ਬਲੂਮਿੰਗ ਬਡਜ਼ ਸਕੂਲ਼ ਦੀ ਹਰਸਿਮਰਤ ਕੌਰ ‘ਆਲ ਇੰਡੀਆ ਡਾਂਸ ਚੈਂਪਿਅਨਸ਼ਿਪ’ ਵਿੱਚ ਪਹਿਲੇ ਨੰਬਰ ਤੇ ਰਹੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਬੀ.ਬੀ.ਐੱਸ. ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਪੜ੍ਹਾਈ, ਖੇਡਾਂ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਸਦਕਾ ਇਲਾਕੇ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਚੁੱਕਾ ਹੈ। ਇਸ ਸਕੂਲ ਦੇ ਵਿਦਿਆਰਥੀ ਆਏ ਦਿਨ ਕਿਸੇ ਨਾਂ ਕਿਸੇ ਖੇਤਰ ਵਿੱਚ ਵੱਖ-ਵੱਖ ਮੁਕਾਬਲਿਆਂ ਦੋਰਾਨ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਕੂਲ ਅਤੇ ਮਾਪਿਆ ਦਾ ਨਾਂ ਰੌਸ਼ਨ ਕਰਦੇ ਰਹਿੰਦੇ ਹਨ। ਇਸੇ ਸੋਚ ਅਤੇ ਜਜ਼ਬੇ ਨੂੰ ਕਾਇਮ ਰੱਖਦੇ ਹੋਏ ਸਕੂਲ ਦੀ ਵਿਦਿਆਰਥਣ ਹਰਸਿਮਰਤ ਕੌਰ ਨੇ ਇੱਕ ਵਾਰ ਫੇਰ ਆਪਣੀ ਮਿਹਨਤ, ਲਗਨ ਅਤੇ ਹੁਨਰ ਨਾਲ ਆਲ ਇੰਡੀਆਂ ਡਾਂਸ ਚੈਂਪਿਅਨਸ਼ਿਪ ਦੇ ਸੋਲੋ ਡਾਂਸ ਮੁਕਾਬਲੇ ਵਿੱਚ ਪਹਿਲਾ ਅਤੇ ਟਰਿਓ ਡਾਂਸ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਨਾਂ ਸਿਰਫ ਆਪਣੇ ਮਾਤਾ ਪਿਤਾ ਦਾ ਸਗੋਂ ਸਕੂਲ ਦਾ ਨਾਂ ਵੀ ਰੋਸ਼ਨ ਕੀਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਕੀਤਾ ਗਿਆ। ਉਹਨਾਂ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਹਰਸਿਮਰਤ ਕੌਰ ਨੇ ਪਿਛਲੇ ਦਿਨੀ ਡਾਂਸ ਸਪੋਰਟਜ਼ ਕਾਊਂਸਿਲ ਆਫ ਪੰਜਾਬ, ਸ਼ਿਮਲਾ ਦੇ ਕਾਲੀ ਬਾੜੀ ਮੰਦਰ ਔਡੀਟੋਰੀਅਮ ਵਿੱਚ ਕਰਵਾਈ ਗਈ ਆਲ ਇੰਡੀਆ ਡਾਂਸ ਚੈਂਪਿਅਨਸ਼ਿਪ ਵਿੱਚ ਸੋਲੋ ਡਾਂਸ ਮੁਕਾਬਲੇ (ਲੁੱਡੀ) ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਟਰਿਓ ਡਾਂਸ ਮੁਕਾਬਲੇ (ਭੰਗੜੇ) ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਮੈਡਮ ਨੇ ਅੱਗੇ ਦੱਸਿਆ ਕਿ ਹਰਸਿਮਰਤ ਛੋਟੀ ਉਮਰ ਤੋਂ ਹੀ ਡਾਂਸ ਦਾ ਸ਼ੌਂਕ ਰੱਖਦੀ ਹੈ ਅਤੇ ਲਗਾਤਾਰ ਵੱਖ-ਵੱਖ ਪ੍ਰਕਾਰ ਦੇ ਡਾਂਸ ਸਿੱਖਦੀ ਅਤੇ ਉਹਨਾਂ ਦਾ ਅਭਿਆਸ ਕਰਦੀ ਆ ਰਹੀ ਹੈ। ਸਕੂਲ਼ ਵਿੱਚ ਮਨਾਏ ਜਾਣ ਵਾਲੇ ਵੱਖ-ਵੱਖ ਤਿਓਹਾਰਾਂ ਦੌਰਾਨ ਵੀ ਉਸਦੀ ਸ਼ਿਰਕਤ ਕਾਬਿਲੇ ਤਰੀਫ ਹੁੰਦੀ ਹੈ। ਉਸਦਾ ਪੰਜਾਬੀ ਲੋਕ ਨਾਚ ਨਾਲ ਖਾਸ ਪਿਆਰ ਹੈ।ਉਹਨਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਹਰਸਿਮਰਤ ਕਈ ਮੁਕਾਬਲਿਆਂ ਵਿੱਚ ਇਨਾਮ ਹਾਸਿਲ ਕਰ ਚੁੱਕੀ ਹੈ। ਇਸ ਮੌਕੇ ਸਕੁਲ਼ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਗਲਬਾਤ ਕਰਦਿਆਂ ਕਿਹਾ ਕਿ ਜ਼ਰੂਰੀ ਨਹੀਂ ਕਿ ਵਿਦਿਆਰਥੀ ਸਿਰਫ ਪੜਾਈ ਅਤੇ ਖੇਡਾਂ ਦੇ ਖੇਤਰ ਵਿੱਚ ਹੀ ਅੱਗੇ ਵੱਧਦੇ ਹਨ, ਸਗੋਂ ਕਈ ਵਿਦਿਆਰਥੀ ਕਲਾ ਦੇ ਖੇਤਰ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਣਾ ਲੈਂਦੇ ਹਨ। ਇਸ ਲਈ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਵਿੱਚ ਸਭਿਆਚਾਰਕ ਗਤੀਵਿਧੀਆ ਵੀ ਆਯੋਜਿਤ ਕੀਤੀਆ ਜਾਂਦੀਆਂ ਹਨ। ਉਹਨਾਂ ਵੱਲੋਂ ਹਰਸਿਮਰਤ ਕੌਰ ਅਤੇ ਉਸ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ ਗਈ। ਉਹਨਾਂ ਕਿਹਾ ਕਿ ਸਕੂਲ਼ ਇਸ ਬੱਚੀ ਦੀ ਉਪਲੱਬਧੀ ਉੱਪਰ ਮਾਣ ਮਹਿਸੂਸ ਕਰਦਾ ਹੈ ਅਤੇ ਇਹ ਸ਼ੁੱਭਕਾਮਨਾਵਾਂ ਦਿੰਦਾ ਹੈ ਕਿ ਇਹ ਬੱਚੀ ਭਵਿੱਖ ਵਿੱਚ ਹੋਰ ਵੀ ਵੱਡੀਆਂ ਮੱਲਾਂ ਮਾਰੇ ਜਿਸ ਨਾਲ ਆਪਣਾ, ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਂ ਹੋਰ ਵੀ ਰੌਸ਼ਨ ਕਰ ਸਕੇ। ਸਕੂਲ਼ ਵਿੱਚ ਅਸੈਂਬਲੀ ਮੋਕੇ ਹਰਸਿਮਰਤ ਨੂੰ ਸਮੂਹ ਸਟਾਫ ਅਤੇ ਵਿਦਿਆਰਥੀਆਂ ਸਾਹਮਣੇ ਸਟੇਜ ਉੱਪਰ ਬੁਲਾ ਕੇ ਉਸਦਾ ਸਨਮਾਨ ਕੀਤਾ ਗਿਆ।