ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਦੀ ਸਭਾ ਦੀ ਸ਼ੁਰੂਆਤ ਬਹੁਤ ਹੀ ਬੰਦੀ ਛੋੜ ਦਿਵਸ ਨਾਲ ਸੰਬੰਧਿਤ ਸ਼ਬਦ ਗਾਇਨ ਨਾਲ ਕੀਤੀ ਗਈ। ਵਿਦਿਆਰਥੀਆਂ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਸੁੰਦਰ ਚਾਰਟ ਅਤੇ ਜਾਣਕਾਰੀ ਨਾਲ ਭਰਪੂਰ ਆਰਟੀਕਲ ਪੇਸ਼ ਕੀਤੇ ਗਏ। ਦੂਸਰੀ, ਚੌਥੀ ਅਤੇ ਛੇਵੀਂ ਕਲਾਸ ਦੀਆਂ ਵਿਦਿਆਰਥਨਾ ਵੱਲੋਂ ਬਹੁਤ ਹੀ ਸੁੰਦਰ ਡਾਂਸ ਪੇਸ਼ ਕੀਤੇ ਗਏ। ਸੀਨੀਅਰ ਕਲਾਸ ਦੀਆਂ ਵਿਦਿਆਰਥਨਾ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਨਾਲ ਸਬੰਧਤ ਕਵਿਤਾਵਾਂ ਸੁਣਾਈਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਬਹੁਤ ਹੀ ਸੁੰਦਰ ਰੰਗੋਲੀਆਂ ਵੀ ਬਣਾਈਆਂ ਗਈਆਂ। ਵਿਦਿਆਰਥੀਆਂ ਵੱਲੋਂ ਵਿਸਥਾਰ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਬੰਦੀ ਛੋੜ ਦਿਵਸ (ਮੁਕਤੀ ਦਾ ਦਿਵਸ) ਅੱਸੂ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਪੰਜਾਬ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ।ਉਹਨਾਂ ਦੱਸਿਆ ਕਿ ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਪੰਜਾਬ ਵਿੱਚ ਬਗ਼ਾਵਤ ਨੂੰ ਸ਼ਹਿ ਦੇਣ ਦੇ ਦੋਸ਼ ਵਿੱਚ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ ਤਾਂ ਗੁਰੂ ਸਾਹਿਬ ਦੇ ਪਹੁੰਚਣ ਨਾਲ ਗਵਾਲੀਅਰ ਦੇ ਕਿਲ੍ਹੇ ‘ਚ ਦੋਵੇਂ ਵੇਲੇ ਕੀਰਤਨ ਅਤੇ ਸਤਿਸੰਗ ਹੋਣ ਲੱਗਾ। ਸਾਈ ਮੀਆਂ ਮੀਰ ਵੱਲੋਂ ਗੁਰੂ ਦੀ ਰਿਹਾਈ ਸਬੰਧੀ ਜਹਾਂਗੀਰ ਨਾਲ ਗੱਲਬਾਤ ਨੂੰ ਕਾਮਯਾਬੀ ਮਿਲੀ। ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਕਿਲ੍ਹੇ ਵਿੱਚੋਂ ਰਿਹਾਅ ਹੋਣਾ ਸਵੀਕਾਰ ਨਾ ਕੀਤਾ। ਗੁਰੂ ਸਾਹਿਬ ਦੀ ਰਹਿਮਤ ਸਦਕਾ ਕਿਲ੍ਹੇ ਵਿੱਚ ਨਜ਼ਰਬੰਦ 52 ਰਾਜਪੂਤ ਰਾਜਿਆਂ ਨੂੰ ਵੀ ਬੰਦੀਖਾਨੇ ਤੋਂ ਮੁਕਤੀ ਮਿਲੀ। ਇਸ ਦਿਨ ਤੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ‘ਬੰਦੀ-ਛੋੜ’ ਦਾਤਾ ਦੇ ਨਾਂਅ ਨਾਲ ਵੀ ਜਾਣਿਆ ਜਾਣ ਲੱਗਾ। ਰਿਹਾਈ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੇ, ਤਾਂ ਉਸ ਦਿਨ ਦੀਵਾਲੀ ਦਾ ਦਿਨ ਸੀ ਇਸ ਲਈ ਗੁਰੂ ਜੀ ਦੇ ਸੁਆਗਤ ਵਿੱਚ ਸੰਗਤਾਂ ਨੇ ਘਰਾਂ ਵਿੱਚ ਘਿਓ ਦੇ ਦੀਵੇ ਜਗਾਏ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਵਿਦਿਆਰਥੀਆਂ ਵੱਲੋਂ ਆਪਣੇ ਹੱਥੀ ਬਣਾਇਆ ਹੋਇਆ ਸਜਾਵਟੀ ਸਮਾਨ ਜਿਵੇਂ ਰੰਗ-ਬਰੰਗੇ ਦੀਵੇ, ਫੁੱਲਾਂ ਦੀਆਂ ਲੜੀਆਂ, ਝਾਲਰਾਂ, ਕਾਰਡ, ਮੋਮਬੱਤੀਆਂ ਅਤੇ ਹੋਰ ਸਜਾਵਟੀ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੀਵਾਲੀ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਭਾਰਤ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਅਖਵਾਉਂਦਾ ਹੈ। ਇਹਨਾਂ ਵਿੱਚੋਂ ਦੀਵਾਲੀ ਇੱਕ ਅਜਿਹਾ ਤਿਉਹਾਰ ਹੈ ਜਿਸ ਨੂੰ ਸਭ ਧਰਮਾਂ ਦੇ ਲੋਕ ਇੱਕਠੇ ਹੋ ਕੇ ਮਨਾਉਂਦੇ ਹਨ। ਦਿਵਾਲੀ ਦੇਸੀ ਮਹੀਨੇ ਕੱਤੇ (ਕਾਰਤਿਕ) ਦੀ ਮੱਸਿਆ ਤੇ ਮਨਾਈ ਜਾਂਦੀ ਹੈ। ਇਸ ਦਿਨ ਭਗਵਾਨ ਵਿਸ਼ਨੂ ਦੇ ਅਵਤਾਰ ਪ੍ਰਭੂ ਸ੍ਰੀ ਰਾਮ ਚੰਦਰ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਆਪਣੀ ਪਤਨੀ ਸੀਤਾ ਅਤੇ ਛੋਟੇ ਭਰਾ ਲਕਸ਼ਮਣ ਸਮੇਤ ਅਯੋਧਿਆ ਵਾਪਿਸ ਆਏ ਸਨ। ਇਸ ਸ਼ੁੱਭ ਮੌਕੇ ਤੇ ਸਾਰੇ ਅਯੋਧਿਆ ਵਾਸੀਆਂ ਨੇ ਆਪਣੀ ਖੁਸ਼ੀ ਪ੍ਰਗਟ ਕਰਨ, ਮੱਸਿਆ ਦੇ ਹਨੇਰੇ ਨੂੰ ਦੂਰ ਕਰਨ ਅਤੇ ਉਹਨਾਂ ਦੇ ਰਸਤੇ ਤੇ ਰੌਸ਼ਨੀ ਕਰਨ ਲਈ ਦੀਪਮਾਲਾ ਕੀਤੀ ਸੀ। ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਦੱਸਿਆ ਕਿ ਇਸ ਤਿਉਹਾਰ ਦਾ ਰੁੱਤ ਬਦਲੀ ਨਾਲ ਵੀ ਸੰਬੰਧ ਹੈ। ਇਸ ਦਿਨ ਤੋਂ ਬਾਅਦ ਗਰਮੀ ਦੀ ਰੁੱਤ ਖæਤਮ ਹੋ ਜਾਂਦੀ ਹੈ ਤੇ ਸਰਦੀ ਦੀ ਰੁੱਤ ਦੀ ਸ਼ੁਰੂਆਤ ਹੋ ਜਾਂਦੀ ਹੈ। ਉਹਨਾਂ ਨੇ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਇਸ ਤਿਉਹਾਰ ਨੂੰ ਮਨਾਉਂਦੇ ਹੋਏ ਸਾਨੂੰ ਵਾਤਾਵਰਨ ਦੇ ਪ੍ਰਤੀ ਆਪਣੀ ਜਿੰਮੇਵਾਰੀ ਦਾ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ। ਵੱਧ ਰਹੇ ਪ੍ਰਦੂਸ਼ਨ ਨੂੰ ਦੇਖਦੇ ਹੋਏ ਉਹਨਾਂ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਵਾਤਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ। ਵਿਦਿਆਰਥੀ ਵੱਲੋਂ ਵੀ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣ ਦੀ ਸੌਂਹ ਚੁੱਕੀ ਗਈ। ਸਕੂਲ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਸਟਾਫæ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਬੀ.ਬੀ.ਐੱਸ. ਗਰੁੱਪ ਇਹ ਕਾਮਨਾ ਕਰਦਾ ਹੈ ਕਿ ਇਹ ਦਿਵਾਲੀ ਦਾ ਤਿਉਹਾਰ ਹਰ ਕਿਸੇ ਲਈ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ। ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਗਰੀਨ ਅਤੇ ਖੁਸ਼ੀਆਂ ਭਰੀ ਦੀਵਾਲੀ ਦਾ ਸੰਦੇਸ਼ ਦਿੱਤਾ ਅਤੇ ਸਾਰੇ ਸਟਾਫ ਨੂੰ ਮਠਿਆਈ ਅਤੇ ਗਿਫਟ ਦਿੱਤੇ ਗਏ ਅਤੇ ਨਾਲ ਹੀ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।