ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਜੋ ਕਿ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗੁਵਾਈ ਹੇਠ ਸਕੁਲ ਵਿੱਚ ‘ਨੈਸ਼ਨਲ ਫਲੈਗ ਅਡਾਪਸ਼ਨ ਡੇ’ ਮਨਾਇਆ ਗਿਆ। ਸਕੂਲ ਵਿੱਚ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਵੱਲੋਂ ਇਸ ਦਿਨ ਨਾਲ ਸਬੰਧਿਤ ਬੜੇ ਹੀ ਸੁੰਦਰ ਚਾਰਟ ਅਤੇ ਇਸ ਦਿਨ ਦੀ ਮਹਤੱਤਾ ਉੱਪਰ ਰੌਸ਼ਨੀ ਪਾਉਣ ਵਾਲੇ ਆਰਟੀਕਲ ਪੇਸ਼ ਕੀਤੇ ਗਏ। ਇਸ ਮੌਕੇ ਚਾਰਟ ਅਤੇ ਆਰਟਿਕਲ ਪੇਸ਼ ਕਰਦਿਆ ਵਿਦਿਆਰਥੀਆਂ ਨੇ ਦੱਸਿਆ ਕਿ ਹਰ ਸਾਲ 22 ਜੁਲਾਈ ਨੂੰ ਭਾਰਤ ਵਿੱਚ ‘ਨੈਸ਼ਨਲ ਫਲੈਗ ਅਡਾਪਸ਼ਨ ਡੇ’ ਮਨਾਇਆ ਜਾਂਦਾ ਹੈ। ਇਸ ਦਿਨ ਦਾ ਇਤਿਹਾਸ ਇਹ ਦੱਸਦਾ ਹੈ ਕਿ 22 ਜੁਲਾਈ 1947, ਅਜ਼ਾਦੀ ਤੋਂ ਇੱਕ ਮਹਿਨਾ ਪਹਿਲਾਂ ਭਾਰਤੀ ਸੰਵਿਧਾਨ ਸਭਾ ਵੱਲੋਂ ਤਿਰੰਗੇ ਨੂੰ ਇਸਦੇ ਮੌਜੂਦਾ ਰੂਪ ਵਿੱਚ ਰਾਸ਼ਟਰੀ ਝੰਡੇ ਦੇ ਤੌਰ ਤੇ ਅਪਨਾਇਆ ਗਿਆ ਸੀ। ਉਹਨਾਂ ਦੱਸਿਆ ਕਿ ਤਿਰੰਗਾ ਝੰਡਾ ਜਿਸ ਵਿੱਚ ਕੇਸਰੀ, ਸਫੇਦ ਅਤੇ ਹਰੇ ਰੰਗ ਦੀਆਂ ਪੱਟੀਆਂ ਹਨ ਅਤੇ ਵਿਚਕਾਰ ਅਸ਼ੋਕ ਚੱਕਰ ਸ਼ੋਭਦਾ ਹੈ, ਇਸ ਦਾ ਹਰ ਰੰਗ ਇੱਕ ਮਹੱਤਵ ਰੱਖਦਾ ਹੈ। ਕੇਸਰੀ ਰੰਗ ਸਾਡੀ ਤਾਕਤ, ਹਿੰਮਤ ਅਤੇ ਬਲੀਦਾਨ ਨੂੰ ਦਰਸਾਉਂਦਾ ਹੈ, ਸਫੇਦ ਰੰਗ ਅਸ਼ੋਕ ਚੱਕਰ ਸਮੇਤ ਸ਼ਾਂਤੀ ਅਤੇ ਸੱਚਾਈ ਦਾ ਪ੍ਰਤੀਕ ਹੈ ਅਤੇ ਹਰਾ ਰੰਗ ਜ਼ਮੀਨ ਦੀ ਉਪਜਾਉ ਸ਼ਕਤੀ, ਵਿਕਾਸ ਅਤੇ ਸ਼ੁੱਭਤਾ ਨੂੰ ਦਰਸਾਉਂਦਾ ਹੈ। ਉਹਨਾਂ ਸੁਨੇਹਾ ਦਿੰਦਿਆ ਕਿਹਾ ਕਿ ਤਿਰੰਗੇ ਦਾ ਸੰਨਮਾਨ ਕਰਨਾ ਸਾਡੀ ਸਾਰਿਆਂ ਦੀ ਕੌਮੀ ਅਤੇ ਨੈਤਿਕ ਜਿੰਮੇਦਾਰੀ ਬਣਦੀ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਮਹਾਤਮਾ ਗਾਂਧੀ ਨੇ ਸਭ ਤੋਂ ਪਹਿਲਾਂ 1921 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਇੱਕ ਤਿਰੰਗੇ ਝੰਡੇ ਦਾ ਪ੍ਰਸਤਾਵ ਦਿੱਤਾ ਸੀ । ਇਸ ਤਿਰੰਗੇ ਨੂੰ ਪਿੰਗਲੀ ਵੈਂਕਈਆ ਨੇ ਡਿਜ਼ਾਈਨ ਕੀਤਾ ਸੀ। ਵੈਂਕਈਆ ਦੁਆਰਾ ਤਿਆਰ ਕੀਤੇ ਗਏ ਸ਼ੁਰੂਆਤੀ ਝੰਡੇ ਵਿੱਚ, ਅਸ਼ੋਕ ਚੱਕਰ ਦੀ ਬਜਾਏ ਇੱਕ ਚਰਖਾ ਸੀ। ਤਿਰੰਗਾ ਪਹਿਲੀ ਵਾਰ 13 ਅਪ੍ਰੈਲ 1923 ਨੂੰ ਕਾਂਗਰਸ ਵਰਕਰਾਂ ਨੇ ਨਾਗਪੁਰ ਵਿੱਚ ਜਲਿ੍ਹਆਂਵਾਲਾ ਬਾਗ ਕਤਲੇਆਮ ਦੇ ਵਿਰੋਧ ਵਿੱਚ ਇੱਕ ਜਲੂਸ ਦੌਰਾਨ ਲਹਿਰਾਇਆ ਸੀ। 23 ਜੂਨ, 1947 ਨੂੰ ਸੰਵਿਧਾਨ ਸਭਾ ਦੁਆਰਾ ਗਠਿਤ ਐਡਹਾਕ ਕਮੇਟੀ ਦੁਆਰਾ ਅਪਣਾਏ ਗਏ ਝੰਡੇ ਵਿੱਚ ਚਰਖੇ ਨੂੰ ਅਸ਼ੋਕ ਚੱਕਰ ਦੁਆਰਾ ਬਦਲ ਦਿੱਤਾ ਗਿਆ ਸੀ। ਇਸ ਤਰ੍ਹਾਂ ਸਾਡਾ ਮੌਜੂਦਾ ਤਿਰੰਗਾ ਹੋਂਦ ਵਿੱਚ ਆਇਆ ਜੋ ਅੱਜ ਤੱਕ ਭਾਰਤ ਦੀ ਧਰਮ ਨਿਰਪੱਖਤਾ, ਸੱਚਾਈ ਅਤੇ ਖੁਸ਼ਹਾਲੀ ਦਾ ਪ੍ਰਤੀਕ ਬਣਕੇ ਬੜੀ ਹੀ ਸ਼ਾਨ ਨਾਲ ਝੂਲਦਾ ਹੈ। ਸਭਾ ਦੇ ਅੰਤ ਵਿੱਚ ਵਿਦਿਆਰਥੀਆਂ ਅਤੇ ਸਮੂਹ ਸਟਾਫ ਦੁਆਰਾ ਰਾਸ਼ਟਰੀ ਗਾਨ ‘ਜਨ-ਗਨ-ਮਨ’ ਗਾ ਕੇ ਝੰਡੇ ਨੂੰ ਸਲਾਮੀ ਦਿੱਤੀ ਗਈ।