ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਜੋ ਕਿ ਗੁਰੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ, ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਚੁੱਕਾ ਹੈ। ਅਕਸਰ ਹੀ ਇਸ ਸਕੁਲ਼ ਦੇ ਵਿਦਿਆਰਥੀ ਸਿੱਖਿਆ ਜਾਂ ਖੇਡਾਂ ਦੇ ਖੇਤਰ ਵਿੱਚ ਨਵੀਆਂ-ਨਵੀਆਂ ਮੱਲਾਂ ਮਾਰਦੇ ਰਹਿੰਦੇ ਹਨ। ਇਸੇ ਲੜੀ ਦੇ ਚਲਦਿਆਂ ਬਲੂਮਿੰਗ ਬਡਜ਼ ਸਕੂਲ ਦੀ ਅੰਡਰ-14 ਲੜਕਿਆਂ ਦੀ ਕ੍ਰਿਕੇਟ ਟੀਮ ਨੇ ਚੱਲ ਰਹੀਆਂ ਮੋਗਾ ਜ਼ੋਨ ਖੇਡਾਂ 2024-25 ਵਿੱਚ ਫਾਈਨਲ ਮੈਚ ਜਿੱਤ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਤੇ ਚੈਂਪਿਅਨ ਬਣੀ। ਇਸ ਗੱਲ ਦੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਮੋਗਾ ਜ਼ੋਨ ਖੇਡਾਂ ਦੇ ਕ੍ਰਿਕੇਟ ਦੇ ਮੁਕਾਬਲੇ ਬਲੂਮਿੰਗ ਬਡਜ਼ ਸਕੂਲ਼ ਦੀ ਗਰਾਉਂਡ ਵਿੱਚ ਹੀ ਕਰਵਾਏ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਵਿੱਚ ਬੀ.ਬੀ.ਐੱਸ. ਦੀ ਅੰਡਰ-14 ਲੜਕਿਆਂ ਦੀ ਟੀਮ ਨੇ ਸੈਕਰਡ ਹਾਰਟ ਸਕੂਲ, ਮੋਗਾ ਦੀ ਟੀਮ ਨੂੰ ਫਾਈਨਲ ਮੁਕਾਬਲੇ ਵਿੱਚ ਹਰਾ ਕੇ ਜਿੱਤ ਹਾਸਿਲ ਕੀਤੀ। ਸੈਕਰਡ ਹਾਰਟ ਸਕੂਲ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਲਿਆ। ਬਲੂਮਿੰਗ ਬਡਜ਼ ਦੀ ਟੀਮ ਨੇ ਨਿਰਧਾਰਿਤ 4 ਓਵਰਾਂ ਵਿੱਚ 46 ਦੌੜਾਂ ਦਾ ਟੀਚਾ ਸੈਕਰਡ ਹਾਰਟ ਦੀ ਟੀਮ ਅੱਗੇ ਰੱਖਿਆ, ਪਰ ਬਲੂਮਿੰਗ ਬਡਜ਼ ਸਕੂਲ ਦੀ ਟੀਮ ਦੇ ਸਾਂਝੇ ਉਪਰਾਲੇ ਸਦਕਾ ਉਹ 29 ਦੌੜਾਂ ਹੀ ਬਣਾ ਸਕੇ ਅਤੇ ਬਲੂਮਿੰਗ ਬਡਜ਼ ਸਕੂਲ਼ ਦੀ ਟੀਮ 16 ਦੌੜਾਂ ਨਾਲ ਇਹ ਫਾਈਨਲ ਮੁਕਾਬਲਾ ਜਿੱਤ ਕੇ ਮੋਗਾ ਜ਼ੋਨ ਖੇਡਾਂ ਵਿੱਚ ਚੈਂਪਿਅਨ ਰਹੀ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਸਾਰੀ ਕ੍ਰਿਕੇਟ ਟੀਮ ਅਤੇ ਸਕੂਲ ਦੇ ਸਪੋਰਟਸ ਇੰਚਾਰਜ ਪੰਜਾਬ ਮਸੀਹ ਅਤੇ ਕੋਚ ਕਾਮਤਾ ਪ੍ਰਸਾਦ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸਕੁਲ਼ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਗਲਬਾਤ ਕਰਦਿਆਂ ਕਿਹਾ ਕਿ ਜ਼ਰੂਰੀ ਨਹੀਂ ਕਿ ਵਿਦਿਆਰਥੀ ਸਿਰਫ ਪੜਾਈ ਦੇ ਖੇਤਰ ਵਿੱਚ ਹੀ ਅੱਗੇ ਵੱਧਦੇ ਹਨ, ਸਗੋਂ ਕਈ ਵਿਦਿਆਰਥੀ ਖੇਡਾਂ ਦੇ ਖੇਤਰ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਣਾ ਲੈਂਦੇ ਹਨ। ਇਸ ਲਈ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਵਿੱਚ ਲੱਗਭੱਗ ਹਰ ਪ੍ਰਕਾਰ ਦੀ ਖੇਡ ਲਈ ਮੈਦਾਨ, ਖੇਡਾਂ ਦਾ ਸਮਾਨ ਅਤੇ ਕੋਚਿੰਗ ਦਾ ਖਾਸ ਪ੍ਰਬੰਧ ਹੈ। ਜ਼ਿਕਰਯੋਗ ਹੈ ਕਿ ਬਲੂਮਿੰਗ ਬਡਜ਼ ਸਕੂਲ ਦੀ ਕ੍ਰਿਕੇਟ ਗਰਾਉਂਡ ਪੰਜਾਬ ਕ੍ਰਿਕੇਟ ਐਸੋਸਿਏਸ਼ਨ ਮੋਹਾਲੀ ਤੋਂ ਮਾਨਤਾ ਪ੍ਰਾਪਤ ਹੈ ਤੇ ਇੱਥੇ ਪੰਜਾਬ ਕ੍ਰਿਕੇਟ ਐਸੋਸਿਏਸ਼ਨ ਦਾ ਰੀਜ਼ਨਲ ਕ੍ਰਿਕੇਟ ਕੋਚਿੰਗ ਸੈਂਟਰ ਵੀ ਚਲਾਇਆ ਜਾ ਰਿਹਾ ਹੈ। ਸਕੂਲ ਮੈਨੇਜਮੈਂਟ ਦੇ ਇਹਨਾਂ ਯਤਨਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਸਦਕਾ ਹੀ ਬੀ.ਬੀ.ਐੱਸ. ਦੇ ਵਿਦਿਆਰਥੀ ਆਏ ਦਿਨ ਨਵੀਆਂ ਮੱਲਾਂ ਮਾਰਦੇ ਹਨ ਅਤੇ ਸਕੂਲ ਦੇ ਨਾਂ ਨੂੰ ਹੋਰ ਵੀ ਰੌਸ਼ਨ ਕਰਦੇ ਹਨ।