂਟ) ਹੋ ਗਿਆ ਹੈ। ਉਹਨਾਂ ਦੱਸਿਆ ਕਿ ‘ਪਰਖ ਰਾਸ਼ਟਰੀ ਸਰਵੇਖਨ-2024’ ਦਾ ਮੁੱਖ ਉਦੇਸ਼ ਵੱਖ-ਵੱਖ ਵਿਦਿਅਕ ਪੜਾਵਾਂ ਤੇ ਯੋਗਤਾਵਾਂ ਦਾ ਮੁਲਾਂਕਣ ਕਰਕੇ ਭਾਰਤ ਦੀ ਸਕੂਲੀ ਸਿੱਖਿਆ ਪ੍ਰਣਾਲੀ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨਾ ਹੈ। ਇਸ ਮੁਲਾਂਕਣ ਦਾ ਉਦੇਸ਼ ਸਿੱਖਿਆ ਪ੍ਰਣਾਲੀ ਦੇ ਅੰਦਰ ਇਨਪੁਟਸ ਅਤੇ ਪ੍ਰਕਿਰਿਆਵਾਂ ਬਾਰੇ ਕੀਮਤੀ ਸੂਝ ਪ੍ਰਦਾਨ ਕਰਨਾ ਹੈ ਜੋ ਸਿਸਟਮ ਦੀ ਵਿਦਿਅਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ। ਇਹ ਰਾਸ਼ਟਰੀ ਸਿੱਖਿਆ ਨੀਤੀ 2020, ਫਾਉਂਡੇਸ਼ਨਲ ਪੜਾਅ 2022 ਅਤੇ ਸਕੂਲ ਸਿੱਖਿਆ 2023 ਲਈ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਦੇ ਟੀਚਿਆਂ ਨਾਲ ਮੇਲ ਖਾਂਦਾ ਹੈ। ਇਸ ਸਰਵੇਖਨ ਵਿੱਚ ਸਕੂਲਾਂ ਦੇ ਤੀਸਰੀ, ਛੇਵੀਂ ਅਤੇ ਨੌਵੀਂ ਕਲਾਸ ਦੇ ਵਿਦਿਆਰਥੀ ਹਿੱਸਾ ਲੈਣਗੇ ਅਤੇ ਉਹਨਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਕੇ ਇਹ ਤੈਅ ਕੀਤਾ ਜਾਵੇਗਾ ਕਿ ਸਕੂਲਾਂ ਦਾ ਮੌਜੂਦਾ ਵਿਦਿਅਕ ਢਾਂਚਾ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਿਹਾ ਹੈ ਜਾਂ ਨਹੀਂ। ਇਸ ਸਰਵੇਖਣ ਨੇ ਨਤੀਜਿਆਂ ਦੇ ਅਧਾਰ ਤੇ ਆਉਣ ਵਾਲੇ ਸਮੇਂ ਵਿੱਚ ਵਿੱਦਿਅਕ ਢਾਂਚੇ ਵਿੱਚ ਹੋਣ ਵਾਲੇ ਪ੍ਰਗਤੀਸ਼ੀਲ ਬਦਲਾਅ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ (ਸਕੈਂਡਰੀ) ਸ਼੍ਰੀਮਤੀ ਅੰਜੂ ਸੇਠੀ ਜੀ ਵੱਲੋਂ ਵੀ ਪਰਖ ਰਾਸ਼ਟਰੀ ਸਰਵੇਖਣ-2024 ਸੰਬੰਧੀ ਵਿਸ਼ੇਸ਼ ਹਿਦਾਇਤਾਂ ਦਿੱਤੀਆਂ ਗਈਆਂ ਅਤੇ ਉਹਨਾਂ ਦੇ ਨਾਲ ਸਤੀਸ਼ ਕੁਮਾਰ, ਨਵਦੀਪ ਸਿੰਘ, ਵਿਕਾਸ ਚੋਪੜਾ ਅਤੇ ਅਮਨ ਸ਼ਰਮਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।