ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ‘ਕ੍ਰਿਸਮਿਸ’ ਦਾ ਤਿਉਹਾਰ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਸੈਂਟਾ ਕਲੌਜ਼ ਦਾ ਭੇਸ ਬਣਾ ਕੇ ‘ਜਿੰਗਲ ਬੈੱਲ-ਜਿੰਗਲ ਬੈੱਲ’ ਗਾਣੇ ਉੱਪਰ ਡਾਂਸ ਕੀਤਾ ਗਿਆ ਅਤੇ ਸਭਾ ਵਿੱਚ ਮੌਜੂਦ ਵਿਦਿਆਰਥੀਆਂ ਵਿੱਚ ਟੌਫੀਆਂ ਵੰਡੀਆਂ ਗਈਆਂ। ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਵਿਦਿਆਰਥੀਆਂ ਵੱਲੋਂ ਚਾਰਟ ਅਤੇ ਆਰਟੀਕਲ ਰਾਹੀਂ ਇਸ ਦਿਨ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕ੍ਰਿਸਮਸ ਹਰ ਸਾਲ 25 ਦਸੰਬਰ ਨੂੰ ਯੀਸ਼ੂ ਮਸੀਹ ਦੇ ਜਨਮ ਦੀ ਖੁਸ਼ੀ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ ਹੈ। ਇਸ ਦਿਨ ਤੋਂ 12 ਦਿਨ ਦੇ ਉਤਸਵ ਕ੍ਰਿਸਮਸਟਾਇਡ ਦੀ ਵੀ ਸ਼ੁਰੂਆਤ ਹੁੰਦੀ ਹੈ। ਇਸਾਈ ਭਾਈਚਾਰੇ ਵਿੱਚ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਆਧੁਨਿਕ ਕ੍ਰਿਸਮਸ ਦੀਆਂ ਛੁੱਟੀਆਂ ਵਿੱਚ ਇੱਕ ਦੂਜੇ ਨੂੰ ਉਪਹਾਰ ਦੇਣਾ, ਗਿਰਜਾ ਘਰ ਵਿੱਚ ਸਮਾਰੋਹ ਅਤੇ ਵੱਖ ਵੱਖ ਸਜਾਵਟਾਂ ਕਰਨਾ ਸ਼ਾਮਿਲ ਹੈ। ਇਨ੍ਹਾਂ ਸਜਾਵਟਾਂ ਦੇ ਪ੍ਰਦਰਸ਼ਨ ਵਿੱਚ ਕ੍ਰਿਸਮਸ ਦਾ ਦਰਖਤ, ਰੰਗ ਬਿਰੰਗੀਆਂ ਰੋਸ਼ਨੀਆਂ, ਜਨਮ ਦੀਆਂ ਝਾਕੀਆਂ ਅਤੇ ਰੰਗੋਲੀ ਆਦਿ ਸ਼ਾਮਿਲ ਹਨ। ਸਾਂਤਾ ਕਲਾਜ (ਜਿਸ ਨੂੰ “ਕ੍ਰਿਸਮਸ ਦਾ ਪਿਤਾ” ਵੀ ਕਿਹਾ ਜਾਂਦਾ ਹੈ) ਕ੍ਰਿਸਮਸ ਨਾਲ ਜੁੜੀ ਇੱਕ ਲੋਕ ਪਿਆਰੀ ਪ੍ਰਾਚੀਨ ਸ਼ਖਸੀਅਤ ਹੈ ਜਿਸ ਨੂੰ ਅਕਸਰ ਕ੍ਰਿਸਮਸ ’ਤੇ ਬੱਚਿਆਂ ਲਈ ਤੋਹਫ਼ੇ ਲਿਆਉਣ ਦੇ ਨਾਲ ਜੋੜਿਆ ਜਾਂਦਾ ਹੈ। ਦੁਨੀਆ ਭਰ ਦੇ ਜਿਆਦਾਤਰ ਦੇਸ਼ਾਂ ਵਿੱਚ ਇਹ 25 ਦਸੰਬਰ ਨੂੰ ਮਨਾਇਆ ਜਾਂਦਾ ਹੈ। ਕ੍ਰਿਸਮਸ ਦੀ ਪੂਰਵ ਸ਼ਾਮ ਯਾਨੀ 24 ਦਸੰਬਰ ਨੂੰ ਹੀ ਕਈ ਦੇਸ਼ਾਂ ਵਿੱਚ ਇਸ ਨਾਲ ਜੁੜੇ ਸਮਾਰੋਹ ਸ਼ੁਰੂ ਹੋ ਜਾਂਦੇ ਹਨ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਬੱਚਿਆਂ ਨੂੰ ਦੱਸਿਆ ਕਿ ਕ੍ਰਿਸਮਿਸ ਦੇ ਤਿਉਹਾਰ ਨਾਲ ਸਬੰਧਤ ਕ੍ਰਿਸਮਸ ਟ੍ਰੀ ਇੱਕ ਸਦਾਬਹਾਰ ਰੁੱਖ ਹੈ ਜੋ ਕਿ ਅਕਸਰ ਇੱਕ ਪਾਈਨ ਜਾਂ ਸਪਰੂਸ ਦਾ ਰੁੱਖ ਹੁੰਦਾ ਹੈ। ਕ੍ਰਿਸਮਸ ਦੇ ਤਿਉਹਾਰਾਂ ਦੇ ਇੱਕ ਹਿੱਸੇ ਵਜੋਂ ਇਸ ਰੁੱਖ ਨੂੰ ਲਾਈਟਾਂ ਅਤੇ ਗਹਿਣਿਆਂ ਨਾਲ ਸਜਾਇਆ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਘਰਾਂ ਜਾਂ ਗਿਰਜਾ ਘਰਾਂ ਦੀ ਅੰਦਰੂਨੀ ਅਤੇ ਬਾਹਰੀ ਸਜਾਵਟ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਕ੍ਰਿਸਮਿਸ ਟ੍ਰੀ ਨਾਲ ਵੱਖ-ਵੱਖ ਇਸਾਈ ਭਾਈਚਾਰਿਆਂ ਦੀਆਂ ਵੱਖ-ਵੱਖ ਭਾਵਨਾਵਾਂ ਜੁੜੀਆਂ ਹੋਈਆਂ ਹਨ। ਬਹੁਤ ਸਾਰੇ ਇਸਾਈ ਪਰਿਵਾਰ ਕ੍ਰਿਸਮਸ ਦੀ ਸ਼ਾਮ ਜਾਂ ਕ੍ਰਿਸਮਿਸ ‘ਤੇ ਖੋਲ੍ਹੇ ਜਾਣ ਵਾਲੇ ਤੋਹਫੇ ਕ੍ਰਿਸਮਸ ਟ੍ਰੀ ਦੇ ਆਲੇ-ਦੁਆਲੇ ਰੱਖਦੇ ਹਨ। ਚੇਅਰਪਰਸਨ ਮੈਡਮ ਕਮਲ ਸੈਣੀ ਨੇ ਬੱਚਿਆਂ ਨੂੰ ਕਿਹਾ ਕਿ ਭਾਰਤ ਵਿੱਚ ਮਨਾਏ ਜਾਣ ਵਾਲੇ ਤਿਉਹਾਰ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਹਨ। ਤਿਉਹਾਰ ਸਾਡੇ ਜੀਵਨ ਵਿੱਚ ਖੁਸ਼ੀਆਂ ਲੈਕੇ ਆਉਂਦੇ ਹਨ। ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਜਿੱਥੇ ਅਨੇਕਾਂ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਹਰ ਧਰਮ ਦੇ ਨਾਲ ਕਈ ਤਿਉਹਾਰ ਜੁੜੇ ਹੋਏ ਹਨ ਜੋ ਉਹਨਾਂ ਧਰਮਾਂ ਦੀ ਪਿਛੋਕੜ ਅਤੇ ਸੱਭਿਆਚਾਰ ਨੂੰ ਦਰਸਾਉਂਦੇ ਹਨ। ਸਾਨੂੰ ਹਰ ਇੱਕ ਧਰਮ ਅਤੇ ਉਸ ਨਾਲ ਜੁੜੇ ਹੋਏ ਤਿਉਹਾਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਹਰ ਇੱਕ ਤਿਉਹਾਰ ਨੂੰ ਪੂਰੀ ਖੂਸ਼ੀ ਅਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ। ਸਕੂਲ ਪ੍ਰਸ਼ਾਸਨ ਵੱਲੋਂ ਸਟਾਫ ਵਿੱਚ ਚੌਕਲੇਟ ਵੰਡ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ।