ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ‘ਇੰਟਰਨੈਸ਼ਨਲ ਡੇ ਆਫ ਗਰਲ ਚਾਈਲਡ’ ਮਨਾਇਆ ਗਿਆ। ਇਸ ਮੋਕੇ ਵਿਦਿਆਰਥੀਆਂ ਦੁਆਰਾ ਇਸ ਦਿਹਾੜੇ ਨਾਲ ਸਬੰਧਿਤ ਚਾਰਟ ਤੇ ਆਰਟੀਕਲ ਆਦਿ ਪੇਸ਼ ਕੀਤੇ ਗਏ। ਵਿਦਿਆਰਥੀਆਂ ਵੱਲੋਂ ‘ਇੰਟਰਨੈਸ਼ਨਲ ਡੇ ਆਫ ਦੀ ਗਰਲ ਚਾਈਲਡ’ ਨਾਲ ਸਬੰਧਿਤ ਆਪਣੀਆਂ ਜਾਣਕਾਰੀ ਹੋਰ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਯੂ.ਐਨ.ਓ. ਵੱਲੋਂ 2012 ਵਿੱਚ ਪਹਿਲੀ ਵਾਰ 11 ਅਕਤੂਬਰ ‘ਇੰਟਰਨੈਸ਼ਨਲ ਡੇ ਆਫ ਦੀ ਗਰਲ ਚਾਈਲਡ’ ਦੇ ਤੌਰ ਤੇ ਮਨਾਇਆ ਗਿਆ। ਯੂ.ਐਨ.ਓ. ਵੱਲੋਂ ਇਹ ਫੈਸਲਾ ਬੱਚੀਆਂ ਨੂੰ ਭਰੂਣ ਹੱਤਿਆਂ ਤੋਂ ਬਚਾਉਣ ਲਈ, ਬੱਚੀਆਂ ਲਈ ਇੱਕ ਸਿਹਤਮੰਦ ਅਤੇ ਸੁਰੱਖਿਅਤ ਵਾਤਾਵਰਨ ਪੈਦਾ ਕਰਨ ਲਈ ਅਤੇ ਲੋਕਾਂ ਨੂੰ ਬੱਚੀਆਂ ਦੀ ਭਰੂਣ ਹੱਤਿਆ ਵਿਰੁੱਧ ਜਾਗਰੁਕ ਕਰਨ ਲਈ ਇਹ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਦਾ ਮੁੱਖ ਉਦੇਸ਼ ਲੜਕੀਆਂ ਲਈ ਵਧੇਰੇ ਮੌਕਿਆਂ ਦਾ ਸਮਰਥਨ ਕਰਨਾ, ਦੁਨੀਆ ਭਰ ਵਿੱਚ ਲੜਕੀਆਂ ਦੁਆਰਾ ਦਰਪੇਸ਼ ਲਿੰਗ ਅਸਮਾਨਤਾ ਬਾਰੇ ਜਾਗਰੁਕਤਾ ਵਧਾਉਣਾ, ਲੜਕੀਆਂ ਲਈ ਪੋਸ਼ਨ, ਕਾਨੂੰਨੀ ਅਧਿਕਾਰ, ਡਾਕਟਰੀ ਦੇਖਭਾਲ ਅਤੇ ਵਿਤਕਰੇ ਤੋਂ ਸੁਰੱਖਿਆ ਨੂੰ ਯਕੀਨੀ ਬਣਾਉਨਾ, ਔਰਤਾਂ ਵਿਰੁੱਧ ਹਿੰਸਾ ਅਤੇ ਜਬਰਦਸਤੀ ਬਾਲ ਵਿਆਹ ਤੇ ਰੋਕ ਨੂੰ ਯਕੀਨੀ ਬਣਾਉਣਾ ਹੈ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਇੱਕ ਚੰਗੇ ਸਮਾਜ ਦੀ ਉਸਾਰੀ ਲਈ ਔਰਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਪਰ ਪੁਰਾਣੇ ਸਮਾਜ ਦੀ ਰੂੜੀਵਾਦੀ ਸੋਚ ਸਦਕਾ ਇੱਕ ਲੜਕੀ ਦੇ ਜਨਮ ਨੂੰ ਬੁਰਾ ਮੰਨਿਆ ਜਾਂਦਾ ਸੀ। ਜਿਸ ਕਾਰਨ ਲੱਖਾਂ ਬੱਚੀਆਂ ਭਰੂਣ ਹੱਤਿਆ ਦੀ ਬਲੀ ਚੜ੍ਹ ਗਈਆਂ। ਉਹਨਾਂ ਅੱਗੇ ਕਿਹਾ ਕਿ ਹੁਣ ਚਾਰੇ ਪਾਸੇ ਵਿੱਦਿਆ ਦੇ ਫੈਲਣ ਨਾਲ ਸਮਾਜ ਵਿੱਚ ਨਵੀਂ ਚੇਤਨਾ ਆਈ ਹੈ, ਲੋਕ ਹੁਣ ਇਸ ਗੱਲ ਤੋਂ ਜਾਣੂ ਹੋ ਰਹੇ ਹਨ ਕਿ ਲੜਕਾ ਜਾਂ ਲੜਕੀ ਦੋਨੋ ਹੀ ਪਰਿਵਾਰ, ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਜਰੂਰੀ ਹਨ। ਇਸ ਤੋਂ ਇਲਾਵਾ ਵਿਸ਼ਵ ਪੱਧਰ ਤੇ ਸਰਕਾਰਾਂ ਬੱਚੀਆਂ ਦੇ ਹੱਕਾਂ ਲਈ ਕਈ ਉਪਰਾਲੇ ਕਰ ਰਹੀ ਹੈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।