ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਬੀ.ਬੀ.ਐੱਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਅੱਜ ਸਵੇਰ ਦੀ ਸਭਾ ਮੌਕੇ ਭਾਰਤ-ਪਾਕਿਸਤਾਨ ਵਿਚਕਾਰ ਹੋਏ ਕਾਰਗਿਲ ਯੁੱਧ ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਵਿਸ਼ੇਸ਼ ਅਸੈਂਬਲੀ ਕਰਵਾਈ ਗਈ। ਜਿਸ ਦੋਰਾਨ ਕਾਰਗਿਲ ਦੀ ਲੜਾਈ ਬਾਰੇ ਚਰਚਾ ਕੀਤੀ ਗਈ। ਵਿਦਿਆਰਥੀਆਂ ਵੱਲੋਂ ਇਸ ਦਿਨ ਨਾਲ ਸੰਬੰਧਤ ਚਾਰਟ ਤੇ ਆਰਟਿਕਲ ਪੇਸ਼ ਕੀਤੇ ਗਏ। ਆਰਟੀਕਲ ਪੇਸ਼ ਕਰਦਿਆਂ ਉਹਨਾਂ ਦੱਸਿਆ ਕਿ ਇਹ ਦਿਹਾੜਾ ਹਰ ਸਾਲ 26 ਜੁਲਾਈ ਨੂੰ ਭਾਰਤੀ ਫੌਜਾਂ ਦੁਆਰਾ ਕਾਰਗਿਲ ਯੁੱਧ ਵਿੱਚ ਪ੍ਰਾਪਤ ਕੀਤੀ ਫਤਿਹ ਦੀ ਯਾਦ ਵਿੱਚ ਅਤੇ ਇਸ ਭਿਆਨਕ ਯੁੱਧ ਦੌਰਾਨ ਸ਼ਹੀਦ ਹੋਏ ਭਾਰਤੀ ਸੂਰਮਿਆਂ ਨੂੰ ਸ਼ਰਧਾਂਜਲੀ ਦੇਣ ਦੇ ਤੌਰ ਤੇ ਮਨਾਇਆ ਜਾਂਦਾ ਹੈ। ਸਕੂਲ ਵਿੱਚ ਵਿਦਿਆਰਥੀਆਂ ਨੇ ਸ਼ਹੀਦ ਸੂਰਮਿਆਂ ਦੀ ਸ਼ਹੀਦੀ ਨੂੰ ਪ੍ਰਣਾਮ ਕੀਤਾ ਗਿਆ, ਸ਼ਰਧਾ ਦੇ ਫੁੱਲ਼ ਭੇਂਟ ਕੀਤੇ ਅਤੇ ਭਾਰਤੀ ਵੀਰਾਂ ਦੀ ਸ਼ਹਾਦਤ ਨੂੰ ਸਲਾਮੀ ਦਿੱਤੀ। ਕਾਰਗਿਲ ਦੇ ਯੁੱਧ ਵਿੱਚ ਸ਼ਹੀਦ ਹੋਏ ਸੈਂਕੜੇ ਸ਼ਹੀਦਾਂ ਦੀ ਵੀਰਗਾਥਾ ਬਾਰੇ ਜਾਣਕਾਰੀ ਦੂਜੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਦਿਆਂ ਦੱਸਿਆ ਕਿ ਮਈ 1999 ਵਿੱਚ ਪਾਕਿਸਤਾਨੀ ਫੌਜਾਂ ਨੇ ਘੁੱਸਪੈਠੀਆਂ ਦੇ ਰੂਪ ਵਿੱਚ ਐੱਲ.ਓ.ਸੀ. ਦੀ ਮਰਿਆਦਾ ਨੂੰ ਭੰਗ ਕਰਦਿਆਂ ਭਾਰਤੀ ਸੀਮਾਂ ਅੰਦਰ ਦਾਖਲ ਹੋਏ ਅਤੇ ਜੰਮੂ-ਕੰਸ਼ਮੀਰ ਦੇ ਕਾਰਗਿਲ ਜਿਲੇ ਦੇ ਵੱਖ-ਵੱਖ ਖੇਤਰਾਂ ਜਿਵੇਂ ਬਟਾਲਿਕ, ਦਰਾਸ ਅਤੇ ਮੁਸ਼ਕੋਹ ਵੈਲੀ ਵਿੱਚ ਭਾਰਤੀ ਜ਼ਮੀਨ ਹਥਿਆਉਣ ਲਈ ਆਪਣੇ ਬੰਕਰ ਬਣਾ ਲਏ। ਉਸ ਸਮੇਂ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਅਤੇ ਰਾਸ਼ਟਰਪਤੀ ਕੇ. ਆਰ. ਨਰਾਇਨਣ ਨੇ ਭਾਰਤੀ ਫੌਜਾਂ ਨੂੰ ਪਾਕਿਸਤਾਨ ਦੀ ਇਸ ਨਾਪਾਕ ਹਰਕਤ ਤੇ ਜਵਾਬੀ ਕਾਰਵਾਈ ਕਰਨ ਦੇ ਅਦੇਸ਼ ਦੇ ਦਿੱਤੇ। ਪਾਕਿਸਤਾਨੀ ਫੌਜਾਂ ਤੌਂ ਭਾਰਤੀ ਜ਼ਮੀਨ ਨੂੰ ਅਜ਼ਾਦ ਕਰਵਾਉਣ ਲਈ ਹਵਾਈ ਫੌਜ ਅਤੇ ਭਾਰਤੀ ਆਰਮੀ ਦੇ ਇਸ ਸਾਂਝੇ ਓਪਰੇਸ਼ਨ ਨੂੰ ‘ਓਪਰੇਸ਼ਨ ਵਿਜੈ’ ਦਾ ਨਾਂ ਦਿੱਤਾ ਗਿਆ। ਭਾਰਤ ਦੀ ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਨੇ ‘ਓਪਰੇਸ਼ਨ ਵਿਜੈ’ ਦੀ ਕਾਮਯਾਬੀ ਲਈ ਆਪਣੀ ਜਾਨ ਤਲੀ ਤੇ ਰੱਖ ਕੇ ਪਾਕਿਸਤਾਨੀ ਘੁਸਪੈਠੀਆਂ ਤੇ ਚੜ੍ਹਾਈ ਕਰ ਦਿੱਤੀ। ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਉਚਾਈ ਤੇ ਬੈਠੇ ਦੁਸ਼ਮਨ ਦਾ ਪਲੜਾ ਭਾਰਤੀ ਫੌਜਾਂ ਦੇ ਮੁਕਾਬਲੇ ਭਾਰਾ ਸੀ ਪਰ ਭਾਰਤੀ ਫੋਜਾਂ ਦੇ ਹੌਂਸਲੇ, ਦੇਸ਼ ਭਗਤੀ ਦੇ ਜਜ਼ਬੇ ਅਤੇ ਕੁਰਬਾਨੀ ਦੀ ਭਾਵਨਾ ਸਦਕਾ 4 ਜੁਲਾਈ 1999 ਨੂੰ ਟਾਈਗਰ ਹਿੱਲ ਤੇ ਮੁੜ੍ਹ ਤਿਰੰਗਾ ਲਹਿਰਾ ਦਿੱਤਾ। 14 ਜੁਲਾਈ 1999 ਨੂੰ ਭਾਰਤੀ ਪ੍ਰਧਾਨ ਮੰਤਰੀ ਨੇ ਓਪਰੇਸ਼ਨ ਵਿਜੈ ਨੂੰ ਸਫਲ ਘੋਸ਼ਿਤ ਕਰ ਦਿੱਤਾ ਅਤੇ 26 ਜੁਲਾਈ ਨੂੰ ਕਾਰਗਿਲ ਯੁੱਧ ਮੁਕੰਮਲ ਰੂਪ ਵਿੱਚ ਖ«ਤਮ ਹੋ ਗਿਆ। ਇਸੇ ਜਿੱਤ ਨੂੰ ‘ਵਿਜੈ ਦਿਵਸ’ ਦੇ ਤੌਰ ਤੇ ਮਨਾਇਆ ਜਾਂਦਾ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵਿਦਿਆਰਥੀਆਂ ਨੂੰ ਦੱਸਿਆ ਕਿ ਕਾਰਗਿਲ ਦਾ ਯੁੱਧ ਬਹੁਤ ਹੀ ਮਾਰੂ ਯੁੱਧ ਸੀ। ਇਸ ਦੇ ਨਤੀਜੇ ਬਹੁਤ ਹੀ ਭਿਆਨਕ ਨਿੱਕਲੇ। ਭਾਰਤ ਮਾਤਾ ਦੇ 527 ਵੀਰ ਸਪੂਤ ਇਸ ਯੁੱਧ ਵਿੱਚ ਸ਼ਹੀਦ ਹੋ ਗਏ ਅਤੇ 1363 ਦੇ ਕਰੀਬ ਸੈਨਿਕ ਜ਼ਖਮੀ ਹੋਏ। ਇਸ ਯੁੱਧ ਵਿੱਚ ਭਾਰਤੀ ਹਵਾਈ ਫੌਜ ਦੇ ਦੋ ਲੜਾਕੂ ਜੈੱਟ ਅਤੇ ਇੱਕ ਹੈਲੀਕਾਪਟਰ ਵੀ ਨਸ਼ਟ ਹੋ ਗਏ। ਓਪਰੇਸ਼ਨ ਵਿਜੈ ਦੀ ਸਫਲਤਾ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਆਪਣੇ ਵੀਰ ਸ਼ਹੀਦਾਂ ਦਾ ਸਨਮਾਨ ਕਰਦਿਆਂ 4 ਪਰਮਵੀਰ ਚੱਕਰ, 11 ਮਹਾਵੀਰ ਚੱਕਰ ਅਤੇ ਅਨੇਕਾਂ ਗੈਲ਼ਂਟਰੀ ਅਵਾਰਡ ਦਿੱਤੇ ਗਏ। ਉਹਨਾਂ ਇਹ ਵੀ ਦੱਸਿਆ ਕਿ ਕਾਰਗਿਲ ਦਾ ਯੁੱਧ ਦੁਨੀਆ ਦਾ ਸਭ ਤੋਂ ਜ਼ਿਆਦਾ ਉਚਾਈ ਤੇ ਲੜਿਆ ਜਾਣ ਵਾਲਾ ਯੁੱਧ ਸੀ। ਉਹਨਾਂ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਸਾਨੂੰ ਕਦੇ ਵੀ ਸਾਡੇ ਵੀਰ ਸੈਨਿਕਾਂ ਦੀ ਸ਼ਹੀਦੀ ਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਉਹਨਾਂ ਦੀ ਵੀਰਤਾ ਤੋਂ ਸਿੱਖਿਆ ਲੈਣੀ ਚਾਹੀਦੀ ਹੈ।