ਬਲੂਮਿੰਗ ਬਡਜ਼ ਸਕੂਲ ਦੇ ਸ਼ੂਟਰ ਨੈਸ਼ਨਲ ਲੈਵਲ ਮੁਕਾਬਲਿਆਂ ਲਈ ਕੀਤੇ ਕੁਆਲੀਫਾਈ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ। ਇਸੇ ਲੜ੍ਹੀ ਦੇ ਤਹਿਤ ਇੱਕ ਮੀਲ ਪੱਥਰ ਸਥਾਪਿਤ ਕਰਦਿਆਂ ਬਲੂਮਿੰਗ ਬਡਜ਼ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਪ੍ਰੀ-ਨੈਸ਼ਨਲ ਲੈਵਲ ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੈਸ਼ਨਲ ਲੈਵਲ ਦੇ ਮੁਕਾਬਲਿਆਂ ਲਈ ਆਪਣੀ ਥਾਂ ਪੱਕੀ ਕੀਤੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਨੇ ਦੱਸਿਆ ਕਿ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਵੱਲੋਂ 43ਵੀਂ ਨੌਰਥ ਜ਼ੋਨ ਸੂਟਿੰਗ ਚੈਂਪਿਅਨਸ਼ਿਪ-2024 ਕਰਵਾਈ ਗਈ। ਇਹ ਚੈਂਪਿਅਨਸ਼ਿਪ ਦਿੱਲੀ ਦੀ ਡਾ. ਕਰਨੀ ਸਿੰਘ ਸ਼ੂਟਿੰਗ ਵਿੱਚ ਕਰਵਾਈ ਗਈ ਸੀ। ਇਸ ਚੈਂਪਿਅਨਸ਼ਿਪ ਦੌਰਾਨ 19 ਅਕਤੂਬਰ ਤੋਂ 23 ਅਕਤੂਬਰ ਤੱਕ ਹੋਏ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ਵਿੱਚ ਜਪਜੀਜੋਤ ਬਰਾੜ, ਹਰਖੁਸ਼ ਸਿੰਘ ਅਤੇ ਪ੍ਰਿੰਸਦੀਪ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੈਸ਼ਨਲ ਲੈਵਲ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ। ਉਹਨਾਂ ਅੱਗੇ ਦੱਸਿਆ ਕਿ ਜਪਜੀਜੋਤ ਬਰਾੜ ਨੇ 349 ਦਾ ਸਕੋਰ ਹਾਸਿਲ ਕੀਤਾ ਅਤੇ ਨੈਸ਼ਨਲ ਲੈਵਲ ਮੁਕਾਬਲਿਆਂ ਵਿੱਚ ਆਪਣੀ ਥਾਂ ਪੱਕੀ ਕੀਤੀ। ਹਰਖੁਸ਼ ਸਿੰਘ ਨੇ 334 ਅਤੇ ਪ੍ਰਿੰਸਦੀਪ ਸਿੰਘ ਨੇ 344 ਸਕੋਰ ਹਾਸਲ ਕੀਤੇ ਅਤੇ ਨੈਸ਼ਨਲ ਲੈਵਲ ਦੀ ਜੀ.ਵੀ. ਮਾਵਲਾਂਕਰ ਸ਼ੂਟਿੰਗ ਚੈਂਪਿਅਨਸ਼ਿਪ ਵਿੱਚ ਆਪਣੀ ਥਾਂ ਪੱਕੀ ਕੀਤੀ। ਉਹਨਾਂ ਅੱਗੇ ਦੱਸਿਆ ਕਿ ਇਸ ਚੈਂਪਿਅਨਸ਼ਿਪ ਵਿੱਚ ਉੱਤਰ ਭਾਰਤ ਤੋਂ 4000 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ।ਸਕੂਲ ਵਿੱਚ ਸਵੇਰ ਦੀ ਅਸੈਂਬਲੀ ਮੌਕੇ ਪ੍ਰਿੰਸੀਪਲ ਮੈਡਮ ਨੇ ਇਹਨਾਂ ਵਿਦਿਆਰਥੀਆਂ ਨੂੰ ਸਟੇਜ਼ ਤੇ ਬੁਲਾ ਕੇ ਸਨਮਾਨਿਤ ਕੀਤਾ। ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਖਿਡਾਰੀਆਂ ਅਤੇ ਉਹਨਾਂ ਦੇ ਕੋਚ ਹਰਜੀਤ ਸਿੰਘ ਨੂੰ ਵਧਾਈ ਦਿੱਤੀ। ਉਹਨਾਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਸਖਤ ਮਿਹਨਤ ਅਤੇ ਕੋਚ ਹਰਜੀਤ ਸਿੰਘ ਦੀ ਉੱਚ ਪੱਧਰੀ ਸਿਖਲਾਈ ਦਾ ਨਤੀਜਾ ਹੈ। ਜ਼ਿਕਰਯੋਗ ਹੈ ਕਿ ਸਕੂਲ ਵੱਲੋਂ ਅੰਤਰਰਾਸ਼ਟਰੀ ਪੱਧਰ ਦੀ ਪੂਰੀ ਤਰ੍ਹਾਂ ਕੰਪਿਉਟਰਾਈਜ਼ਡ ਸ਼ੂਟਿੰਗ ਰੇਂਜ ਵਿਦਿਆਰਥੀਆਂ ਦੀ ਪ੍ਰੈਕਟਿਸ ਲਈ ਬਣੀ ਹੋਈ ਹੈ ਜਿੱਥੇ ਟਾਰਗੇਟ ਤੇ ਸ਼ੂਟ ਕਰਨ ਮਗਰੋਂ ਰਿਜ਼ਲਟ ਲੈਪਟਾਪ ਸਕਰੀਨ ਤੇ ਆਉਂਦਾ ਹੈ। ਇਹਨਾਂ ਸੁਵਿਧਾਵਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਸਦਕਾ ਸਕੂਲ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।